ਗਉੜੀ ਮਹਲਾ ੫ ॥
ਗੁਰ ਸੇਵਾ ਤੇ ਨਾਮੇ ਲਾਗਾ ॥
ਤਿਸ ਕਉ ਮਿਲਿਆ ਜਿਸੁ ਮਸਤਕਿ ਭਾਗਾ ॥
ਤਿਸ ਕੈ ਹਿਰਦੈ ਰਵਿਆ ਸੋਇ ॥
ਮਨੁ ਤਨੁ ਸੀਤਲੁ ਨਿਹਚਲੁ ਹੋਇ ॥੧॥

ਐਸਾ ਕੀਰਤਨੁ ਕਰਿ ਮਨ ਮੇਰੇ ॥
ਈਹਾ ਊਹਾ ਜੋ ਕਾਮਿ ਤੇਰੈ ॥੧॥ ਰਹਾਉ ॥

ਜਾਸੁ ਜਪਤ ਭਉ ਅਪਦਾ ਜਾਇ ॥
ਧਾਵਤ ਮਨੂਆ ਆਵੈ ਠਾਇ ॥
ਜਾਸੁ ਜਪਤ ਫਿਰਿ ਦੂਖੁ ਨ ਲਾਗੈ ॥
ਜਾਸੁ ਜਪਤ ਇਹ ਹਉਮੈ ਭਾਗੈ ॥੨॥

ਜਾਸੁ ਜਪਤ ਵਸਿ ਆਵਹਿ ਪੰਚਾ ॥
ਜਾਸੁ ਜਪਤ ਰਿਦੈ ਅੰਮ੍ਰਿਤੁ ਸੰਚਾ ॥
ਜਾਸੁ ਜਪਤ ਇਹ ਤ੍ਰਿਸਨਾ ਬੁਝੈ ॥
ਜਾਸੁ ਜਪਤ ਹਰਿ ਦਰਗਹ ਸਿਝੈ ॥੩॥

ਜਾਸੁ ਜਪਤ ਕੋਟਿ ਮਿਟਹਿ ਅਪਰਾਧ ॥
ਜਾਸੁ ਜਪਤ ਹਰਿ ਹੋਵਹਿ ਸਾਧ ॥
ਜਾਸੁ ਜਪਤ ਮਨੁ ਸੀਤਲੁ ਹੋਵੈ ॥
ਜਾਸੁ ਜਪਤ ਮਲੁ ਸਗਲੀ ਖੋਵੈ ॥੪॥

ਜਾਸੁ ਜਪਤ ਰਤਨੁ ਹਰਿ ਮਿਲੈ ॥
ਬਹੁਰਿ ਨ ਛੋਡੈ ਹਰਿ ਸੰਗਿ ਹਿਲੈ ॥
ਜਾਸੁ ਜਪਤ ਕਈ ਬੈਕੁੰਠ ਵਾਸੁ ॥
ਜਾਸੁ ਜਪਤ ਸੁਖ ਸਹਜਿ ਨਿਵਾਸੁ ॥੫॥

ਜਾਸੁ ਜਪਤ ਇਹ ਅਗਨਿ ਨ ਪੋਹਤ ॥
ਜਾਸੁ ਜਪਤ ਇਹੁ ਕਾਲੁ ਨ ਜੋਹਤ ॥
ਜਾਸੁ ਜਪਤ ਤੇਰਾ ਨਿਰਮਲ ਮਾਥਾ ॥
ਜਾਸੁ ਜਪਤ ਸਗਲਾ ਦੁਖੁ ਲਾਥਾ ॥੬॥

ਜਾਸੁ ਜਪਤ ਮੁਸਕਲੁ ਕਛੂ ਨ ਬਨੈ ॥
ਜਾਸੁ ਜਪਤ ਸੁਣਿ ਅਨਹਤ ਧੁਨੈ ॥
ਜਾਸੁ ਜਪਤ ਇਹ ਨਿਰਮਲ ਸੋਇ ॥
ਜਾਸੁ ਜਪਤ ਕਮਲੁ ਸੀਧਾ ਹੋਇ ॥੭॥

ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ ॥
ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ ॥
ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ ॥
ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥੮॥੨॥

Sahib Singh
ਤੇ = ਤੋਂ, ਨਾਲ ।
ਗੁਰ ਸੇਵਾ ਤੇ = ਗੁਰੂ ਦੀ ਸੇਵਾ ਨਾਲ, ਗੁਰੂ ਦੀ ਸਰਨ ਪਿਆਂ ।
ਨਾਮੇ = ਨਾਮ ਵਿਚ ।
ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ ।
ਹਿਰਦੈ = ਹਿਰਦੇ ਵਿਚ ।
ਸੋਇ = ਉਹ ਪਰਮਾਤਮਾ ।
ਨਿਹਚਲੁ = ਅਡੋਲ ।੧ ।
ਮਨ = ਹੇ ਮਨ !
ਈਹਾ = ਇਸ ਜ਼ਿੰਦਗੀ ਵਿਚ ।
ਊਹਾ = ਪਰਲੋਕ ਵਿਚ ।
ਤੇਰੈ ਕਾਮਿ = ਤੇਰੇ ਕੰਮ, ਤੇਰੇ ਵਾਸਤੇ ਲਾਭਦਾਇਕ ।੧।ਰਹਾਉ ।
ਜਾਸੁ ਜਪਤ = ਜਿਸ ਦਾ ਨਾਮ ਜਪਦਿਆਂ ।
ਅਪਦਾ = ਬਿਪਤਾ, ਮੁਸੀਬਤ ।
ਧਾਵਤ = ਵਿਕਾਰਾਂ ਵਲ ਦੌੜਦਾ ।
ਠਾਇ = ਥਾਂ ਸਿਰ, ਟਿਕਾਣੇ ।
ਨ ਲਾਗੈ = ਪੋਹ ਨਹੀਂ ਸਕਦਾ ।੨ ।
ਵਸਿ = ਕਾਬੂ ਵਿਚ ।
ਸੰਚਾ = ਇਕੱਠਾ ਕਰ ਲਈਦਾ ਹੈ ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਸਿਝੈ = ਕਾਮਯਾਬ ਹੋ ਜਾਂਦਾ ਹੈ ।੩ ।
ਕੋਟਿ = ਕ੍ਰੋੜਾਂ ।
ਸਾਧ = ਭਲੇ ਮਨੁੱਖ ।
ਸਗਲੀ = ਸਾਰੀ ।
ਖੋਵੈ = ਨਾਸ ਕਰ ਲੈਂਦਾ ਹੈ ।੪ ।
ਬਹੁਰਿ = ਮੁੜ, ਫਿਰ ਕਦੇ !
ਹਿਲ = ਗਿੱਝ ਜਾਂਦਾ ਹੈ ।
ਸਹਜਿ = ਆਤਮਕ ਅਡੋਲਤਾ ਵਿਚ ।੫ ।
ਕਾਲੁ = ਮੌਤ, ਆਤਮਕ ਮੌਤ, ਮੌਤ ਦਾ ਸਹਮ ।
ਜੋਹਤ = ਤੱਕ ਸਕਦਾ ।
ਨਿਰਮਲ = ਸਾਫ਼, ਰੌਸ਼ਨ ।੬ ।
ਸੁਣਿ = ਸੁਣੈ, ਸੁਣਦਾ ਹੈ ।
ਅਨਹਤ = {ਅਨਹਤ—ਬਿਨਾ ਵਜਾਏ ਵੱਜਣ ਵਾਲੀ} ਇਕ-ਰਸ, ਲਗਾਤਾਰ ।ਧੁਨੈ—ਧੁਨਿ, ਆਵਾਜ਼, ਆਤਮਕ ਆਨੰਦ ਦੀ ਰੌ ।
ਸੋਇ = ਸੋਭਾ ।
ਕਮਲੁ = ਹਿਰਦਾ = ਕੌਲ-ਫੁੱਲ ।
ਸੀਧਾ = ਸਿੱਧਾ ।੭ ।
ਗੁਰਿ = ਗੁਰੂ ਨੇ ।
ਦਿ੍ਰਸਟਿ = ਨਜ਼ਰ ।
ਸਭ ਊਪਰਿ = ਸਭ ਤੋਂ ਵਧੀਆ ।
ਮੰਤ੍ਰü ਦੇ ਹਰੀ = ਹਰੀ ਦਾ ਨਾਮ-ਮੰਤ੍ਰ ਦੇਂਦਾ ਹੈ ।
ਤਿਨਿ = ਉਸ ਮਨੁੱਖ ਨੇ ।
ਚੂਰਾ = ਚੂਰੀ, ਚੂਰਮਾ ।੮ ।
    
Sahib Singh
ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਇਹੋ ਜਿਹੀ ਸਿਫ਼ਤਿ-ਸਾਲਾਹ ਕਰਦਾ ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ ਵਿਚ ਭੀ ਕੰਮ ਆਵੇ, ਤੇ ਪਰਲੋਕ ਵਿਚ ਭੀ ਤੇਰੇ ਕੰਮ ਆਵੇ ।੧।ਰਹਾਉ ।
(ਪਰ, ਹੇ ਮੇਰੇ ਮਨ!) ਉਹ ਮਨੁੱਖ ਹੀ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ (ਗੁਰੂ ਦੀ ਸਰਨ ਪਿਆਂ ਮਨੁੱਖ ਹਰਿ-ਨਾਮ ਵਿਚ ਲੱਗਦਾ ਹੈ, ਤੇ ਗੁਰੂ) ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ ਭਾਗ ਜਾਗ ਪੈਣ ।
(ਫਿਰ) ਉਸ ਮਨੁੱਖ ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ, ਤੇ, ਉਸ ਦਾ ਮਨ ਤੇ ਸਰੀਰ (ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ, ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ ।੧ ।
(ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਹਰੇਕ ਬਿਪਤਾ ਟਲ ਜਾਂਦੀ ਹੈ, ਵਿਕਾਰਾਂ ਵਲ ਦੌੜਦਾ ਮਨ ਟਿਕਾਣੇ ਆ ਜਾਂਦਾ ਹੈ, ਜਿਸ ਦਾ ਨਾਮ ਜਪਿਆਂ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ, ਤੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ।੨ ।
ਜਿਸ ਦਾ ਨਾਮ ਜਪਿਆਂ (ਕਾਮਾਦਿਕ) ਪੰਜੇ ਵਿਕਾਰ ਕਾਬੂ ਆ ਜਾਂਦੇ ਹਨ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਿਰਦੇ ਵਿਚ ਇਕੱਠਾ ਕਰ ਸਕੀਦਾ ਹੈ, ਮਾਇਆ ਦੀ ਤ੍ਰੇਹ ਬੁੱਝ ਜਾਂਦੀ ਹੈ ਤੇ ਪਰਮਾਤਮਾ ਦੀ ਦਰਗਾਹ ਵਿਚ ਭੀ ਕਾਮਯਾਬ ਹੋ ਜਾਈਦਾ ਹੈ ।੩ ।
(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਪਿਛਲੇ ਕੀਤੇ ਹੋਏ) ਕ੍ਰੋੜਾਂ ਪਾਪ ਮਿਟ ਜਾਂਦੇ ਹਨ, ਤੇ (ਅਗਾਂਹ ਵਾਸਤੇ) ਭਲੇ ਮਨੁੱਖ ਬਣ ਜਾਈਦਾ ਹੈ, ਜਿਸ ਦਾ ਨਾਮ ਜਪਿਆਂ ਮਨ (ਵਿਕਾਰਾਂ ਦੀ ਤਪਸ਼ ਵਲੋਂ) ਠੰਢਾ-ਠਾਰ ਹੋ ਜਾਂਦਾ ਹੈ ਤੇ ਆਪਣੇ ਅੰਦਰ ਦੀ (ਵਿਕਾਰਾਂ ਦੀ) ਸਾਰੀ ਮੈਲ ਦੂਰ ਕਰ ਲੈਂਦਾ ਹੈ ।੪ ।
ਜਿਸ ਦਾ ਜਾਪ ਕੀਤਿਆਂ ਮਨੁੱਖ ਨੂੰ ਹਰਿ-ਨਾਮ-ਰਤਨ ਪ੍ਰਾਪਤ ਹੋ ਜਾਂਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨੁੱਖ ਪਰਮਾਤਮਾ ਨਾਲ ਇਤਨਾ ਰਚ-ਮਿਚ ਜਾਂਦਾ ਹੈ ਕਿ (ਪ੍ਰਾਪਤ ਕੀਤੇ ਹੋਏ ਉਸ ਨਾਮ-ਰਤਨ ਨੂੰ) ਮੁੜ ਨਹੀਂ ਛੱਡਦਾ, ਜਿਸ ਦਾ ਨਾਮ ਜਪਿਆਂ ਆਤਮਕ ਆਨੰਦ ਮਿਲਦਾ ਹੈ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ ਤੇ, ਤੇ ਮਾਨੋ, ਅਨੇਕਾਂ ਬੈਕੁੰਠਾਂ ਦਾ ਨਿਵਾਸ ਹਾਸਲ ਹੋ ਜਾਂਦਾ ਹੈ ।੫ ।
(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਤ੍ਰਿਸ਼ਨਾਂ ਦੀ ਅੱਗ ਪੋਹ ਨਹੀਂ ਸਕੇਗੀ, ਮੌਤ ਦਾ ਸਹਮ ਨੇੜੇ ਨਹੀਂ ਢੁੱਕੇਗਾ (ਆਤਮਕ ਮੌਤ ਆਪਣਾ ਜ਼ੋਰ ਨਹੀਂ ਪਾਇਗੀ), ਹਰ ਥਾਂ ਤੂੰ ਉੱਜਲ-ਮੁਖ ਰਹੇਂਗਾ, ਤੇ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਇਗਾ ।੬ ।
(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਮਨੁੱਖ ਦੇ ਜੀਵਨ-ਸਫ਼ਰ ਵਿਚ) ਕੋਈ ਅੌਖਿਆਈ ਨਹੀਂ ਬਣਦੀ, ਤੇ, ਮਨੁੱਖ ਇਕ-ਰਸ ਆਤਮਕ ਆਨੰਦ ਦੇ ਗੀਤ ਦੀ ਧੁਨਿ ਸੁਣਦਾ ਰਹਿੰਦਾ ਹੈ (ਮਨੁੱਖ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੀ ਰੌ ਚਲੀ ਰਹਿੰਦੀ ਹੈ), ਜਿਸ ਦਾ ਨਾਮ ਜਪਿਆਂ ਮਨੁੱਖ ਦਾ ਹਿਰਦਾ-ਕਮਲ (ਵਿਕਾਰਾਂ ਵਲੋਂ ਉਲਟ ਕੇ, ਪਰਮਾਤਮਾ ਦੀ ਯਾਦ ਵਲ) ਸਿੱਧਾ ਪਰਤ ਪੈਂਦਾ ਹੈ, ਤੇ ਮਨੁੱਖ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਖੱਟਦਾ ਹੈ ।੭।ਹੇ ਨਾਨਕ! ਆਖ—(ਹੇ ਭਾਈ! ਗੁਰੂ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਵਸਾਂਦਾ ਹੈ ਉਸ ਮਨੁੱਖ ਉਤੇ ਗੁਰੂ ਨੇ (ਮਾਨੋ) ਸਭ ਤੋਂ ਵਧੀਆ ਕਿਸਮ ਦੀ ਮਿਹਰ ਦੀ ਨਜ਼ਰ ਕਰ ਦਿੱਤੀ ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ ਪਰਮਾਤਮਾ ਦੀ ਇਕ-ਰਸ ਸਿਫ਼ਤਿ-ਸਾਲਾਹ ਨੂੰ ਆਪਣੇ ਆਤਮਾ ਵਾਸਤੇ ਸੁਆਦਲਾ ਭੋਜਨ ਬਣਾ ਲਿਆ ।੮।੨ ।
Follow us on Twitter Facebook Tumblr Reddit Instagram Youtube