ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

Sahib Singh
    ੴ ਉੱਚਾਰਨ ਵੇਲੇ ਇਸ ਦੇ ਤਿੰਨ ਹਿੱਸੇ ਕੀਤੇ ਜਾਂਦੇ ਹਨ-੧, ਓ ਅਤੇ > ; ਇਸ ਦਾ ਪਾਠ ਹੈ ‘ਇਕ ਓਅੰਕਾਰ’ ।
    ਤਿੰਨ ਹਿੱਸੇ ਵੱਖੋ ਵੱਖਰੇ ਉੱਚਾਰਿਆਂ ਇਉਂ ਬਣਦੇ ਹਨ:- ੧-ਇੱਕ ।
ਓ = ਓਅੰ ।
> = ਕਾਰ ।
    ‘ਓ’ ਸੰਸਕ੍ਰਿਤ ਦਾ ਸ਼ਬਦ ਹੈ ।
    ਅਮਰ ਕੋਸ਼ ਅਨੁਸਾਰ ਇਸ ਦੇ ਤਿੰਨ ਅਰਥ ਹਨ:-
(੧) ਵੇਦ ਆਦਿ ਧਰਮ = ਪੁਸਤਕਾਂ ਦੇ ਅਰੰਭ ਅਤੇ ਅਖ਼ੀਰ ਵਿਚ, ਅਰਦਾਸ ਜਾਂ ਕਿਸੇ ਪਵਿੱਤਰ ਧਰਮ-ਕਾਰਜ ਦੇ ਅਰੰਭ ਵਿਚ ਅੱਖਰ 'ਓਂ' ਪਵਿੱਤਰ ਅੱਖਰ ਜਾਣ ਕੇ ਵਰਤਿਆ ਜਾਂਦਾ ਹੈ ।
    (੨) ਕਿਸੇ ਹੁਕਮ ਜਾਂ ਪ੍ਰਸ਼ਨ ਆਦਿਕ ਦੇ ਉੱਤਰ ਵਿਚ ਆਦਰ ਅਤੇ ਸਤਿਕਾਰ ਨਾਲ ‘ਜੀ ਹਾਂ’ ਆਖਣਾ ।
    ਸੋ, ‘ਓਂ’ ਦਾ ਅਰਥ ਹੈ 'ਜੀ ਹਾਂ' ।
(੩) ਓਂ = ਬ੍ਰਹਮ ।
    ਇਹਨਾਂ ਵਿਚੋਂ ਕਿਹੜਾ ਅਰਥ ਇਸ ਸ਼ਬਦ ਦਾ ਇੱਥੇ ਲਿਆ ਜਾਣਾ ਹੈ-ਇਸ ਨੂੰ ਦ੍ਰਿੜ੍ਹ ਕਰਨ ਲਈ ਸ਼ਬਦ 'ਓਂ' ਦੇ ਪਹਿਲਾਂ '੧' ਲਿਖ ਦਿੱਤਾ ਹੈ ।
    ਇਸ ਦਾ ਭਾਵ ਇਹ ਹੈ ਕਿ ਇੱਥੇ 'ਓਂ' ਦਾ ਅਰਥ ਹੈ 'ਉਹ ਹਸਤੀ ਜੋ ਇਕ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ ਅਤੇ ਜਿਸ ਵਿਚ ਇਹ ਸਾਰਾ ਜਗਤ ਸਮਾ ਜਾਂਦਾ ਹੈ।' ਤੀਜਾ ਹਿੱਸਾ > ਹੈ, ਜਿਸ ਦਾ ਉੱਚਾਰਨ ਹੈ 'ਕਾਰ' ।
    'ਕਾਰ' ਸੰਸਕ੍ਰਿਤ ਦਾ ਇਕ ਪਿਛੇਤਰ ਹੈ ।
    ਆਮ ਤੌਰ ਤੇ ਇਹ ਪਿਛੇਤਰ 'ਨਾਂਵ' ਦੇ ਅਖ਼ੀਰ ਵਿਚ ਵਰਤਿਆ ਜਾਂਦਾ ਹੈ ।
ਇਸ ਦਾ ਅਰਥ ਹੈ 'ਇਕ = ਰਸ, ਜਿਸ ਵਿਚ ਤਬਦੀਲੀ ਨਾ ਆਵੇ।' ਇਸ 'ਪਿਛੇਤਰ' ਦੇ ਲਾਣ ਨਾਲ 'ਨਾਂਵ' ਦੇ ਲਿੰਗ ਵਿਚ ਕੋਈ ਫ਼ਰਕ ਨਹੀਂ ਪੈਂਦਾ; ਭਾਵ, ਜੇ 'ਨਾਂਵ' ਪਹਿਲਾਂ ਪੁਲਿੰਗ ਹੈ, ਤਾਂ ਇਸ 'ਪਿਛੇਤਰ' ਦੇ ਲਗਾਇਆਂ ਭੀ ਪੁਲਿੰਗ ਹੀ ਰਹਿੰਦਾ ਹੈ, ਜੇ ਪਹਿਲਾਂ ਇਸਤ੍ਰੀ ਲਿੰਗ ਹੋਵੇ ਤਾਂ ਇਸ ਪਿਛੇਤਰ ਦੇ ਸਮੇਤ ਭੀ ਇਸਤ੍ਰੀ ਲਿੰਗ ਹੀ ਰਹਿੰਦਾ ਹੈ; ਜਿਵੇਂ, ਪੁਲਿੰਗ:- ਨੰਨਾਕਾਰੁ ਨ ਕੋਇ ਕਰੇਈ ।
    ਰਾਖੈ ਆਪਿ ਵਡਿਆਈ ਦੇਈ ।੨।੨ ।
    (ਗਉੜੀ ਮ: ੧ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ।
    ਜੈ ਜੈਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ।੯।੨।੫ ।
    (ਸੂਹੀ ਮ: ੧ ਸਹਜੇ ਰੁਣਝੁਣਕਾਰੁ ਸੁਹਾਇਆ ।
    ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ।੭।੩ ।
    (ਗਉੜੀ ਮ: ੫ ਇਸਤ੍ਰੀ ਲਿੰਗ:- ਦਇਆ ਧਾਰੀ ਤਿਨਿ ਧਾਰਣਹਾਰ ।
    ਬੰਧਨ ਤੇ ਹੋਈ ਛੁਟਕਾਰ ।੭।੪ ।
    (ਰਾਮਕਲੀ ਮ: ੫ ਮੇਘ ਸਮੈ ਮੋਰ ਨਿਰਤਿਕਾਰ ।
    ਚੰਦੁ ਦੇਖਿ ਬਿਗਸਹਿ ਕਉਲਾਰ ।੪।੨ ।
    (ਬਸੰਤ ਮ: ੫ ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ।
    ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ।੧।੬ ।
    (ਸਵਈਏ ਮਹਲੇ ਚਉਥੇ ਕੇ ਇਸ ਪਿਛੇਤਰ ਦੇ ਲੱਗਣ ਨਾਲ ਇਹਨਾਂ ਸ਼ਬਦਾਂ ਦੇ ਅਰਥ ਇਉਂ ਕਰਨੇ ਹਨ:- ਨੰਨਾਕਾਰੁ— ਇਕ-ਰਸ ਇਨਕਾਰ, ਸਦਾ ਲਈ ਇਨਕਾਰ ।
ਜੈਕਾਰੁ = ਲਗਾਤਾਰ 'ਜੈ ਜੈ' ਦੀ ਗੂੰਜ ।
ਨਿਰਤਿਕਾਰ = ਇਕ ਰਸ ਨਾਚ ।
ਝਨਤਕਾਰ = ਇਕ = ਰਸ ਸੋਹਣੀ ਆਵਾਜ਼ ।
    ਪਿਛੇਤਰ 'ਕਾਰ' ਦੇ ਲਾਣ ਤੋਂ ਬਿਨਾ ਅਤੇ ਲਗਾਣ ਨਾਲ, ਦੋਹਾਂ ਤ੍ਰਹਾਂ ਦੇ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ ਹਠ ਲਿਖੇ ਪ੍ਰਮਾਣ ਤੋਂ ਸਪੱਸ਼ਟ ਹੋ ਜਾਂਦਾ ਹੈ:- "ਘਰ ਮਹਿ ਘਰੁ ਦਿਖਾਇ ਦੇਇ, ਸੋ ਸਤਿਗੁਰੁ ਪੁਰਖੁ ਸੁਜਾਣੁ ।
    ਪੰਚ ਸਬਦਿ ਧੁਨਿਕਾਰ ਧੁਨਿ, ਤਹ ਬਾਜੈ ਸਬਦੁ ਨੀਸਾਣੁ ।੧।੨੭ ।
ਧੁਨਿ = ਆਵਾਜ਼ ।
ਧੁਨਿਕਾਰ = ਲਗਾਤਾਰ ਨਾਦ, ਅਤੁੱਟ ਆਵਾਜ਼ ।
    ਇਸੇ ਤ੍ਰਹਾਂ: ਮਨੁ ਭੂਲੋ ਸਿਰਿ ਆਵੈ ਭਾਰੁ ।
    ਮਨੁ ਮਾਨੈ ਹਰਿ ਏਕੰਕਾਰ ।੨।੨ ।
(ਗਉੜੀ ਮ: ੧ ਏਕੰਕਾਰੁ = ਏਕ ਓਅੰਕਾਰ, ਉਹ ਇਕ ਓਅੰ ਜੋ ਇਕ-ਰਸ ਹੈ, ਜੋ ਹਰ ਥਾਂ ਵਿਆਪਕ ਹੈ ।
    ਸੋ, "ੴ" ਦਾ ਉੱਚਾਰਨ ਹੈ " ਇਕ (ਏਕ) ਓਅੰਕਾਰ" ਅਤੇ ਇਸਦਾ ਅਰਥ ਹੈ "ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ"।ਸਤਿਨਾਮੁ— ਜਿਸ ਦਾ ਨਾਮ 'ਸਤਿ' ਹੈ ।
    ਲਫ਼ਜ਼ 'ਸਤਿ' ਦਾ ਸੰਸਕ੍ਰਿਤ ਸਰੂਪ 'ਸਤਯ' ਹੈ, ਇਸ ਦਾ ਅਰਥ ਹੈ 'ਹੋਂਦ ਵਾਲਾ' ।
    ਇਸ ਦਾ ਧਾਤੂ 'ਅਸ' ਹੈ, ਜਿਸ ਦਾ ਅਰਥ ਹੈ 'ਹੋਣਾ' ।
    ਸੋ 'ਸਤਿਨਾਮ' ਦਾ ਅਰਥ ਹੈ "ਉਹ ਇਕ ਓਅੰਕਾਰ, ਜਿਸ ਦਾ ਨਾਮ ਹੈ ਹੋਂਦ ਵਾਲਾ" ।
ਪੁਰਖੁ = ਸੰਸਕ੍ਰਿਤ ਵਿਚ ਵਿਉਤਪੱਤੀ ਅਨੁਸਾਰ ਇਸ ਲਫ਼ਜ ਦਾ ਅਰਥ ਇਉਂ ਕੀਤਾ ਗਿਆ ਹੈ, 'ਪੂਰਿ ਸ਼ੇਤੇ ਇਤਿ ਪੁਰੁਸ਼ਹ', ਭਾਵ, ਜੋ ਸਰੀਰ ਵਿਚ ਲੇਟਿਆ ਹੋਇਆ ਹੈ' ।
    ਸੰਸਕ੍ਰਿਤ ਵਿਚ ਆਮ ਪ੍ਰਚਲਤ ਅਰਥ ਹੈ 'ਮਨੁੱਖ' ।
    ਭਗਵਤ ਗੀਤਾ ਵਿਚ 'ਪੁਰਖੁ' 'ਆਤਮਾ' ਦੇ ਅਰਥਾਂ ਵਿਚ ਵਰਤਿਆ ਗਿਆ ਹੈ ।
    ‘ਰਘੂਵੰਸ਼’ ਵਿਚ ਇਹ ਸ਼ਬਦ ‘ਬ੍ਰਹਮਾਂਡ ਵਾ ਆਤਮਾ’ ਦੇ ਅਰਥਾਂ ਵਿਚ ਆਇਆ ਹੈ, ਇਸੇ ਤ੍ਰਹਾਂ ਪੁਸਤਕ "ਸ਼ਿਸ਼ੂਪਾਲ ਵਧ" ਵਿਚ ਭੀ ।
    ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਪੁਰਖੁ’ ਦਾ ਅਰਥ ਹੈ ‘ਓਹੁ ਓਅੰਕਾਰ ਜੋ ਸਾਰੇ ਜਗਤ ਵਿਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸਿ੍ਰਸ਼ਟੀ ਵਿਚ ਰਮ ਰਿਹਾ ਹੈ’ ।
    'ਮਨੁੱਖ' ਅਤੇ 'ਆਤਮਾ' ਅਰਥ ਵਿਚ ਭੀ ਇਹ ਸ਼ਬਦ ਕਈ ਥਾਈਂ ਆਇਆ ਹੈ ।
ਅਕਾਲ ਮੂਰਤਿ = ਸ਼ਬਦ 'ਮੂਰਤਿ' ਇਸਤ੍ਰੀ ਲਿੰਗ ਹੈ, 'ਅਕਾਲ' ਇਸ ਦਾ ਵਿਸ਼ੇਸ਼ਣ ਹੈ, ਇਹ ਭੀ ਇਸਤ੍ਰੀ ਲਿੰਗ ਰੂਪ ਵਿਚ ਲਿਖਿਆ ਗਿਆ ਹੈ ।
    ਜੇ ਸ਼ਬਦ 'ਅਕਾਲ' ਇਕੱਲਾ ਹੀ 'ਪੁਰਖੁ', 'ਨਿਰਭਉ', ਨਿਰਵੈਰੁ' ਵਾਂਗ ੴ ਦਾ ਗੁਣ-ਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿਚ ਹੁੰਦਾ; ਤਾਂ ਇਸ ਦੇ ਅੰਤ ਵਿਚ ( ੁ ) ਹੁੰਦਾ ।ਨੋਟ:- ਸ਼ਬਦ 'ਮੂਰਤਿ' ਤੇ 'ਮੂਰਤੁ' ਦਾ ਭੇਦ ਜਾਨਣਾ ਜ਼ਰੂਰੀ ਹੈ ।
    'ਮੂਰਤਿ' ਸਦਾ ( ਿ) ਨਾਲ ਲਿਖੀਦਾ ਹੈ ਅਤੇ ਇਸਤ੍ਰੀ ਲਿੰਗ ਹੈ ।
    ਇਸ ਦਾ ਅਰਥ ਹੈ 'ਸਰੂਪ' ।
    ਸੰਸਕ੍ਰਿਤ ਦਾ ਸ਼ਬਦ ਹੈ ।
    ਲਫ਼ਜ਼ 'ਮੂਰਤੁ' ਸੰਸਕ੍ਰਿਤ ਦਾ ਲਫ਼ਜ਼ 'ਮੁਹੂਰਤ' ਹੈ ।
    ਚਸਾ, ਮੁਹੂਰਤ ਆਦਿਕ ਸ਼ਬਦ ਸਮੇਂ ਦੀ ਵੰਡ ਵਿਚ ਵਰਤੀਂਦੇ ਹਨ ।
    ਇਹ ਸ਼ਬਦ ਪੁਲਿੰਗ ਹਨ ।
ਅਜੂਨੀ = ਜੂਨਾਂ ਤੋਂ ਰਹਿਤ, ਜੋ ਜਨਮ ਵਿਚ ਨਹੀਂ ਆਉਂਦਾ ।
ਸੈਭੰ = ਸ੍ਵਯੰਭੂ (ਸ੍ਵ = ਸ੍ਵਯੰ ।
ਭੰ = ਭੂ) ਆਪਣੇ ਆਪ ਤੋਂ ਹੋਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ।
ਗੁਰ ਪ੍ਰਸਾਦਿ = ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ, ਭਾਵ, ਉਪਰੋਕਤ 'ੴ' ਗੁਰੂ ਦੀ ਕਿਰਪਾ ਨਾਲ (ਮਿਲਦਾ ਹੈ) ।
    
Sahib Singh
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸਿ੍ਰਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ਨੋਟ: ਇਹ ਉਪਰੋਕਤ ਗੁਰਸਿੱਖੀ ਦਾ ਮੂਲ-ਮੰਤਰ ਹੈ ।
ਇਸ ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ 'ਜਪੁ' ।
ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮੂਲ-ਮੰਤਰ ਵੱਖਰੀ ਚੀਜ਼ ਹੈ ਤੇ ਬਾਣੀ 'ਜਪੁ' ਵੱਖਰੀ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਇਹ ਮੂਲ-ਮੰਤਰ ਲਿਖਿਆ ਹੈ, ਜਿਵੇਂ ਹਰੇਕ ਰਾਗ ਦੇ ਸ਼ੁਰੂ ਵਿਚ ਭੀ ਲਿਖਿਆ ਮਿਲਦਾ ਹੈ ।
ਬਾਣੀ 'ਜਪੁ' ਲਫ਼ਜ਼ 'ਆਦਿ ਸਚੁ' ਤੋਂ ਸ਼ੁਰੂ ਹੁੰਦੀ ਹੈ ।
ਆਸਾ ਦੀ ਵਾਰ ਦੇ ਸ਼ੁਰੂ ਵਿਚ ਭੀ ਇਹੀ ਮੂਲ-ਮੰਤਰ ਹੈ, ਪਰ 'ਵਾਰ' ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ, ਤਿਵੇਂ ਹੀ ਇੱਥੇ ਹੈ ।
'ਜਪੁ' ਦੇ ਅਰੰਭਵਿਚ ਮੰਗਲਾਚਰਨ ਦੇ ਤੌਰ ਤੇ ਇਕ ਸਲੋਕ ਉਚਾਰਿਆ ਗਿਆ ਹੈ ।
ਫਿਰ ‘ਜਪੁ’ ਸਾਹਿਬ ਦੀਆਂ ੩੮ ਪਉੜੀਆਂ ਹਨ ।
॥ ਜਪੁ ॥ ਇਸ ਸਾਰੀ ਬਾਣੀ ਦਾ ਨਾਮ 'ਜਪੁ' ਹੈ ।
Follow us on Twitter Facebook Tumblr Reddit Instagram Youtube