ਗਉੜੀ ਮਹਲਾ ੯ ॥
ਸਾਧੋ ਰਾਮ ਸਰਨਿ ਬਿਸਰਾਮਾ ॥
ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥

ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥
ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥

ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥
ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥

ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥
ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥

Sahib Singh
ਸਾਧੋ = ਹੇ ਸੰਤ ਜਨੋ !
ਬਿਸਰਾਮਾ = ਸ਼ਾਂਤੀ, ਸੁਖ ।
ਕੋ = ਦਾ ।
ਗੁਨ = ਲਾਭ ।੧।ਰਹਾਉ।ਮਮਤਾ—ਅਪਣੱਤ ।
ਫੁਨਿ = ਭੀ, ਅਤੇ ।
ਅਉ = ਅਉਰ, ਅਤੇ ।
ਬਿਖਿਅਨ ਕੀ ਸੇਵਾ = ਵਿਸ਼ਿਆਂ ਦਾ ਸੇਵਨ ।
ਹਰਖੁ = ਖ਼ੁਸ਼ੀ ।
ਸੋਗੁ = ਗ਼ਮੀ ।
ਜਿਹ = ਜਿਸ ਨੂੰ ।
ਨਾਹਨਿ = ਨਹੀਂ ।
ਦੇਵ = ਭਗਵਾਨ ।੧ ।
ਬਿਖੁ = ਜ਼ਹਰ ।
ਸਮ = ਇਕੋ ਜਿਹਾ ।
ਤਿਉ = ਉਸੇ ਤ੍ਰਹਾਂ ।
ਅਰੁ = ਅਤੇ ।
ਪੈਸਾ = ਤਾਂਬਾ ।
ਕੰਚਨ = ਸੋਨਾ ।
ਜਾ ਕੈ = ਜਿਸ ਦੇ ਹਿਰਦੇ ਵਿਚ ।੨ ।
ਏ = ਇਹ (ਦੁਖ ਤੇ ਸੁਖ) ।
ਬਾਧੇ = ਬੰਨ੍ਹਦੇ ।
ਤਿਹ = ਉਸ ਨੂੰ ।
ਗਿਆਨੀ = ਪਰਮਾਤਮਾ ਨਾਲ ਜਾਣ-ਪਛਾਣ ਪਾ ਰੱਖਣ ਵਾਲਾ ।
ਮਾਨਹੁ = ਸਮਝੋ ।
ਇਹ ਬਿਧਿ ਕੋ = ਇਸ ਕਿਸਮ ਦਾ, ਇਸ ਕਿਸਮ ਦੇ ਜੀਵਨ ਵਾਲਾ ।
ਜੋ = ਜੇਹੜਾ ।੩ ।
    
Sahib Singh
ਹੇ ਸੰਤ ਜਨੋ! ਪਰਮਾਤਮਾ ਦੀ ਸਰਨ ਪਿਆਂ ਹੀ (ਵਿਕਾਰਾਂ ਵਿਚ ਭਟਕਣ ਵਲੋਂ) ਸ਼ਾਂਤੀ ਪ੍ਰਾਪਤ ਹੁੰਦੀ ਹੈ ।
ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ) ਪੜ੍ਹਨ ਦਾ ਇਹੀ ਲਾਭ (ਹੋਣਾ ਚਾਹੀਦਾ) ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ ।੧।ਰਹਾਉ ।
(ਹੇ ਸੰਤ ਜਨੋ!) ਲੋਭ, ਮਾਇਆ ਦਾ ਮੋਹ, ਅਪਣੱਤ ਅਤੇ ਵਿਸ਼ਿਆਂ ਦਾ ਸੇਵਨ, ਖ਼ੁਸ਼ੀ, ਗ਼ਮੀ—(ਇਹਨਾਂ ਵਿਚੋਂ ਕੋਈ ਭੀ) ਜਿਸ ਮਨੁੱਖ ਨੂੰ ਛੁਹ ਨਹੀਂ ਸਕਦਾ (ਜਿਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ।੧ ।
(ਹੇ ਸੰਤ ਜਨੋ! ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਜਿਸ ਨੂੰ) ਸੁਰਗ ਅਤੇ ਨਰਕ ਅੰਮਿ੍ਰਤ ਅਤੇ ਜ਼ਹਰ ਇਕੋ ਜਿਹੇ ਜਾਪਦੇ ਹਨ, ਜਿਸ ਨੂੰ ਸੋਨਾ ਅਤੇ ਤਾਂਬਾ ਇਕ ਸਮਾਨ ਪ੍ਰਤੀਤ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਉਸਤਤਿ ਤੇ ਨਿੰਦਾ ਭੀ ਇਕੋ ਜਿਹੇ ਹਨ (ਕੋਈ ਉਸ ਦੀ ਵਡਿਆਈ ਕਰੇ, ਕੋਈ ਉਸ ਦੀ ਨਿੰਦਾ ਕਰੇ—ਉਸ ਨੂੰ ਇਕ ਸਮਾਨ ਹਨ), ਜਿਸ ਦੇ ਹਿਰਦੇ ਵਿਚ ਲੋਭ ਭੀ ਪ੍ਰਭਾਵ ਨਹੀਂ ਪਾ ਸਕਦਾ, ਮੋਹ ਭੀ ਪ੍ਰਭਾਵ ਨਹੀਂ ਪਾ ਸਕਦਾ ।੨ ।
(ਹੇ ਸੰਤ ਜਨੋ!) ਤੁਸੀ ਉਸ ਮਨੁੱਖ ਨੂੰ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝੋ, ਜਿਸ ਨੂੰ ਨਾਹ ਕੋਈ ਦੁੱਖ ਤੇ ਨਾਹ ਕੋਈ ਸੁਖ (ਆਪਣੇ ਪ੍ਰਭਾਵ ਵਿਚ) ਬੰਨ੍ਹ ਨਹੀਂ ਸਕਦਾ ।
ਹੇ ਨਾਨਕ! (ਆਖ—ਹੇ ਸੰਤ ਜਨੋ! ਲੋਭ, ਮੋਹ, ਦੁਖ ਸੁਖ ਆਦਿਕ ਤੋਂ) ਖ਼ਲਾਸੀ ਉਸ ਮਨੁੱਖ ਨੂੰ (ਮਿਲੀ) ਮੰਨੋ, ਜੇਹੜਾ ਮਨੁੱਖ ਇਸ ਕਿਸਮ ਦੀ ਜੀਵਨ-ਜੁਗਤਿ ਵਾਲਾ ਹੈ ।੩।੭ ।
Follow us on Twitter Facebook Tumblr Reddit Instagram Youtube