ਗਉੜੀ ਮਹਲਾ ੩ ॥
ਗੁਰਮੁਖਿ ਸੇਵਾ ਪ੍ਰਾਨ ਅਧਾਰਾ ॥
ਹਰਿ ਜੀਉ ਰਾਖਹੁ ਹਿਰਦੈ ਉਰ ਧਾਰਾ ॥
ਗੁਰਮੁਖਿ ਸੋਭਾ ਸਾਚ ਦੁਆਰਾ ॥੧॥

ਪੰਡਿਤ ਹਰਿ ਪੜੁ ਤਜਹੁ ਵਿਕਾਰਾ ॥
ਗੁਰਮੁਖਿ ਭਉਜਲੁ ਉਤਰਹੁ ਪਾਰਾ ॥੧॥ ਰਹਾਉ ॥

ਗੁਰਮੁਖਿ ਵਿਚਹੁ ਹਉਮੈ ਜਾਇ ॥
ਗੁਰਮੁਖਿ ਮੈਲੁ ਨ ਲਾਗੈ ਆਇ ॥
ਗੁਰਮੁਖਿ ਨਾਮੁ ਵਸੈ ਮਨਿ ਆਇ ॥੨॥

ਗੁਰਮੁਖਿ ਕਰਮ ਧਰਮ ਸਚਿ ਹੋਈ ॥
ਗੁਰਮੁਖਿ ਅਹੰਕਾਰੁ ਜਲਾਏ ਦੋਈ ॥
ਗੁਰਮੁਖਿ ਨਾਮਿ ਰਤੇ ਸੁਖੁ ਹੋਈ ॥੩॥

ਆਪਣਾ ਮਨੁ ਪਰਬੋਧਹੁ ਬੂਝਹੁ ਸੋਈ ॥
ਲੋਕ ਸਮਝਾਵਹੁ ਸੁਣੇ ਨ ਕੋਈ ॥
ਗੁਰਮੁਖਿ ਸਮਝਹੁ ਸਦਾ ਸੁਖੁ ਹੋਈ ॥੪॥

ਮਨਮੁਖਿ ਡੰਫੁ ਬਹੁਤੁ ਚਤੁਰਾਈ ॥
ਜੋ ਕਿਛੁ ਕਮਾਵੈ ਸੁ ਥਾਇ ਨ ਪਾਈ ॥
ਆਵੈ ਜਾਵੈ ਠਉਰ ਨ ਕਾਈ ॥੫॥

ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ ॥
ਬਗ ਜਿਉ ਲਾਇ ਬਹੈ ਨਿਤ ਧਿਆਨਾ ॥
ਜਮਿ ਪਕੜਿਆ ਤਬ ਹੀ ਪਛੁਤਾਨਾ ॥੬॥

ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥
ਗੁਰ ਪਰਸਾਦੀ ਮਿਲੈ ਹਰਿ ਸੋਈ ॥
ਗੁਰੁ ਦਾਤਾ ਜੁਗ ਚਾਰੇ ਹੋਈ ॥੭॥

ਗੁਰਮੁਖਿ ਜਾਤਿ ਪਤਿ ਨਾਮੇ ਵਡਿਆਈ ॥
ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ ॥
ਨਾਨਕ ਬਿਨੁ ਨਾਵੈ ਝੂਠੀ ਚਤੁਰਾਈ ॥੮॥੨॥

Sahib Singh
ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ ।
ਹਿਰਦੈ = ਹਿਰਦੇ ਵਿਚ ।
ਉਰ = ਹਿਰਦਾ ।
ਸਾਚ ਦੁਆਰਾ = ਸਦਾ = ਥਿਰ ਰਹਿਣ ਵਾਲੇ ਹਰੀ ਦੇ ਦਰ ਤੇ ।੧ ।
ਪੰਡਿਤ = ਹੇ ਪੰਡਿਤ !
ਪੜੁ = ਪੜ੍ਹ ।
ਭਉਜਲੁ = ਸੰਸਾਰ = ਸਮੁੰਦਰ ।੧।ਰਹਾਉ ।
ਵਿਚਹੁ = ਮਨ ਵਿਚੋਂ ।
ਮਨਿ = ਮਨ ਵਿਚ ।੨ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਦੋਈ = ਦ੍ਵੈਤ, ਮੇਰ = ਤੇਰ ।
ਨਾਮਿ = ਨਾਮ ਵਿਚ ।੩ ।
ਪਰਬੋਧਹੁ = ਜਗਾਓ ।
ਸੋਈ = ਉਸ ਪਰਮਾਤਮਾ ਨੂੰ ।੪ ।
ਮਨਮੁਖਿ = ਆਪਣੇ ਮਨ ਵਲ ਮੂੰਹ ਰੱਖਣ ਵਾਲਾ ਮਨੁੱਖ ।
ਡੰਫੁ = ਵਿਖਾਵਾ ।
ਥਾਇ = ਥਾਂ ਵਿਚ ।
ਥਾਇ ਨ ਪਾਈ = ਪਰਵਾਨ ਨਹੀਂ ਹੁੰਦਾ ।
ਠਉਰ = ਟਿਕਾਣਾ, ਟਿਕਣ ਵਾਲੀ ਥਾਂ ।੫ ।
ਬਗ = ਬਗਲਾ ।
ਜਮਿ = ਜਮ ਨੇ ।੬ ।
ਮੁਕਤਿ = (ਡੰਫ ਵਲੋਂ) ਖ਼ਲਾਸੀ ।
ਪਰਸਾਦੀ = ਪਰਸਾਦਿ, ਕਿਰਪਾ ਨਾਲ ।
ਦਾਤਾ = ਹਰਿ = ਨਾਮ ਦੀ ਦਾਤਿ ਦੇਣ ਵਾਲਾ ।
ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ ।੭ ।
ਜਾਤਿ ਪਾਤਿ = ਜਾਤ ਪਾਤ, ਜਾਤ ਅਤੇ ਕੁਲ ।
ਨਾਮੇ = ਨਾਮ ਵਿਚ ਹੀ ।
ਸਾਇਰ = ਸਮੁੰਦਰ ।
ਸਾਇਰ ਕੀ ਪੁਤ੍ਰੀ = ਸਮੁੰਦਰ ਦੀ ਧੀ, ਸਮੁੰਦਰ ਤੋਂ ਪੈਦਾ ਹੋਈ ਹੋਈ (ਜਦੋਂ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ), ਮਾਇਆ ।
ਬਿਦਾਰਿ = ਚੀਰ ਪਾੜ ਕੇ ।੮ ।
    
Sahib Singh
ਹੇ ਪੰਡਿਤ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਪੜ੍ਹ (ਅਤੇ ਇਸ ਦੀ ਬਰਕਤਿ ਨਾਲ ਆਪਣੇ ਅੰਦਰੋਂ) ਵਿਕਾਰ ਛੱਡ ।
(ਹੇ ਪੰਡਿਤ!) ਗੁਰੂ ਦੀ ਸਰਨ ਪੈ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ।੧।ਰਹਾਉ ।
(ਹੇ ਪੰਡਿਤ!) ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਸੇਵਾ-ਭਗਤੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਆਪਣੇ ਮਨ ਵਿਚ ਟਿਕਾ ਕੇ ਰੱਖ, (ਹੇ ਪੰਡਿਤ!) ਗੁਰੂ ਦੀ ਸਰਨ ਪੈ ਕੇ ਤੂੰਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਵਡਿਆਈ ਹਾਸਲ ਕਰੇਂਗਾ ।੧ ।
(ਹੇ ਪੰਡਿਤ!) ਗੁਰੂ ਦੀ ਸਰਨ ਪਿਆਂ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ, ਗੁਰੂ ਦੀ ਸਰਨ ਪਿਆਂ (ਮਨ ਨੂੰ ਹਉਮੈ ਦੀ) ਮੈਲ ਆ ਕੇ ਨਹੀਂ ਚੰਬੜਦੀ (ਕਿਉਂਕਿ) ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ ।੨ ।
(ਹੇ ਪੰਡਿਤ!) ਗੁਰੂ ਦੇ ਸਨਮੁਖ ਰਿਹਾਂ ਸਦਾ-ਥਿਰ ਪਰਮਾਤਮਾ ਵਿਚ ਲੀਨਤਾ ਹੋ ਜਾਂਦੀ ਹੈ (ਤੇ ਇਹੀ ਹੈ ਅਸਲੀ) ਕਰਮ ਧਰਮ ।
ਜੇਹੜਾ ਗੁਰੂ ਦੀ ਸਰਨ ਪੈਂਦਾ ਹੈ ਉਹ (ਆਪਣੇ ਅੰਦਰੋਂ) ਅਹੰਕਾਰ ਤੇ ਮੇਰ-ਤੇਰ ਸਾੜ ਦੇਂਦਾ ਹੈ ।
ਪ੍ਰਭੂ ਦੇ ਨਾਮ ਵਿਚ ਰੰਗੇ ਜਾ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ।੩ ।
(ਹੇ ਪੰਡਿਤ! ਪਹਿਲਾਂ) ਆਪਣੇ ਮਨ ਨੂੰ ਜਗਾਓ ਤੇ ਉਸ ਪਰਮਾਤਮਾ ਦੀ ਹਸਤੀ ਨੂੰ ਸਮਝੋ ।
(ਹੇ ਪੰਡਿਤ! ਤੁਹਾਡਾ ਆਪਣਾ ਮਨ ਮਾਇਆ ਦੇ ਮੋਹ ਵਿਚ ਸੁੱਤਾ ਪਿਆ ਹੈ, ਪਰ) ਤੁਸੀ ਲੋਕਾਂ ਨੂੰ ਸਿੱਖਿਆ ਦੇਂਦੇ ਹੋ (ਇਸ ਤ੍ਰਹਾਂ ਕਦੇ) ਕੋਈ ਮਨੁੱਖ (ਸਿੱਖਿਆ) ਨਹੀਂ ਸੁਣਦਾ ।
ਗੁਰੂ ਦੀ ਸਰਨ ਪੈ ਕੇ ਤੁਸੀ ਆਪ (ਸਹੀ ਜੀਵਨ-ਰਸਤਾ) ਸਮਝੋ, ਤੁਹਾਨੂੰ ਸਦਾ ਆਤਮਕ ਆਨੰਦ ਮਿਲੇਗਾ ।੪ ।
(ਹੇ ਪੰਡਿਤ!) ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਧਾਰਮਿਕ) ਵਿਖਾਵਾ ਕਰਦਾ ਹੈ, ਬੜੀ ਚਤੁਰਾਈ ਵਿਖਾਂਦਾ ਹੈ (ਪਰ ਜੋ ਕੁਝ ਉਹ) ਆਪ (ਅਮਲੀ ਜੀਵਨ) ਕਮਾਂਦਾ ਹੈ ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਪਰਵਾਨ ਨਹੀਂ ਹੁੰਦਾ, ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਉਸ ਨੂੰ ਆਤਮਕ ਸ਼ਾਂਤੀ ਦੀ ਕੋਈ ਥਾਂ ਨਹੀਂ ਮਿਲਦੀ ।੫ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੇ ਵਲੋਂ ਧਾਰਮਿਕ) ਕਰਮ ਕਰਦਾ ਹੈ (ਪਰ ਇਸ ਤ੍ਰਹਾਂ ਉਸਦੇ ਅੰਦਰ ਬਹੁਤ ਮਾਣ ਪੈਦਾ ਹੁੰਦਾ ਹੈ, ਉਹ ਸਦਾ ਬਗਲੇ ਵਾਂਗ ਹੀ ਸਮਾਧੀ ਲਾ ਕੇ ਬੈਠਦਾ ਹੈ ।
ਉਹ ਤਦੋਂ ਹੀ ਪਛੁਤਾਵੇਗਾ ਜਦੋਂ ਮੌਤ ਨੇ (ਉਸ ਨੂੰ ਸਿਰੋਂ ਆ) ਫੜਿਆ ।੬ ।
(ਹੇ ਪੰਡਿਤ!) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ (ਦੰਭ ਆਦਿਕ ਤੋਂ) ਖ਼ਲਾਸੀ ਨਹੀਂ ਹੁੰਦੀ ।
ਗੁਰੂ ਦੀ ਕਿਰਪਾ ਨਾਲ ਹੀ ਉਹ (ਘਟ ਘਟ ਦੀ ਜਾਣਨ ਵਾਲਾ) ਪਰਮਾਤਮਾ ਮਿਲਦਾ ਹੈ ।
(ਹੇ ਪੰਡਿਤ! ਸਤਜੁਗ ਕਲਜੁਗ ਆਖ ਆਖ ਕੇ ਕਿਸੇ ਜੁਗ ਦੇ ਜ਼ਿੰਮੇ ਬੁਰਾਈ ਲਾ ਕੇ ਗ਼ਲਤੀ ਨਾਹ ਖਾਹ) ਚੌਹਾਂ ਜੁਗਾਂ ਵਿਚ ਗੁਰੂ ਹੀ ਪਰਮਾਤਮਾ ਦੇ ਨਾਮ ਦੀ ਦਾਤਿ ਦੇਣ ਵਾਲਾ ਹੈ ।੭ ।
(ਹੇ ਪੰਡਿਤ!) ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਵਾਸਤੇ ਹਰਿ-ਨਾਮ ਹੀ ਉੱਚੀ ਜਾਤਿ ਹੈ ਤੇ ਉੱਚੀ ਕੁਲ ਹੈ, ਪਰਮਾਤਮਾ ਦੇ ਨਾਮ ਵਿਚ ਉਹ ਆਪਣੀ ਇੱਜ਼ਤ ਮੰਨਦਾ ਹੈ ।
ਨਾਮਿ ਦੀ ਬਰਕਤਿ ਨਾਲ ਹੀ ਉਸ ਨੇ ਮਾਇਆ ਦਾ ਪ੍ਰਭਾਵ (ਆਪਣੇ ਅੰਦਰੋਂ) ਕੱਟ ਕੇ ਪਰੇ ਰੱਖ ਦਿੱਤਾ ਹੈ ।
ਹੇ ਨਾਨਕ! (ਆਖ—ਹੇ ਪੰਡਿਤ!) ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਹੋਰ ਹੋਰ ਚਤੁਰਾਈ ਵਿਖਾਣੀ ਵਿਅਰਥ ਹੈ ।੮।੨ ।
Follow us on Twitter Facebook Tumblr Reddit Instagram Youtube