ਗਉੜੀ ਮਹਲਾ ੧ ॥
ਰਾਮਿ ਨਾਮਿ ਚਿਤੁ ਰਾਪੈ ਜਾ ਕਾ ॥
ਉਪਜੰਪਿ ਦਰਸਨੁ ਕੀਜੈ ਤਾ ਕਾ ॥੧॥

ਰਾਮ ਨ ਜਪਹੁ ਅਭਾਗੁ ਤੁਮਾਰਾ ॥
ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ ॥੧॥ ਰਹਾਉ ॥

ਗੁਰਮਤਿ ਰਾਮੁ ਜਪੈ ਜਨੁ ਪੂਰਾ ॥
ਤਿਤੁ ਘਟ ਅਨਹਤ ਬਾਜੇ ਤੂਰਾ ॥੨॥

ਜੋ ਜਨ ਰਾਮ ਭਗਤਿ ਹਰਿ ਪਿਆਰਿ ॥
ਸੇ ਪ੍ਰਭਿ ਰਾਖੇ ਕਿਰਪਾ ਧਾਰਿ ॥੩॥

ਜਿਨ ਕੈ ਹਿਰਦੈ ਹਰਿ ਹਰਿ ਸੋਈ ॥
ਤਿਨ ਕਾ ਦਰਸੁ ਪਰਸਿ ਸੁਖੁ ਹੋਈ ॥੪॥

ਸਰਬ ਜੀਆ ਮਹਿ ਏਕੋ ਰਵੈ ॥
ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ ॥੫॥

ਸੋ ਬੂਝੈ ਜੋ ਸਤਿਗੁਰੁ ਪਾਏ ॥
ਹਉਮੈ ਮਾਰੇ ਗੁਰ ਸਬਦੇ ਪਾਏ ॥੬॥

ਅਰਧ ਉਰਧ ਕੀ ਸੰਧਿ ਕਿਉ ਜਾਨੈ ॥
ਗੁਰਮੁਖਿ ਸੰਧਿ ਮਿਲੈ ਮਨੁ ਮਾਨੈ ॥੭॥

ਹਮ ਪਾਪੀ ਨਿਰਗੁਣ ਕਉ ਗੁਣੁ ਕਰੀਐ ॥
ਪ੍ਰਭ ਹੋਇ ਦਇਆਲੁ ਨਾਨਕ ਜਨ ਤਰੀਐ ॥੮॥੧੬॥

ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥
ਗਉੜੀ ਬੈਰਾਗਣਿ ਮਹਲਾ ੧
ੴ ਸਤਿਗੁਰ ਪ੍ਰਸਾਦਿ ॥
ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥
ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ ਧਾਰਾ ॥੧॥

ਇਤ ਉਤ ਰਾਖਹੁ ਦੀਨ ਦਇਆਲਾ ॥
ਤਉ ਸਰਣਾਗਤਿ ਨਦਰਿ ਨਿਹਾਲਾ ॥੧॥ ਰਹਾਉ ॥

ਜਹ ਦੇਖਉ ਤਹ ਰਵਿ ਰਹੇ ਰਖੁ ਰਾਖਨਹਾਰਾ ॥
ਤੂੰ ਦਾਤਾ ਭੁਗਤਾ ਤੂੰਹੈ ਤੂੰ ਪ੍ਰਾਣ ਅਧਾਰਾ ॥੨॥

ਕਿਰਤੁ ਪਇਆ ਅਧ ਊਰਧੀ ਬਿਨੁ ਗਿਆਨ ਬੀਚਾਰਾ ॥
ਬਿਨੁ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ ॥੩॥

ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ॥
ਗੁਰ ਸੇਵਾ ਪ੍ਰਭੁ ਪਾਇਆ ਸਚੁ ਮੁਕਤਿ ਦੁਆਰਾ ॥੪॥

ਨਿਜ ਘਰਿ ਮਹਲੁ ਅਪਾਰ ਕੋ ਅਪਰੰਪਰੁ ਸੋਈ ॥
ਬਿਨੁ ਸਬਦੈ ਥਿਰੁ ਕੋ ਨਹੀ ਬੂਝੈ ਸੁਖੁ ਹੋਈ ॥੫॥

ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ ਜਮ ਜਾਲਾ ॥
ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ ॥੬॥

ਗੁਰਮਤਿ ਨਾਮੁ ਨ ਵੀਸਰੈ ਸਹਜੇ ਪਤਿ ਪਾਈਐ ॥
ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ ਗਵਾਈਐ ॥੭॥

ਨਦਰਿ ਕਰੇ ਪ੍ਰਭੁ ਆਪਣੀ ਗੁਣ ਅੰਕਿ ਸਮਾਵੈ ॥
ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਵੈ ॥੮॥੧॥੧੭॥

Sahib Singh
ਰਾਮਿ = ਰਾਮ ਵਿਚ ।
ਨਾਮਿ = ਨਾਮ ਵਿਚ ।
ਰਾਪੈ = ਰੰਗਿਆ ਜਾਂਦਾ ਹੈ ।
ਜਾ ਕਾ ਚਿਤੁ = ਜਿਸ (ਮਨੁੱਖ) ਦਾ ਚਿਤ ।
ਉਪਜੰਪਿ = ਸਵੇਰੇ ਉਠਦਿਆਂ ਹੀ ।੧ ।
ਅਭਾਗੁ = ਬਦ = ਕਿਸਮਤੀ ।
ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ ।੧।ਰਹਾਉ ।
ਤਿਤੁ = ਉਸ ਵਿਚ ।
ਘਟਿ = ਘਟ ਵਿਚ ।
ਤਿਤੁ ਘਟਿ = ਉਸ ਹਿਰਦੇ ਵਿਚ ।
ਅਨਹਤ = {ਹਨੱ—ਚੋਟ ਲਾਣੀ} ਬਿਨਾ ਚੋਟ ਲਾਇਆਂ, ਬਿਨਾ ਵਜਾਇਆਂ, ਇਕ-ਰਸ, ਲਗਾਤਾਰ ।
ਤੂਰਾ = ਤੁਰਮ ।੨ ।
ਪਿਆਰਿ = ਪਿਆਰ ਵਿਚ ।
ਸੇ = ਉਹ ਬੰਦੇ ।
ਪ੍ਰਭਿ = ਪ੍ਰਭੂ ਨੇ ।
ਧਾਰਿ = ਧਾਰ ਕੇ, ਕਰ ਕੇ ।੩ ।
ਪਰਸਿ = ਪਰਸ ਕੇ, ਛੁਹ ਕੇ, ਕਰ ਕੇ ।੪ ।
ਰਵੈ = ਵਿਆਪਕ ਹੈ ।੫ ।
ਅਰਧ = {ਅਧਸੱ} ਹੇਠਲੇ ਲੋਕ ਨਾਲ ਸੰਬੰਧ ਰੱਖਣ ਵਾਲਾ, ਜੀਵਾਤਮਾ ।
ਉਰਧ = {@ÆਵL} ਉੱਚੇ ਮੰਡਲਾਂ ਦਾ ਵਾਸੀ, ਪਰਮਾਤਮਾ ।
ਸੰਧਿ = ਮਿਲਾਪ ।
ਮਾਨੈ = ਪਤੀਜਦਾ ਹੈ ।੭ ।
ਕਉ = ਨੂੰ ।
ਕਰੀਐ = (ਕਿਰਪਾ ਕਰ ਕੇ) ਕਰੋ ।੮ ।
ਗੋਇਲੀ = ਗੁਆਲਾ, ਗਾਈਆਂ ਚਾਰਨ ਵਾਲਾ, ਗਾਈਆਂ ਦਾ ਰਾਖਾ ।
ਰਾਖਹਿ = ਤੂੰ ਰੱਖਿਆ ਕਰਦਾ ਹੈਂ ।
ਸਾਰਾ = ਸੰਭਾਲ, ਧਿਆਨ ।
ਅਹਿ = ਦਿਨ ।
ਨਿਸਿ = ਰਾਤ ।
ਆਤਮ ਸੁਖੁ = ਆਤਮਕ ਆਨੰਦ ।
ਧਾਰਾ = ਧਾਰਦਾ ਹੈਂ, ਦੇਂਦਾ ਹੈਂ ।੧ ।
ਇਤ ਉਤ = ਲੋਕ ਪਰਲੋਕ ਵਿਚ, ਇਥੇ ਉਥੇ ।
ਤਉ = ਤੇਰੀ ।
ਸਰਣਾਗਤਿ = ਸਰਨ ਆਏ ਹਾਂ ।
ਨਦਰਿ ਨਿਹਾਲਾ = ਮਿਹਰ ਦੀ ਨਿਗਾਹ ਨਾਲ ਵੇਖ ।੧।ਰਹਾਉ ।
ਦੇਖਉ = ਦੇਖਉਂ, ਮੈਂ ਵੇਖਦਾ ਹਾਂ ।
ਰਵਿ ਰਹੇ = ਤੂੰ ਵਿਆਪਕ ਹੈਂ ।
ਭੁਗਤਾ = ਭੋਗਣ ਵਾਲਾ ।੨ ।
ਕਿਰਤੁ = ਕੀਤੇ ਕਰਮਾਂ ਦਾ ਸੰਗ੍ਰਹ ।
ਪਇਆ = ਇਕੱਠਾ ਹੋਇਆ ।
ਕਿਰਤੁ ਪਇਆ = ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਅਨੁਸਾਰ ।
ਅਧ = {ਅਧਸੱ} ਹੇਠਾਂ ।
ਊਰਧੀ = ਉਤਾਂਹ ।
ਉਪਮਾ = ਵਡਿਆਈ ।੩ ।
ਬਿਨਸਤ = ਆਤਮਕ ਮੌਤੇ ਮਰਦਿਆਂ ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ ।੪ ।
ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ ਵਿਚ, ਆਪਣੇ ਆਪ ਵਿਚ ।
ਮਹਲੁ = ਟਿਕਾਣਾ ।
ਕੋ = ਦਾ ।
ਅਪਰੰਪਰੁ = ਪਰੇ ਤੋਂ ਪਰੇ ।
ਥਿਰੁ = (ਆਪਣੇ ਆਪ ਵਿਚ) ਟਿਕਿਆ ਹੋਇਆ ।੫ ।
ਲੈ = ਲੈ ਕੇ ।
ਲੇ = ਲੈ ਕੇ ।
ਫਾਸਹਿ = ਤੂੰੰ ਫਸ ਰਿਹਾ ਹੈਂ ।
ਕਸਿ = ਕੱਸ ਕੇ ।
ਆਕਾਸਿ = ਆਕਾਸ਼ ਵਿਚ ।੬ ।
ਪਤਿ = ਇੱਜ਼ਤ ।
ਸਹਜੇ = ਸਹਜਿ, ਅਡੋਲ ਅਵਸਥਾ ਵਿਚ (ਟਿਕ ਕੇ) ।
ਨਿਧਾਨੁ = ਖ਼ਜ਼ਾਨਾ ।
ਮਿਲਿ = ਮਿਲ ਕੇ ।
ਆਪੁ = ਆਪਾ = ਭਾਵ ।੭ ।
ਅੰਕਿ = (ਪ੍ਰਭੂ ਦੇ) ਅੰਕ ਵਿਚ, ਗਲਵੱਕੜੀ ਵਿਚ ।
ਨ ਚੂਕਈ = ਨਹੀਂ ਮੁੱਕਦਾ ।੮ ।
    
Sahib Singh
ਹੇ ਭਾਈ! (ਜੇ) ਤੁਸੀ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਤਾਂ ਇਹ ਤੁਹਾਡੀ ਬਦ-ਕਿਸਮਤੀ ਹੈ ।
ਪਰਮਾਤਮਾ ਪ੍ਰਭੂ ਸਦਾ ਤੋਂ ਹੀ ਸਾਨੂੰ (ਸਭ ਜੀਵਾਂ ਨੂੰ) ਦਾਤਾਂ ਦੇਂਦਾ ਚਲਾ ਆ ਰਿਹਾ ਹੈ (ਅਜੇਹੇ ਦਾਤੇ ਨੂੰ ਭੁਲਾਣਾ ਮੰਗ-ਭਾਗਤਾ ਹੈ) ।੧।ਰਹਾਉ ।
ਜਿਸ ਮਨੁੱਖ ਦਾ ਮਨ ਪਰਮਾਤਮਾ ਵਿਚ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ, ਉਸ ਦਾਦਰਸਨ ਨਿੱਤ ਸਵੇਰੇ ਉਠਦਿਆਂ ਹੀ ਕਰਨਾ ਚਾਹੀਦਾ ਹੈ (ਅਜੇਹੇ ਸੁਭਾਗੇ ਮਨੁੱਖ ਦੀ ਸੰਗਤਿ ਨਾਲ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ) ।੧ ।
ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਪੂਰਨ ਹੋ ਜਾਂਦਾ ਹੈ (ਉਸ ਦਾ ਮਨ ਮਾਇਆ ਦੇ ਮੋਹ ਵਿਚ ਡੋਲਦਾ ਨਹੀਂ) ।
ਉਸ (ਦੇ) ਹਿਰਦੇ ਵਿਚ (ਖਿੜਾਉ ਹੀ ਖਿੜਾਉ ਬਣਿਆ ਰਹਿੰਦਾ ਹੈ, ਮਾਨੋ) ਇਕ-ਰਸ ਤੁਰਮਾਂ ਆਦਿਕ ਵਾਜੇ ਵੱਜਦੇ ਰਹਿੰਦੇ ਹਨ ।੨ ।
ਜੇਹੜੇ ਬੰਦੇ ਹਰਿ ਪਰਮਾਤਮਾ ਦੀ ਭਗਤੀ ਦੇ ਪਿਆਰ ਵਿਚ (ਜੁੜਦੇ) ਹਨ, ਉਹਨਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ (ਹਉਮੈ ਆਦਿਕ ਤੋਂ) ਬਚਾ ਲਿਆ ਹੈ ।੩ ।
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਉਹ (ਦਇਆ-ਨਿਧਿ) ਪਰਮਾਤਮਾ ਵੱਸਦਾ ਹੈ, ਉਹਨਾਂ ਦਾ ਦਰਸਨ ਕੀਤਿਆਂ (ਆਤਮਕ) ਆਨੰਦ ਮਿਲਦਾ ਹੈ ।੪ ।
ਸਭ ਜੀਵਾਂ ਦੇ ਅੰਦਰ ਇਕ ਪਰਮਾਤਮਾ ਹੀ ਵਿਆਪਕ ਹੈ ।
(ਪਰ) ਮਨ ਦਾ ਮੁਰੀਦ ਮਨੁੱਖ (ਇਸ ਗੱਲ ਨੂੰ ਨਹੀਂ ਸਮਝਦਾ, ਉਹ ਇਹਨਾਂ ਵਿਚ ਰੱਬ ਵੱਸਦਾ ਨਹੀਂ ਵੇਖਦਾ, ਉਹ) ਜੀਵਾਂ ਨਾਲ ਅਹੰਕਾਰ-ਭਰਿਆ ਵਰਤਾਉ ਕਰਦਾ ਹੈ, ਤੇ ਮੁੜ ਮੁੜ ਜੂਨਾਂ ਵਿੱਚ ਭਟਕਦਾ ਹੈ ।੫ ।
ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਹ ਸਮਝ ਲੈਂਦਾ ਹੈ (ਕਿ ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਇਸ ਵਾਸਤੇ) ਉਹ (ਆਪਣੇ ਅੰਦਰੋਂ) ਹਉਮੈ ਮਾਰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਪਰਮਾਤਮਾ ਦਾ ਮੇਲ) ਪ੍ਰਾਪਤ ਕਰ ਲੈਂਦਾ ਹੈ ।੬ ।
(ਸਿਮਰਨ ਤੋਂ ਵਾਂਜੇ ਰਿਹਾਂ, ਮਨੁੱਖ ਨੂੰ) ਜੀਵਾਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਪਛਾਣ ਨਹੀਂ ਆ ਸਕਦੀ, (ਉਹੀ ਪਛਾਣਦਾ ਹੈ) ਜੋ ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ, ਤੇ ਉਸ ਦਾ ਮਨ (ਸਿਮਰਨ ਵਿਚ) ਗਿੱਝ ਜਾਂਦਾ ਹੈ ।੭ ।
ਹੇ ਪ੍ਰਭੂ! ਅਸੀ ਜੀਵ ਵਿਕਾਰੀ ਹਾਂ, ਗੁਣ-ਹੀਣ ਹਾਂ (ਆਪਣਾ ਨਾਮ ਸਿਮਰਨ ਦਾ) ਗੁਣ ਤੂੰ ਆਪ ਸਾਨੂੰ ਬਖ਼ਸ਼ ।
ਹੇ ਨਾਨਕ! (ਆਖ—) ਹੇ ਪ੍ਰਭੂ! ਤੂੰ ਦਇਆਲ ਹੋ ਕੇ (ਜਦੋਂ ਨਾਮ ਦੀ ਦਾਤਿ ਬਖ਼ਸ਼ਦਾ ਹੈਂ, ਤਦੋਂ) ਤੇਰੇ ਦਾਸ (ਸੰਸਾਰ- ਸਮੁੰਦਰ ਤੋਂ) ਪਾਰ ਲੰਘ ਸਕਦੇ ਹਨ ।੮।੧੬ ।
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਲੋਕ ਪਰਲੋਕ ਵਿਚ (ਮੇਰੀ) ਰੱਖਿਆ ਕਰ ।
(ਮੈਂ) ਤੇਰੀ ਸਰਨ ਆਇਆ ਹਾਂ, ਮਿਹਰ ਦੀ ਨਿਗਾਹ ਨਾਲ (ਮੇਰੇ ਵਲ) ਵੇਖ! ।੧।ਰਹਾਉ ।
ਜਿਵੇਂ ਗੁਆਲਾ ਗਾਈਆਂ ਦੀ ਰਾਖੀ ਕਰਦਾ ਹੈ, ਤਿਵੇਂ ਤੂੰ ਸੰਭਾਲ ਕਰ ਕੇ (ਜੀਵਾਂ ਦੀ) ਰਾਖੀ ਕਰਦਾ ਹੈਂ, ਤੂੰ ਦਿਨ ਰਾਤ ਜੀਵਾਂ ਨੂੰ ਪਾਲਦਾ ਹੈਂ, ਰਾਖੀ ਕਰਦਾ ਹੈਂ ਤੇ, ਆਤਮਕ ਸੁਖ ਬਖ਼ਸ਼ਦਾ ਹੈਂ ।੧ ।
ਹੇ ਰੱਖਣਹਾਰ ਪ੍ਰਭੂ! ਮੈਂ ਜਿਧਰ ਤੱਕਦਾ ਹਾਂ ਉਧਰ ਹੀ (ਹਰ ਥਾਂ) ਤੂੰ ਮੌਜੂਦ ਹੈਂ, ਤੇ ਸਭ ਦਾ ਰਾਖਾ ਹੈਂ, ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ ਤੇ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਭੋਗਣ ਵਾਲਾ ਹੈਂ, ਤੂੰ ਹੀ ਸਭ ਦੀ ਜ਼ਿੰਦਗੀ ਦਾ ਆਸਰਾ ਹੈਂ ।੨ ।
(ਇਸ) ਗਿਆਨ ਤੋਂ ਬਿਨਾ, ਵਿਚਾਰ ਤੋਂ ਬਿਨਾ, ਜੀਵ ਆਪਣੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਦੇ ਅਧੀਨ ਕਦੇ ਪਾਤਾਲ ਵਿਚ ਡਿੱਗਦਾ ਹੈ ਕਦੇ ਆਕਾਸ਼ ਵਲ ਚੜ੍ਹਦਾ ਹੈ (ਕਦੇ ਦੁਖੀ ਕਦੇ ਸੁਖੀ) ।
ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਤੋਂ ਬਿਨਾ ਜੀਵ ਦੀ ਅਗਿਆਨਤਾ ਮਿਟਦੀ ਨਹੀਂ ।੩ ।
ਨਿੱਤ ਦੇਖੀਦਾ ਹੈ ਕਿ ਜਗਤ ਲੋਭ ਤੇ ਅਹੰਕਾਰ ਦੇ ਵੱਸ ਹੋ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ ।
ਗੁਰੂ ਦੀ ਦੱਸੀ ਸੇਵਾ ਕੀਤਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਤੇ (ਲੋਭ ਅਹੰਕਾਰ ਤੋਂ) ਖ਼ਲਾਸੀ ਦਾ ਰਸਤਾ ਲੱਭ ਪੈਂਦਾਹੈ ।੪ ।
ਬੇਅੰਤ ਪਰਮਾਤਮਾ ਦਾ ਟਿਕਾਣਾ ਆਪਣੇ ਆਪੇ ਵਿਚ ਹੈ, ਉਹ ਪ੍ਰਭੂ (ਲੋਭ ਅਹੰਕਾਰ ਆਦਿਕ ਦੇ ਪ੍ਰਭਾਵ ਤੋਂ) ਪਰੇ ਤੋਂ ਪਰੇ ਹੈ ।
ਕੋਈ ਭੀ ਜੀਵ ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ (ਉਸ ਸਰੂਪ ਵਿਚ) ਸਦਾ-ਟਿਕਵਾਂ ਨਹੀਂ ਹੋ ਸਕਦਾ ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਉਸ ਨੂੰ ਆਤਮਕ ਆਨੰਦ ਮਿਲਦਾ ਹੈ ।੫ ।
ਹੇ ਜੀਵ! ਨਾਹ ਤੂੰ ਕੋਈ ਧਨ-ਪਦਾਰਥ ਆਪਣੇ ਨਾਲ ਲੈ ਕੇ (ਜਗਤ ਵਿਚ) ਆਇਆ ਸੀ, ਤੇ ਨਾਹ ਹੀ (ਇਥੋਂ ਕੋਈ ਮਾਲ-ਧਨ) ਲੈ ਕੇ ਜਾਵੇਂਗਾ ।
(ਵਿਅਰਥ ਹੀ ਮਾਇਆ-ਮੋਹ ਦੇ ਕਾਰਨ) ਜਮ ਦੇ ਜਾਲ ਵਿਚ ਫਸ ਰਿਹਾ ਹੈਂ ।
ਜਿਵੇਂ ਰੱਸੀ ਨਾਲ ਬੱਧਾ ਹੋਇਆ ਡੋਲ (ਕਦੇ ਖੂਹ ਦੇ ਵਿਚ ਜਾਂਦਾ ਹੈ ਕਦੇ ਬਾਹਰ ਆ ਜਾਂਦਾ ਹੈ, ਤਿਵੇਂ ਤੂੰ ਕਦੇ) ਆਕਾਸ਼ ਵਿਚ ਚੜ੍ਹਦਾ ਹੈਂ ਕਦੇ ਪਾਤਾਲ ਵਿਚ ਡਿੱਗਦਾ ਹੈਂ ।੬ ।
(ਹੇ ਜੀਵ!) ਜੇ ਗੁਰੂ ਦੀ ਮਤਿ ਲੈ ਕੇ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ, ਤਾਂ (ਨਾਮ ਦੀ ਬਰਕਤਿ ਨਾਲ) ਅਡੋਲ ਅਵਸਥਾ ਵਿਚ ਟਿਕ ਕੇ (ਪ੍ਰਭੂ ਦੇ ਦਰ ਤੇ) ਇੱਜ਼ਤ ਪ੍ਰਾਪਤ ਕਰ ਲਈਦੀ ਹੈ ।
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ-ਰੂਪ ਖ਼ਜ਼ਾਨਾ ਹੈ (ਉਹ ਪ੍ਰਭੂ ਨੂੰ ਮਿਲ ਪੈਂਦਾ ਹੈ) ।
(ਪ੍ਰਭੂ ਨੂੰ) ਮਿਲ ਕੇ ਆਪਾ-ਭਾਵ ਗਵਾ ਸਕੀਦਾ ਹੈ ।੭ ।
ਜਿਸ ਜੀਵ ਉਤੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ (ਉਸ ਨੂੰ ਆਪਣੇ) ਗੁਣ (ਬਖ਼ਸ਼ਦਾ ਹੈ, ਤੇ ਗੁਣਾਂ ਦੀ ਬਰਕਤਿ ਨਾਲ ਉਹ ਪ੍ਰਭੂ ਦੇ) ਅੰਕ ਵਿਚ ਲੀਨ ਹੋ ਜਾਂਦਾ ਹੈ ।
ਹੇ ਨਾਨਕ! ਉਸ ਜੀਵ ਦਾ ਪਰਮਾਤਮਾ ਨਾਲ ਬਣਿਆ ਮਿਲਾਪ ਕਦੇ ਟੁੱਟਦਾ ਨਹੀਂ, ਉਹ ਜੀਵ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਲਾਭ ਖੱਟ ਲੈਂਦਾ ਹੈ ।੮।੧।੧੭ ।

ਨੋਟ: ਅੰਕ ਨੰ: ਦੱਸਦਾ ਹੈ ਕਿ “ਗਉੜੀ ਬੈਰਾਗਣਿ” ਰਾਗਣੀ ਵਿਚ ਗੁਰੂ ਨਾਨਕ ਦੇਵ ਜੀ ਦੀ ਇਹ ਪਹਿਲੀ ਅਸ਼ਟਪਦੀ ਹੈ ।
“ਗਉੜੀ ਗੁਆਰੇਰੀ” ਦੀਆਂ ੧੬ ਰਲਾ ਕੇ ਸਾਰਾ ਜੋੜ ੧੭ ਬਣ ਗਿਆ ਹੈ ।
Follow us on Twitter Facebook Tumblr Reddit Instagram Youtube