ਗਉੜੀ ਮਹਲਾ ੧ ॥
ਹਠੁ ਕਰਿ ਮਰੈ ਨ ਲੇਖੈ ਪਾਵੈ ॥
ਵੇਸ ਕਰੈ ਬਹੁ ਭਸਮ ਲਗਾਵੈ ॥
ਨਾਮੁ ਬਿਸਾਰਿ ਬਹੁਰਿ ਪਛੁਤਾਵੈ ॥੧॥

ਤੂੰ ਮਨਿ ਹਰਿ ਜੀਉ ਤੂੰ ਮਨਿ ਸੂਖ ॥
ਨਾਮੁ ਬਿਸਾਰਿ ਸਹਹਿ ਜਮ ਦੂਖ ॥੧॥ ਰਹਾਉ ॥

ਚੋਆ ਚੰਦਨ ਅਗਰ ਕਪੂਰਿ ॥
ਮਾਇਆ ਮਗਨੁ ਪਰਮ ਪਦੁ ਦੂਰਿ ॥
ਨਾਮਿ ਬਿਸਾਰਿਐ ਸਭੁ ਕੂੜੋ ਕੂਰਿ ॥੨॥

ਨੇਜੇ ਵਾਜੇ ਤਖਤਿ ਸਲਾਮੁ ॥
ਅਧਕੀ ਤ੍ਰਿਸਨਾ ਵਿਆਪੈ ਕਾਮੁ ॥
ਬਿਨੁ ਹਰਿ ਜਾਚੇ ਭਗਤਿ ਨ ਨਾਮੁ ॥੩॥

ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ ॥
ਮਨੁ ਦੇ ਪਾਵਹਿ ਨਾਮੁ ਸੁਹੇਲਾ ॥
ਦੂਜੈ ਭਾਇ ਅਗਿਆਨੁ ਦੁਹੇਲਾ ॥੪॥

ਬਿਨੁ ਦਮ ਕੇ ਸਉਦਾ ਨਹੀ ਹਾਟ ॥
ਬਿਨੁ ਬੋਹਿਥ ਸਾਗਰ ਨਹੀ ਵਾਟ ॥
ਬਿਨੁ ਗੁਰ ਸੇਵੇ ਘਾਟੇ ਘਾਟਿ ॥੫॥

ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ ॥
ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ ॥
ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥੬॥

ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ ॥
ਗੁਰ ਸਬਦੀ ਮਥਿ ਅੰਮ੍ਰਿਤੁ ਪੀਉ ॥
ਨਾਮ ਵਡਾਈ ਤੁਧੁ ਭਾਣੈ ਦੀਉ ॥੭॥

ਨਾਮ ਬਿਨਾ ਕਿਉ ਜੀਵਾ ਮਾਇ ॥
ਅਨਦਿਨੁ ਜਪਤੁ ਰਹਉ ਤੇਰੀ ਸਰਣਾਇ ॥
ਨਾਨਕ ਨਾਮਿ ਰਤੇ ਪਤਿ ਪਾਇ ॥੮॥੧੨॥

Sahib Singh
ਕਰਿ = ਕਰ ਕੇ ।
ਮਰੈ = ਮਰਦਾ ਹੈ, ਅੌਖਾ ਹੁੰਦਾ ਹੈ ।
ਲੇਖੈ = ਲੇਖੇ ਵਿਚ ।
ਨ ਲੇਖੈ ਪਾਵੈ = ਕਿਸੇ ਗਿਣਤੀ ਵਿਚ ਨਹੀਂ ਗਿਣਿਆ ਜਾਂਦਾ ।
ਵੇਸ = ਧਾਰਮਿਕ ਭੇਖ ।
ਭਸਮ = ਸੁਆਹ ।
ਬਿਸਾਰਿ = ਵਿਸਾਰ ਕੇ ।
ਬਹੁਰਿ = ਮੁੜ, ਅੰਤ ਨੂੰ ।੧ ।
ਮਨਿ = ਮਨ ਵਿਚ (ਵਸਾ ਲੈ) ।੧।ਰਹਾਉ ।
ਚੋਆ = ਅਤਰ ।
ਕਪੂਰਿ = ਕਪੂਰ (ਆਦਿਕ ਦੇ ਵਰਤਣ) ਵਿਚ (ਮਗਨ) ।
ਮਗਨੁ = ਮਸਤ ।
ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ ।
ਨਾਮਿ ਬਿਸਾਰਿਐ = ਜੇ (ਪਰਮਾਤਮਾ ਦਾ) ਨਾਮ ਵਿਸਾਰ ਦਿੱਤਾ ਜਾਏ ।
ਕੂੜੋ = ਕੂੜ ਹੀ, ਵਿਅਰਥ ਹੀ ।
ਕੂਰਿ = ਕੂੜ ਵਿਚ, ਵਿਅਰਥ ਜਤਨ ਵਿਚ ।੨ ।
ਤਖਤਿ = ਤਖ਼ਤ ਉਤੇ ।
ਅਧਕੀ = ਬਹੁਤ ।
ਵਿਆਪੈ = ਜ਼ੋਰ ਪਾਂਦਾ ਹੈ ।
ਜਾਚੇ = ਮੰਗਿਆਂ ।੩ ।
ਵਾਦਿ = ਝਗੜੇ ਵਿਚ ।
ਅਹੰਕਾਰਿ = ਅਹੰਕਾਰ ਵਿਚ ।
ਦੇ = ਦੇ ਕੇ ।
ਪਾਵਿਹ = ਤੂੰ ਹਾਸਲ ਕਰੇਂਗਾ ।
ਸੁਹੇਲਾ = ਸੁਖ ਦਾ ਘਰ, ਸੁਖ ਦਾ ਸੋਮਾ {ਸੁਖ ਆਲਯ} ।
ਦੁਹੇਲਾ = ਦੁੱਖਾਂ ਦਾ ਘਰ, ਦੁਖਦਾਈ ।੪ ।
ਦਮ = ਧਨ = ਪਦਾਰਥ ।
ਬੋਹਿਥ = ਜਹਾਜ਼ ।
ਸਾਗਰ ਵਾਟ = ਸਮੁੰਦਰ ਦਾ ਸਫ਼ਰ ।
ਘਾਟੇ ਘਾਟਿ = ਘਾਟੇ ਵਿਚ ਹੀ, ਘਾਟ ਵਿਚ ਹੀ, ਨੁਕਸਾਨ ਵਿਚ ਹੀ ।੫ ।
ਵਾਹੁ ਵਾਹੁ = ਧੰਨ ਧੰਨ (ਆਖੋ) ।
ਜਿ = ਜੇਹੜਾ (ਗੁਰੂ) ।
ਮੇਲਿ = (ਪ੍ਰਭੂ ਦੇ) ਮਿਲਾਪ ਵਿਚ ।੬ ।
ਤਿਸ ਕਉ = ਉਸ (ਪਰਮਾਤਮਾ) ਨੂੰ ।
ਜੀਉ = ਜੀਵਾਤਮਾ, ਜਿੰਦ ।
ਮਥਿ = ਰਿੜਕ ਕੇ, ਚੰਗੀ ਤ੍ਰਹਾਂ ਵਿਚਾਰ ਕੇ ।
ਤੁਧੁ = ਤੈਨੂੰ ।
ਭਾਣੈ = ਆਪਣੀ ਰਜ਼ਾ ਵਿਚ ।
ਦੀਉ = ਦੇਵੇਗਾ ।੭ ।
ਜੀਵਾ = ਜੀਵਾਂ, ਮੈਂ ਜੀਉ ਸਕਾਂ ।
ਮਾਇ = ਹੇ ਮਾਂ !
ਅਨਦਿਨੁ = ਹਰ ਰੋਜ਼ ।
ਜਪਤੁ ਰਹਉ = ਜਪਦਾ ਰਹਾਂ ।
ਨਾਮਿ = ਨਾਮ ਵਿਚ ।
ਨਾਮਿ ਰਹੇ = ਜੇ ਨਾਮ ( = ਰੰਗ) ਵਿਚ ਰੰਗੇ ਰਹੀਏ ।
ਪਤਿ = ਇੱਜ਼ਤ ।੮ ।
    
Sahib Singh
(ਹੇ ਭਾਈ!) ਤੂੰ (ਆਪਣੇ) ਮਨ ਵਿਚ ਪ੍ਰਭੂ ਜੀ ਨੂੰ (ਵਸਾ ਲੈ, ਤੇ ਇਸ ਤ੍ਰਹਾਂ) ਤੂੰੰ (ਆਪਣੇ) ਮਨ ਵਿਚ (ਆਤਮਕ) ਆਨੰਦ (ਮਾਣ) ।
(ਚੇਤੇ ਰੱਖ) ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਤੂੰ ਜਮਾਂ ਦੇ ਦੁੱਖ ਸਹਾਰੇਂਗਾ ।੧।ਰਹਾਉ ।
(ਜੇ ਕੋਈ ਮਨੁੱਖ ਮਨ ਦਾ ਹਠ ਕਰ ਕੇ ਧੂਣੀਆਂ ਆਦਿਕ ਤਪਾ ਕੇ) ਸਰੀਰਕ ਅੌਖ ਸਹਾਰਦਾ ਹੈ, ਤਾਂ ਉਸ ਦਾ ਇਹ ਕਸ਼ਟ ਸਹਾਰਨਾ ਕਿਸੇ ਗਿਣਤੀ ਵਿਚ ਨਹੀਂ ਗਿਣਿਆ ਜਾਂਦਾ ।
ਜੇ ਕੋਈ ਮਨੁੱਖ (ਪਿੰਡੇ ਉਤੇ) ਸੁਆਹ ਮਲਦਾ ਹੈ ਤੇ (ਜੋਗ ਆਦਿਕ ਦੇ) ਕਈ ਭੇਖ ਕਰਦਾ ਹੈ (ਇਹ ਭੀ ਵਿਅਰਥ ਜਾਂਦੇ ਸਨ) ।
ਪਰਮਾਤਮਾ ਦਾ ਨਾਮ ਭੁਲਾ ਕੇ ਉਹ ਅੰਤ ਨੂੰ ਪਛੁਤਾਂਦਾ ਹੈ (ਕਿ ਇਹਨਾਂ ਉੱਦਮਾਂ ਵਿਚ ਵਿਅਰਥ ਜੀਵਨ ਗਵਾਇਆ) ।੧।(ਦੂਜੇ ਪਾਸੇ ਜੇ ਕੋਈ ਮਨੁੱਖ) ਅਤਰ ਚੰਦਨ ਅਗਰ ਕਪੂਰ (ਆਦਿਕ ਸੁਗੰਧੀਆਂ ਦੇ ਵਰਤਣ) ਵਿਚ ਮਸਤ ਹੈ, ਮਾਇਆ ਦੇ ਮੋਹ ਵਿਚ ਮਸਤ ਹੈ, ਤਾਂ ਉੱਚੀ ਆਤਮਕ ਅਵਸਥਾ (ਉਸ ਤੋਂ ਭੀ) ਦੂਰ ਹੈ ।
ਜੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਜਾਏ, ਤਾਂ ਇਹ ਸਾਰਾ (ਦੁਨੀਆ ਵਾਲਾ ਐਸ਼ ਭੀ) ਵਿਅਰਥ ਹੈ (ਸੁਖ ਨਹੀਂ ਮਿਲਦਾ, ਮਨੁੱਖ ਸੁਖ ਦੇ) ਵਿਅਰਥ ਜਤਨਾਂ ਵਿਚ ਹੀ ਰਹਿੰਦਾ ਹੈ ।੨ ।
(ਜੇ ਕੋਈ ਮਨੁੱਖ ਰਾਜਾ ਭੀ ਬਣ ਜਾਏ) ਤਖ਼ਤ ਉਤੇ (ਬੈਠੇ ਹੋਏ ਨੂੰ) ਨੇਜ਼ਾ-ਬਰਦਾਰ ਤੇ ਫ਼ੌਜੀ ਵਾਜੇ ਵਾਲੇ ਸਲਾਮ ਕਰਨ, ਤਾਂ ਭੀ ਮਾਇਆ ਦੀ ਤਿ੍ਰਸਨਾ ਹੀ ਵਧਦੀ ਹੈ, ਕਾਮ-ਵਾਸਨਾ ਜ਼ੋਰ ਪਾਂਦੀ ਹੈ (ਇਹਨਾਂ ਵਿਚ ਆਤਮਕ ਸੁਖ ਨਹੀਂ ਹੈ! ਸੁਖ ਹੈ ਕੇਵਲ ਪ੍ਰਭੂ ਦੇ ਨਾਮ ਵਿਚ ਭਗਤੀ ਵਿਚ) ।
ਪਰ ਪ੍ਰਭੂ ਦੇ ਦਰ ਤੋਂ ਮੰਗਣ ਤੋਂ ਬਿਨਾ ਨਾਹ ਭਗਤੀ ਮਿਲਦੀ ਹੈ ਨਾਹ ਨਾਮ ਮਿਲਦਾ ਹੈ ।੩ ।
(ਵਿੱਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਦੇ) ਝਗੜੇ ਵਿਚ (ਪਿਆਂ) (ਤੇ ਵਿੱਦਿਆ ਦੇ) ਅਹੰਕਾਰ ਵਿਚ (ਭੀ) ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ ।
(ਹੇ ਭਾਈ!) ਆਪਣਾ ਮਨ ਦੇ ਕੇ (ਹੀ, ਅਹੰਕਾਰ ਗਵਾ ਕੇ ਹੀ) ਸੁਖਾਂ ਦਾ ਸੋਮਾ ਪ੍ਰਭੂ-ਨਾਮ ਪ੍ਰਾਪਤ ਕਰੇਂਗਾ ।
(ਪ੍ਰਭੂ ਨੂੰ ਵਿਸਾਰ ਕੇ) ਹੋਰ ਹੋਰ ਪਿਆਰ ਵਿਚ ਰਿਹਾਂ ਤਾਂ ਦੁਖਦਾਈ ਅਗਿਆਨ ਹੀ (ਵਧੇਗਾ) ।੪ ।
ਜਿਵੇਂ ਰਾਸ-ਪੂੰਜੀ ਤੋਂ ਬਿਨਾ ਹੱਟੀ ਦਾ ਸੌਦਾ-ਸੂਤ ਨਹੀਂ ਆ ਸਕਦਾ, ਜਿਵੇਂ ਜਹਾਜ਼ ਤੋਂ ਬਿਨਾ ਸਮੁੰਦਰ ਦਾ ਸਫ਼ਰ ਨਹੀਂ ਹੋ ਸਕਦਾ, ਤਿਵੇਂ ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵਨ-ਸਫ਼ਰ ਵਿਚ ਆਤਮਕ ਰਾਸ-ਪੂੰਜੀ ਵਲੋਂ) ਘਾਟੇ ਹੀ ਘਾਟੇ ਵਿਚ ਰਹੀਦਾ ਹੈ ।੫ ।
(ਹੇ ਭਾਈ!) ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ ਜਿਹੜਾ ਸਹੀ ਜੀਵਨ-ਰਸਤਾ ਵਿਖਾਂਦਾ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾਂਦਾ ਹੈ, ਤੇ (ਇਸ ਤ੍ਰਹਾਂ) ਜੇਹੜਾ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ।੬ ।
ਹੇ ਭਾਈ! ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਜਿਸ ਦੀ (ਦਿੱਤੀ ਹੋਈ) ਇਹ ਜਿੰਦ ਹੈ ।
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ।
ਉਹ ਪ੍ਰਭੂ ਤੈਨੂੰ ਆਪਣੀ ਰਜ਼ਾ ਵਿਚ ਨਾਮ ਜਪਣ ਦੀ ਵਡਿਆਈ ਦੇਵੇਗਾ ।੭ ।
ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ (ਆਤਮਕ ਜੀਵਨ) ਜਿਊ ਨਹੀਂ ਸਕਦਾ ।
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, (ਮਿਹਰ ਕਰ) ਮੈਂ ਦਿਨ ਰਾਤ ਤੇਰਾ ਹੀ ਨਾਮ ਜਪਦਾ ਰਹਾਂ ।
ਹੇ ਨਾਨਕ! ਜੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹੀਏ, ਤਾਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ।੮।੧੨ ।
Follow us on Twitter Facebook Tumblr Reddit Instagram Youtube