ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥
ਪੂਰਨ ਪੂਰਿ ਰਹਿਆ ਬਿਖੁ ਮਾਰਿ ॥
ਤ੍ਰਿਕੁਟੀ ਛੂਟੀ ਬਿਮਲ ਮਝਾਰਿ ॥
ਗੁਰ ਕੀ ਮਤਿ ਜੀਇ ਆਈ ਕਾਰਿ ॥੧॥

ਇਨ ਬਿਧਿ ਰਾਮ ਰਮਤ ਮਨੁ ਮਾਨਿਆ ॥
ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥੧॥ ਰਹਾਉ ॥

ਇਕੁ ਸੁਖੁ ਮਾਨਿਆ ਸਹਜਿ ਮਿਲਾਇਆ ॥
ਨਿਰਮਲ ਬਾਣੀ ਭਰਮੁ ਚੁਕਾਇਆ ॥
ਲਾਲ ਭਏ ਸੂਹਾ ਰੰਗੁ ਮਾਇਆ ॥
ਨਦਰਿ ਭਈ ਬਿਖੁ ਠਾਕਿ ਰਹਾਇਆ ॥੨॥

ਉਲਟ ਭਈ ਜੀਵਤ ਮਰਿ ਜਾਗਿਆ ॥
ਸਬਦਿ ਰਵੇ ਮਨੁ ਹਰਿ ਸਿਉ ਲਾਗਿਆ ॥
ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ ॥
ਭਾਇ ਬਸੇ ਜਮ ਕਾ ਭਉ ਭਾਗਿਆ ॥੩॥

ਸਾਦ ਰਹੇ ਬਾਦੰ ਅਹੰਕਾਰਾ ॥
ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ ॥
ਜਾਤਿ ਰਹੇ ਪਤਿ ਕੇ ਆਚਾਰਾ ॥
ਦ੍ਰਿਸਟਿ ਭਈ ਸੁਖੁ ਆਤਮ ਧਾਰਾ ॥੪॥

ਤੁਝ ਬਿਨੁ ਕੋਇ ਨ ਦੇਖਉ ਮੀਤੁ ॥
ਕਿਸੁ ਸੇਵਉ ਕਿਸੁ ਦੇਵਉ ਚੀਤੁ ॥
ਕਿਸੁ ਪੂਛਉ ਕਿਸੁ ਲਾਗਉ ਪਾਇ ॥
ਕਿਸੁ ਉਪਦੇਸਿ ਰਹਾ ਲਿਵ ਲਾਇ ॥੫॥

ਗੁਰ ਸੇਵੀ ਗੁਰ ਲਾਗਉ ਪਾਇ ॥
ਭਗਤਿ ਕਰੀ ਰਾਚਉ ਹਰਿ ਨਾਇ ॥
ਸਿਖਿਆ ਦੀਖਿਆ ਭੋਜਨ ਭਾਉ ॥
ਹੁਕਮਿ ਸੰਜੋਗੀ ਨਿਜ ਘਰਿ ਜਾਉ ॥੬॥

ਗਰਬ ਗਤੰ ਸੁਖ ਆਤਮ ਧਿਆਨਾ ॥
ਜੋਤਿ ਭਈ ਜੋਤੀ ਮਾਹਿ ਸਮਾਨਾ ॥
ਲਿਖਤੁ ਮਿਟੈ ਨਹੀ ਸਬਦੁ ਨੀਸਾਨਾ ॥
ਕਰਤਾ ਕਰਣਾ ਕਰਤਾ ਜਾਨਾ ॥੭॥

ਨਹ ਪੰਡਿਤੁ ਨਹ ਚਤੁਰੁ ਸਿਆਨਾ ॥
ਨਹ ਭੂਲੋ ਨਹ ਭਰਮਿ ਭੁਲਾਨਾ ॥
ਕਥਉ ਨ ਕਥਨੀ ਹੁਕਮੁ ਪਛਾਨਾ ॥
ਨਾਨਕ ਗੁਰਮਤਿ ਸਹਜਿ ਸਮਾਨਾ ॥੮॥੧॥

Sahib Singh
ਨ ਦੇਖਉ = ਮੈਂ ਨਹੀਂ ਵੇਖਦਾ ।
ਸੇਵਉ = ਸੇਵਉਂ, ਮੈਂ ਸੇਵਾ ਕਰਾਂ ।
ਪਾਇ = ਚਰਨੀਂ ।
ਉਪਦੇਸਿ = ਉਪਦੇਸ਼ ਵਿਚ ।੫ ।
ਸੇਵੀ = ਸੇਵੀਂ, ਮੈਂ ਸੇਵਾ ਕਰਦਾ ਹਾਂ ।
ਕਰੀ = ਮੈਂ ਕਰਦਾ ਹਾਂ ।
ਨਾਇ = ਨਾਮ ਵਿਚ ।
ਦੀਖਿਆ = ਕਿਸੇ ਧਰਮ ਵਿਚ ਦਾਖ਼ਲ ਹੋਣ ਵੇਲੇ ਜੋ ਖ਼ਾਸ ਉਪਦੇਸ਼ ਮਿਲਦਾ ਹੈ ।
ਭਾਉ = ਪ੍ਰੇਮ ।
ਸੰਜੋਗੀ = ਸੰਜੋਗਾਂ ਨਾਲ, ਕੀਤੇ ਕਰਮਾਂ ਦੇ ਅੰਕੁਰ ਫੁੱਟਣ ਨਾਲ ।
ਜਾਉ = ਜਾਉਂ, ਮੈਂ ਜਾਂਦਾ ਹਾਂ ।੬ ।
ਗਰਬ ਗਤੰ = ਅਹੰਕਾਰ ਦੂਰ ਹੋ ਗਿਆ ।
ਜੋਤਿ = ਚਾਨਣ, ਪ੍ਰਕਾਸ਼ ।
ਲਿਖਤੁ = ਹਿਰਦੇ ਵਿਚ ਉੱਕਰਿਆ ਹੋਇਆ ਲੇਖ ।
ਨੀਸਾਨਾ = ਪਰਗਟ ।
ਕਰਣਾ = ਸਿ੍ਰਸ਼ਟੀ ।
ਜਾਨਾ = ਮੈਂ ਜਾਣ ਲਿਆ ਹੈ ।੭ ।
ਭਰਮਿ = ਭਟਕਣਾ ਵਿਚ ।
ਕਥਉ ਨ = ਮੈਂ ਕਥਦਾ ਨਹੀਂ ਹਾਂ ।
ਸਮਾਨਾ = ਮੈਂ ਲੀਨ ਹੋ ਗਿਆ ਹਾਂ ।੮ ।
    
Sahib Singh
(ਗੁਰੂ ਦੇ ਸ਼ਬਦ ਦੀ ਬਰਕਤਿ ਨਾਲ, ਹੇ ਪ੍ਰਭੂ!) ਮੈਨੂੰ ਤੈਥੋਂ ਬਿਨਾ ਕੋਈ ਹੋਰ (ਪੱਕਾ) ਮਿੱਤਰ ਨਹੀਂ ਦਿੱਸਦਾ ।
ਮੈਂ ਹੁਣ ਕਿਸੇ ਹੋਰ ਨੂੰ ਨਹੀਂ ਸਿਮਰਦਾ, ਮੈਂ ਕਿਸੇ ਹੋਰ ਨੂੰ ਆਪਣਾ ਮਨ ਨਹੀਂ ਭੇਂਟ ਕਰਦਾ ।
ਮੈਂ ਕਿਸੇ ਹੋਰ ਤੋਂ ਸਾਲਾਹ ਨਹੀਂ ਪੁੱਛਦਾ ।
ਮੈਂ ਕਿਸੇ ਹੋਰ ਦੇ ਪੈਰੀਂ ਨਹੀਂ ਲਗਦਾ ਫਿਰਦਾ ।
ਮੈਂ ਕਿਸੇ ਹੋਰ ਦੇ ਉਪਦੇਸ਼ ਵਿਚ ਸੁਰਤਿ ਨਹੀਂ ਜੋੜਦਾ ਫਿਰਦਾ ।੫ ।
(ਗੁਰੂ ਦੇ ਸ਼ਬਦ ਨੇ ਹੀ ਮੈਨੂੰ ਤੇਰੇ ਗਿਆਨ ਦਾ ਸੁਰਮਾ ਦਿੱਤਾ ਹੈ, ਇਸ ਵਾਸਤੇ) ਮੈਂ ਗੁਰੂ ਦੀ ਹੀ ਸੇਵਾ ਕਰਦਾ ਹਾਂ, ਗੁਰੂ ਦੀ ਹੀ ਚਰਨੀਂ ਲੱਗਦਾ ਹਾਂ ।
(ਗੁਰੂ ਦੀ ਸਹਾਇਤਾ ਨਾਲ ਹੀ, ਹੇ ਭਾਈ!) ਮੈਂ ਪਰਮਾਤਮਾ ਦੀ ਭਗਤੀ ਕਰਦਾ ਹਾਂ, ਹਰੀ ਦੇ ਨਾਮ ਵਿਚ ਟਿਕਦਾ ਹਾਂ ।
ਗੁਰੂ ਦੀ ਸਿੱਖਿਆ, ਗੁਰੂ ਦੀ ਦੀਖਿਆ, ਗੁਰੂ ਦੇ ਪ੍ਰੇਮ ਨੂੰ ਹੀ ਮੈਂ ਆਪਣੇ ਆਤਮਾ ਦਾ ਭੋਜਨ ਬਣਾਇਆ ਹੈ ।
ਪ੍ਰਭੂ ਦੀ ਰਜ਼ਾ ਵਿਚ ਹੀ ਇਹ ਪਿਛਲੇ ਕਰਮਾਂ ਦਾ ਅੰਕੁਰ ਫੁੱਟਿਆ ਹੈ, ਤੇ ਮੈਂ ਆਪਣੇ ਅਸਲ ਘਰ (ਪ੍ਰਭੂ-ਚਰਨਾਂ) ਵਿਚ ਟਿਕਿਆ ਬੈਠਾ ਹਾਂ ।੬ ।
(ਸਿਮਰਨ ਦੀ ਬਰਕਤਿ ਨਾਲ) ਅਹੰਕਾਰ ਦੂਰ ਹੋ ਗਿਆ ਹੈ, ਆਤਮਕ ਆਨੰਦ ਵਿਚ ਮੇਰੀ ਸੁਰਤਿ ਟਿਕ ਗਈ ਹੈ, ਮੇਰੇ ਆਤਮਕ ਚਾਨਣ ਹੋ ਗਿਆ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਗਈ ਹੈ ।
(ਮੇਰੇ ਹਿਰਦੇ ਵਿਚ) ਉੱਕਰਿਆ ਹੋਇਆ ਗੁਰ-ਸ਼ਬਦ (ਰੂਪ) ਲੇਖ ਹੁਣ ਅਜਿਹਾ ਪਰਗਟ ਹੋ ਗਿਆ ਹੈ ਕਿ ਮਿਟ ਨਹੀਂ ਸਕਦਾ ।
ਮੈਂ ਕਰਤੇ ਤੇ (ਕਰਤੇ ਦੀ) ਰਚਨਾ ਨੂੰ ਕਰਤਾਰ-ਰੂਪ ਹੀ ਜਾਣ ਲਿਆ ਹੈ, (ਮੈਂ ਕਰਤਾਰ ਨੂੰ ਹੀ ਸਿ੍ਰਸ਼ਟੀ ਦਾ ਰਚਨਹਾਰਾ ਜਾਣ ਲਿਆ ਹੈ) ।੭ ।
ਮੈਂ ਕੋਈ ਪੰਡਿਤ ਨਹੀਂ ਹਾਂ, ਮੈਂ ਚਤੁਰ ਨਹੀਂ ਹਾਂ, ਮੈਂ ਸਿਆਣਾ ਨਹੀਂ ਹਾਂ, (ਭਾਵ, ਮੈਂ ਕਿਸੇ ਵਿਦਵਤਾ ਚਤੁਰਾਈ ਸਿਆਣਪ ਦਾ ਆਸਰਾ ਨਹੀਂ ਲਿਆ) ਤਾਹੀਏਂ ਮੈਂ (ਰਸਤੇ ਤੋਂ) ਖੁੰਝਿਆ ਨਹੀਂ, ਭਟਕਣਾ ਵਿਚ ਪੈ ਕੇ ਕੁਰਾਹੇ ਨਹੀਂ ਪਿਆ ।
ਮੈਂ ਕੋਈ ਚਤੁਰਾਈ ਦੀਆਂ ਗੱਲਾਂ ਨਹੀਂ ਕਰਦਾ ।
ਹੇ ਨਾਨਕ! (ਆਖ—) ਮੈਂ ਤਾਂ ਸਤਿਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਹੁਕਮ ਨੂੰ ਪਛਾਣਿਆ ਹੈ (ਭਾਵ, ਮੈਂ ਇਹ ਸਮਝਿਆ ਹੈ ਕਿ ਪ੍ਰਭੂ ਦੇ ਹੁਕਮ ਵਿਚ ਤੁਰਨਾ ਹੀ ਸਹੀ ਰਸਤਾ ਹੈ, ਤੇ ਮੈਂ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ।੮।੧ ।
Follow us on Twitter Facebook Tumblr Reddit Instagram Youtube