ਗਉੜੀ ਮਹਲਾ ੧ ॥
ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥
ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥

ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥
ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਰਹਾਉ ॥

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥

ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥
ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥

ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥
ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥

ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥
ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥

ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥
ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥

ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥
ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥

ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥
ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥

ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ ॥
ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥੯॥੨॥੧੮॥

Sahib Singh
ਬੂਝਿ ਲੇ = ਸਮਝ ਲੈ ।
ਤਉ = ਤਦੋਂ ।
ਨਿਬੇਰਾ = ਨਿਰਨਾ, ਖ਼ਲਾਸੀ, ਮਾਇਆ ਦੇ ਮੋਹ ਦੇ ਹਨੇਰੇ ਤੋਂ ਖ਼ਲਾਸੀ ।
ਘਰਿ ਘਰਿ = ਹਰੇਕ ਹਿਰਦੇ = ਘਰ ਵਿਚ ।
ਠਾਕੁਰੁ = ਪਾਲਣਹਾਰ, ਮਾਲਕ ।੧ ।
ਨ ਛੂਟੀਐ = (ਮਾਇਆ ਦੇ ਮੋਹ ਦੇ ਹਨੇਰੇ ਤੋਂ) ਖ਼ਲਾਸੀ ਨਹੀਂ ਹੁੰਦੀ ।
ਜੇ ਕਮਾਵਹੀ = ਜੇ ਤੂੰ ਕਮਾਏਂ, ਜੇ ਤੂੰ ਕਰੇਂ ।
ਅੰਧਿਆਰਾ = ਹਨੇਰਾ, ਆਤਮਕ ਹਨੇਰਾ, ਮਾਇਆ ਦੇ ਪ੍ਰਭਾਵ ਦਾ ਹਨੇਰਾ ।੧।ਰਹਾਉ ।
ਅਕਲੀ ਬਾਹਰੇ = ਅਕਲੋਂ ਖ਼ਾਲੀ ।
ਕਿਆ.......ਕਹੀਐ = ਉਹਨਾਂ ਨੂੰ ਸਮਝਾਣ ਦਾ ਕੋਈ ਲਾਭ ਨਹੀਂ ।
ਪੰਥੁ = (ਜੀਵਨ ਦਾ ਸਿੱਧਾ) ਰਸਤਾ ।
ਕਿਤੁ ਬਿਧਿ ਨਿਰਬਹੀਐ = (ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ)ਕਿਸੇ ਤ੍ਰਹਾਂ ਭੀ ਨਿਰਬਾਹ ਨਹੀਂ ਹੋ ਸਕਦਾ, ਸਾਥ ਨਹੀਂ ਨਿਭ ਸਕਦਾ ।੨ ।
ਕਹੈ = ਆਖਦਾ ਹੈ ।
ਸਾਰ = ਕਦਰ, ਕੀਮਤ ।
ਪਾਰਖੂ = ਸਿਆਣਾ ।
ਵਿਡਾਣੈ = ਅਸਚਰਜ ਦਾ ।
ਕਲੀ ਕਾਲ ਵਿਡਾਣੈ = ਅਸਚਰਜ ਕਲਿ ਜੁਗ ਦਾ ਹਾਲ, ਅਸਚਰਜ ਮਾਇਆ-ਵੇੜ੍ਹੀ ਦੁਨੀਆ ਦਾ ਹਾਲ {ਨੋਟ:- ਸਤਿਗੁਰੂ ਜੀ ਇਹ ਨਹੀਂ ਕਹਿ ਰਹੇ ਕਿ ਕੋਈ ਜੁਗ ਕਿਸੇ ਦੂਸਰੇ ਜੁਗ ਨਾਲੋਂ ਚੰਗਾ ਹੈ ਜਾਂ ਮਾੜਾ ।
ਮਾਇਆ = ਮੋਹੇ ਜਗਤ ਦਾ ਜ਼ਿਕਰ ਹੈ ।
    ਜਿਸ ਸਮੇ ਦਾ ਨਾਮ ਬ੍ਰਾਹਮਣ ਨੇ ਕਲਿਜੁਗ ਰੱਖ ਦਿੱਤਾ ਸੀ, ਉਸੇ ਵਿਚ ਆਉਣ ਕਰਕੇ ਆਪ ਲਫ਼ਜ਼ ‘ਜਗਤ’ ਦੇ ਥਾਂ ‘ਕਲੀ ਕਾਲ’ ਵਰਤ ਰਹੇ ਹਨ} ।੩ ।
ਸੂਤੇ ਕਉ = (ਮਾਇਆ ਦੇ ਮੋਹ ਵਿਚ) ਸੁੱਤੇ ਹੋਏ ਨੂੰ ।
ਜਾਗਤੁ = ਸੁਚੇਤ ।
ਜਾਗਤ ਕਉ = ਉਸ ਨੂੰ ਜੋ ਪ੍ਰਭੂ-ਨਾਮ ਵਿਚ ਜੁੜ ਕੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਹੈ ।
ਮੂਆ = ਦੁਨੀਆ ਦੇ ਭਾ ਦਾ ਗਿਆ-ਗੁਜ਼ਰਿਆ ।੪ ।
ਪਰ ਕੀ ਕਉ = ਉਸ ਮਾਇਆ ਨੂੰ ਜੋ ਪਰਾਏ ਦੀ ਬਣ ਜਾਣੀ ਹੈ ।
ਭਾਇਆ = ਚੰਗਾ ਲੱਗਾ ।੫ ।
ਰਾਤੇ ਕੀ = ਨਾਮ = ਰੰਗ ਵਿਚ ਰੰਗੇ ਹੋਏ ਦੀ ।
ਕਰਹਿ = ਕਰਦੇ ਹਨ ।
ਕਲਿ ਮਹਿ = ਜਗਤ ਵਿਚ ।੬ ।
ਚੇਰੀ = ਪਰਮਾਤਮਾ ਦੀ ਦਾਸੀ, ਮਾਇਆ ।
ਦੀਸੈ = ਦਿੱਸਦਾ ।
ਪੋਖਰੁ = ਛੱਪੜ ।
ਨੀਰੁ = ਪਾਣੀ ।
ਵਿਰੋਲੀਐ = ਜੇ ਰਿੜਕੀਏ ।
ਨਹੀ ਰੀਸੈ = ਨਹੀਂ ਨਿਕਲਦਾ ।੭ ।
ਪਦ = ਆਤਮਕ ਦਰਜਾ ।
ਅਰਥਾਇ ਲੇਇ = ਜਤਨ ਨਾਲ ਪ੍ਰਾਪਤ ਕਰ ਲਏ ।
ਚੀਨੈ = ਪਰਖੇ, ਪਛਾਣੇ ।
ਅਪਰ = ਮਾਇਆ ਦੇ ਪ੍ਰਭਾਵ ਤੋਂ ਪਰੇ ।
ਅਪਾਰਾ = ਜਿਸ ਦੇ ਗੁਣਾਂ ਦਾ ਪਾਰ ਨ ਲੱਭ ਸਕੇ ।੮ ।
ਸਭੁ = ਹਰ ਥਾਂ ।
ਆਪੇ = (ਪ੍ਰਭੂ) ਆਪ ਹੀ ।
ਭਰਮਾਇਆ = ਭੁਲੇਖੇ ਵਿਚ ਪਾਇਆ ।
ਤੇ = ਤੋਂ, ਨਾਲ ।੯ ।
    
Sahib Singh
(ਮਾਇਆ ਦੇ ਮੋਹ ਨੇ ਜੀਵਾਂ ਦੀਆਂ ਆਤਮਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਹੈ, ਹੇ ਭਾਈ!) ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾ (ਇਸ ਆਤਮਕ ਹਨੇਰੇ ਤੋਂ) ਖ਼ਲਾਸੀ ਨਹੀਂ ਹੋ ਸਕਦੀ ।
(ਹੇ ਭਾਈ!) ਜੇ ਤੂੰ ਲੱਖਾਂ ਹੀ ਧਰਮ-ਕਰਮ ਕਰਦਾ ਰਹੇਂ, ਤਾਂ ਭੀ ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ (ਟਿਕਿਆ ਹੀ ਰਹੇਗਾ) ।੧।ਰਹਾਉ ।
(ਹੇ ਭਾਈ!) ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏਂ ਕਿ ਮਾਇਆ-ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ-ਘਰ ਵਿਚ ਵੱਸਦਾ ਹੈ ਤੇ ਉਹੀ ਨਿਰੰਜਨ ਮੇਰਾ ਭੀ ਪਾਲਣ-ਹਾਰ ਮਾਲਕ ਹੈ, ਤਾਂ ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿਚੋਂ ਤੇਰੀ ਖ਼ਲਾਸੀ ਹੋ ਜਾਇਗੀ ।੧ ।
ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਕਰ ਦਿੱਤਾ ਹੈ ਤੇ ਅਕਲ-ਹੀਣ ਕਰ ਦਿੱਤਾ ਹੈ, ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ ।
ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤ੍ਰਹਾਂ ਭੀ ਸਾਥ ਨਹੀਂ ਨਿਭ ਸਕਦਾ ।੨ ।
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ, ਪਰ (ਜੇਹੜਾ ਨਾਮ-ਧਨ) ਅਸਲ ਧਨ (ਹੈ ਉਸ) ਦੀ ਕਦਰ ਹੀ ਨਹੀਂ ਸਮਝਦਾ ।
ਮਾਇਆ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ—ਇਹ ਅਸਚਰਜ ਚਾਲ ਹੈ ਦੁਨੀਆ ਦੀ ਸਮੇ ਦੀ ।੩ ।
ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਸੁਚੇਤ ਹੈ, ਪਰ ਜੇਹੜਾ ਮਨੁੱਖ (ਪਰਮਾਤਮਾ ਦੀ ਯਾਦ ਵਿਚ) ਜਾਗਦਾ ਹੈ ਸੁਚੇਤ ਹੈ, ਉਸ ਨੂੰ ਆਖਦਾ ਹੈ ਕਿ ਸੁੱਤਾ ਪਿਆ ਹੈ ।
ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਜੀਊਂਦੇ ਆਤਮਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਭਾ ਦਾ ਮੋਇਆ ਹੋਇਆ ਹੈ ।
ਪਰ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫ਼ਸੋਸ ਨਹੀਂ ਕਰਦਾ ।੪ ।
ਪਰਮਾਤਮਾ ਦੇ ਰਸਤੇ ਉਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ-ਗੁਜ਼ਰਿਆ ਹੈ, ਪਰ ਪ੍ਰਭੂ ਵਲੋਂ ਗਏ-ਗੁਜ਼ਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿਚ ਆਉਣਾ ਸਫਲ ਹੋਇਆ ਹੈ ।
ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ, ਪਰ ਜੇਹੜਾ ਨਾਮ-ਧਨ ਅਸਲ ਵਿਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ ।੫ ।
ਨਾਮ-ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ, ਇਸ ਨੂੰ ਜਗਤ ਕੌੜਾ ਆਖਦਾ ਹੈ ।
ਵਿਸ਼ਿਆਂ ਦਾ ਰਸ (ਅੰਤ ਨੂੰ) ਕੌੜਾ (ਦੁਖਦਾਈ ਸਾਬਤ ਹੁੰਦਾ) ਹੈ, ਇਸ ਨੂੰ ਜਗਤ ਸੁਆਦਲਾ ਕਹਿ ਰਿਹਾ ਹੈ ।
ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਦੀ ਲੋਕ-ਨਿੰਦਾ ਕਰਦੇ ਹਨ ।
ਜਗਤ ਵਿਚ ਇਹ ਅਚਰਜ ਤਮਾਸ਼ਾ ਵੇਖਣ ਵਿਚ ਆ ਰਿਹਾ ਹੈ ।੬ ।
ਲੋਕ ਪਰਮਾਤਮਾ ਦੀ ਦਾਸੀ (ਮਾਇਆ) ਦੀ ਤਾਂ ਸੇਵਾ-ਖ਼ੁਸ਼ਾਮਦ ਕਰ ਰਹੇ ਹਨ, ਪਰ (ਮਾਇਆ ਦਾ) ਮਾਲਕ ਕਿਸੇ ਨੂੰ ਦਿੱਸਦਾ ਹੀ ਨਹੀ ।
(ਮਾਇਆ ਵਿਚੋਂ ਸੁਖ ਲੱਭਣਾ ਇਉਂ ਹੈ ਜਿਵੇਂ ਪਾਣੀ ਰਿੜਕ ਕੇ ਉਸ ਵਿਚੋਂ ਮੱਖਣ ਲੱਭਣਾ) ।
ਜੇ ਛੱਪੜ ਨੂੰ ਰਿੜਕੀਏ, ਜੇ ਪਾਣੀ ਰਿੜਕੀਏ, ਉਸ ਵਿਚੋਂ ਮੱਖਣ ਨਹੀਂ ਨਿਕਲ ਸਕਦਾ ।੭ ।
ਹੇ ਨਾਨਕ! ਜੇਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ, ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।
ਆਪਾ ਪਛਾਣਨ ਦੇ ਆਤਮਕ ਦਰਜੇ ਨੂੰ ਜੇਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਮੈਂ ਉਸ ਅੱਗੇ ਆਪਣਾ ਸਿਰ ਨਿਵਾਂਦਾ ਹਾਂ ।੮ ।
(ਪਰ ਮਾਇਆ ਵਿਚ ਤੇ ਜੀਵਾਂ ਵਿਚ) ਸਭ ਥਾਂ ਪਰਮਾਤਮਾ ਆਪ ਹੀ ਆਪ ਵਿਆਪਕ ਹੈ, ਆਪ ਹੀ ਜੀਵਾਂ ਨੂੰ ਕੁਰਾਹੇ ਪਾਂਦਾ ਹੈ ।
ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ ।੯।੨।੧੮ ।
Follow us on Twitter Facebook Tumblr Reddit Instagram Youtube