ਗਉੜੀ ਮਹਲਾ ੧ ॥
ਐਸੋ ਦਾਸੁ ਮਿਲੈ ਸੁਖੁ ਹੋਈ ॥
ਦੁਖੁ ਵਿਸਰੈ ਪਾਵੈ ਸਚੁ ਸੋਈ ॥੧॥

ਦਰਸਨੁ ਦੇਖਿ ਭਈ ਮਤਿ ਪੂਰੀ ॥
ਅਠਸਠਿ ਮਜਨੁ ਚਰਨਹ ਧੂਰੀ ॥੧॥ ਰਹਾਉ ॥

ਨੇਤ੍ਰ ਸੰਤੋਖੇ ਏਕ ਲਿਵ ਤਾਰਾ ॥
ਜਿਹਵਾ ਸੂਚੀ ਹਰਿ ਰਸ ਸਾਰਾ ॥੨॥

ਸਚੁ ਕਰਣੀ ਅਭ ਅੰਤਰਿ ਸੇਵਾ ॥
ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥੩॥

ਜਹ ਜਹ ਦੇਖਉ ਤਹ ਤਹ ਸਾਚਾ ॥
ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥

ਗੁਰੁ ਸਮਝਾਵੈ ਸੋਝੀ ਹੋਈ ॥
ਗੁਰਮੁਖਿ ਵਿਰਲਾ ਬੂਝੈ ਕੋਈ ॥੫॥

ਕਰਿ ਕਿਰਪਾ ਰਾਖਹੁ ਰਖਵਾਲੇ ॥
ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥

ਗੁਰਿ ਕਹਿਆ ਅਵਰੁ ਨਹੀ ਦੂਜਾ ॥
ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭॥

ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ ॥
ਆਤਮੁ ਚੀਨੈ ਸੁ ਤਤੁ ਬੀਚਾਰੇ ॥੮॥

ਸਾਚੁ ਰਿਦੈ ਸਚੁ ਪ੍ਰੇਮ ਨਿਵਾਸ ॥
ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥੯॥੮॥

Sahib Singh
ਦਾਸੁ = ਹਰੀ ਦਾ ਦਾਸ (ਗੁਰੂ) ।
ਸਚੁ = ਸਦਾ = ਥਿਰ ਪ੍ਰਭੂ (ਦਾ ਮਿਲਾਪ) ।
ਸੋਈ = ਉਹ ਮਨੁੱਖ ਹੀ ।੧ ।
ਦੇਖਿ = ਵੇਖ ਕੇ ।
ਪੂਰੀ = ਅਭੁੱਲ ।
ਅਠਸਠਿ = ਅਠਾਹਠ (ਤੀਰਥ) ।
ਮਜਨੁ = ਇਸ਼ਨਾਨ ।
ਚਰਨਹ = (ਗੁਰੂ ਦੇ) ਚਰਨਾਂ ਦੀ ।੧।ਰਹਾਉ ।
ਨੇਤ੍ਰ = ਅੱਖਾਂ ।
ਸੰਤੋਖੇ = ਪਰ ਤਨ = ਰੂਪ ਵੇਖਣ ਵਲੋਂ ਰੱਜ ਜਾਂਦੇ ਹਨ ।
ਸੂਚੀ = ਪਵਿਤ੍ਰ ।
ਸਾਰਾ = ਸ੍ਰੇਸ਼ਟ ।੨ ।
ਅਭ ਅੰਤਰ = {ਅËਯਂਤਰ} ਦਿਲ ਦੇ ਅੰਦਰ ।
ਅਲਖ ਅਭੇਵ ਸੇਵਾ = ਅਲੱਖ ਅਭੇਵ ਪ੍ਰਭੂ ਦੀ ਸੇਵਾ-ਭਗਤੀ ।੩ ।
ਦੇਖਉ = ਦੇਖਉਂ, ਮੈਂ ਵੇਖਦਾ ਹਾਂ ।
ਸਾਚਾ = ਸਦਾ = ਥਿਰ ਪ੍ਰਭੂ ।
ਜਗੁ ਕਾਚਾ = (ਵਿਕਾਰਾਂ ਦੇ ਟਾਕਰੇ ਤੇ) ਕਮਜ਼ੋਰ ਮਨ ਵਾਲਾ ਜਗਤ ।੪ ।
ਸੋਝੀ = ਇਹ ਸਮਝ ਕਿ ਪ੍ਰਭੂ ਹਰ ਥਾਂ ਮੌਜੂਦ ਹੈ ।੫ ।
ਬੇਤਾਲੇ = ਜੀਵਨ = ਤਾਲ ਤੋਂ ਖੁੰਝੇ ਹੋਏ, ਭੂਤਨੇ ।੬।ਗੁਰਿ—ਗੁਰੂ ਨੇ ।
ਕਹੁ = ਦੱਸੋ ।
ਕਰਉ = ਕਰਉਂ, ਮੈਂ ਕਰਾਂ ।
ਅਨ ਪੂਜਾ = ਕਿਸੇ ਹੋਰ ਦੀ ਪੂਜਾ ।੭ ।
ਸੰਤ ਹੇਤਿ = (ਮਨੁੱਖ ਨੂੰ) ਸੰਤ ਬਣਾਣ ਵਾਸਤੇ ।
ਪ੍ਰਭਿ = ਪ੍ਰਭੂ ਨੇ ।
ਤਿ੍ਰਭਵਣ = ਤਿੰਨੇ ਭਵਨ, ਸਾਰੀ ਸਿ੍ਰਸ਼ਟੀ ।
ਧਾਰੇ = ਰਚੇ ਹਨ ।
ਆਤਮੁ = ਆਪਣੇ ਆਪ ਨੂੰ ।
ਚੀਨੈ = ਪਛਾਣਦਾ ਹੈ, ਪਰਖਦਾ ਹੈ ।
ਤਤੁ = ਅਸਲੀਅਤ ।੮ ।
ਰਿਦੈ = ਹਿਰਦੇ ਵਿਚ ।
ਪ੍ਰਣਵਤਿ = ਬੇਨਤੀ ਕਰਦਾ ਹੈ ।
ਤਾ ਕੇ = ਉਸ (ਗੁਰੂ) ਦੇ ।੯ ।
    
Sahib Singh
(ਹਰੀ ਦੇ ਦਾਸ, ਗੁਰੂ ਦਾ) ਦਰਸਨ ਕਰ ਕੇ ਮਨੁੱਖ ਦੀ ਅਕਲ ਪੂਰੀ (ਸੂਝ ਵਾਲੀ) ਹੋ ਜਾਂਦੀ ਹੈ ।
(ਗੁਰੂ ਦੇ) ਚਰਨਾਂ ਦੀ ਧੂੜ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ ।੧।ਰਹਾਉ ।
(ਪਰਮਾਤਮਾ ਦਾ) ਇਹੋ ਜਿਹਾ ਦਾਸ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ, (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ ।
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ, ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ ।੧ ।
ਉਸ ਦੀਆਂ ਅੱਖਾਂ (ਪਰਾਇਆ ਰੂਪ ਤੱਕਣ ਵਲੋਂ) ਰੱਜ ਜਾਂਦੀਆਂ ਹਨ, ਉਸ ਦੀ ਸੁਰਤਿ ਦੀ ਤਾਰ ਇੱਕ ਪਰਮਾਤਮਾ ਵਿਚ ਰਹਿੰਦੀ ਹੈ ।
ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖ ਕੇ ਉਸ ਦੀ ਜੀਭ ਪਵਿਤ੍ਰ ਹੋ ਜਾਂਦੀ ਹੈ ।੨ ।
(ਪਰਮਾਤਮਾ ਦਾ ਅਜੇਹਾ ਦਾਸ, ਗੁਰੂ ਜਿਸ ਮਨੁੱਖ ਨੂੰ ਮਿਲਦਾ ਹੈ) ਪ੍ਰਭੂ ਦਾ ਸਿਮਰਨ ਉਸ ਦੀ (ਨਿੱਤ ਦੀ) ਕਰਣੀ ਬਣ ਜਾਂਦਾ ਹੈ ।
ਅਲੱਖ ਤੇ ਅਭੇਵ ਪਰਮਾਤਮਾ ਦੀ ਆਪਣੇ ਅੰਦਰ ਸੇਵਾ-ਭਗਤੀ ਕਰ ਕੇ ਉਸ ਦਾ ਮਨ (ਮਾਇਆ ਵਲੋਂ) ਤਿ੍ਰਪਤ ਹੋ ਜਾਂਦਾ ਹੈ ।੩ ।
(ਉਸ ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਮੈਂ ਜਿੱਧਰ ਤੱਕਦਾ ਹਾਂ ਉਧਰ ਉਧਰ ਮੈਨੂੰ ਸਦਾ-ਥਿਰ ਪ੍ਰਭੂ ਦਿੱਸਦਾ ਹੈ ।
ਪਰ ਮਾਇਆ ਦੇ ਟਾਕਰੇ ਤੇ ਕਮਜ਼ੋਰ ਮਨ ਵਾਲਾ ਜਗਤ ਇਸ ਗਿਆਨ ਤੋਂ ਸੱਖਣਾ ਹੋਣ ਕਰਕੇ ਖਹਿ ਖਹਿ ਕਰ ਰਿਹਾ ਹੈ ।੪ ।
ਇਹ ਸਮਝ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ ਉਸੇ ਨੂੰ ਹੁੰਦੀ ਹੈ ਜਿਸ ਨੂੰ ਗੁਰੂ ਇਹ ਸਮਝ ਦੇਵੇ ।
ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਪ੍ਰਾਪਤ ਕਰਦਾ ਹੈ ।੫ ।
ਹੇ ਰੱਖਣਹਾਰ ਪ੍ਰਭੂ! ਮਿਹਰ ਕਰ, ਤੇ ਜੀਵਾਂ ਨੂੰ (ਖਹਿ ਖਹਿ ਤੋਂ) ਤੂੰ ਆਪ ਬਚਾ ।
ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਜੀਵ ਪਸ਼ੂ (-ਸੁਭਾਵ) ਬਣ ਰਹੇ ਹਨ, ਭੂਤਨੇ ਹੋ ਰਹੇ ਹਨ ।੬ ।
ਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ।
ਦੱਸੋ, (ਹੇ ਭਾਈ!) ਮੈਂ ਕਿਸ ਨੂੰ (ਉਸ ਵਰਗਾ) ਦੇਖ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ ?
।੭ ।
ਪਰਮਾਤਮਾ ਨੇ (ਮਨੁੱਖਾਂ ਨੂੰ) ਸੰਤ ਬਣਾਣ ਲਈ ਇਹ ਸਿ੍ਰਸ਼ਟੀ ਰਚੀ ਹੈ ।
ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਹ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ ।੮ ।
(ਗੁਰੂ ਦਾ ਦੀਦਾਰ ਕਰ ਕੇ ਹੀ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਨੁੱਖ ਦੇ ਹਿਰਦੇ ਵਿਚ ਨਿਵਾਸ ਕਰਦਾ ਹੈ, ਪਰਮਾਤਮਾ ਦਾ ਪਿਆਰ ਰਿਦੇ ਵਿਚ ਟਿਕਦਾ ਹੈ ।
ਨਾਨਕ ਬੇਨਤੀ ਕਰਦਾ ਹੈ,—ਮੈਂ ਭੀ ਉਸ ਗੁਰੂ ਦਾ ਦਾਸ ਹਾਂ ।੯।੮ ।
Follow us on Twitter Facebook Tumblr Reddit Instagram Youtube