ਗਉੜੀ ਮਹਲਾ ੯ ॥
ਕੋਊ ਮਾਈ ਭੂਲਿਓ ਮਨੁ ਸਮਝਾਵੈ ॥
ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥

ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥
ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥

ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥
ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥੨॥੬॥

Sahib Singh
ਮਾਈ = ਹੇ ਮਾਂ !
ਭੂਲਿੳ ਮਨੁ = ਰਸਤੇ ਤੋਂ ਖੁੰਝੇ ਹੋਏ ਮਨ ਨੂੰ ।
ਸਾਧ ਮਗ = ਸੰਤ ਜਨਾਂ ਦੇ ਰਸਤੇ, ਸੰਤ ਜਨਾਂ ਦੇ ਦੱਸੇ ਹੋਏ ਜੀਵਨ-ਰਸਤੇ ।
ਸੁਨਿ ਕਰਿ = ਸੁਣ ਕੇ ।
ਨਿਮਖ = ਅੱਖ ਝਮਕਣ ਜਿਤਨਾ ਸਮਾਂ ।੧।ਰਹਾਉ ।
ਦੇਹ = ਸਰੀਰ ।
ਪਾਇ = ਪ੍ਰਾਪਤ ਕਰ ਕੇ, ਪਾ ਕੇ ।
ਬਿਰਥਾ = ਵਿਅਰਥ ।
ਸਿਰਾਵੈ = ਗੁਜ਼ਾਰਦਾ ਹੈ ।
ਸੰਕਟ = {ਸਜ਼ਕਟ
    (ੳ) ਡੁਲਲ ੋਡ, ਚਰੋਾਦੲਦ ਾਟਿਹ} ਭਰਪੂਰ, ਨਕਾ-ਨਕ ਭਰੇ ਹੋਏ ।
ਬਨ = ਜੰਗਲ ।
ਤਾ ਸਿਉ = ਉਸ ਨਾਲ ।
ਰੁਚ = ਪਿਆਰ ।
ਉਪਜਾਵੈ = ਪੈਦਾ ਕਰਦਾ ਹੈ ।੧ ।
ਨਾਨਕ = ਹੇ ਨਾਨਕ !
ਤਾਹਿ = ਉਸ ਨੂੰ ਹੀ ।
ਮੁਕਤਿ = ਵਿਚਾਰਾਂ ਤੋਂ ਖ਼ਲਾਸੀ ।
ਮਾਨਹੁ = ਸਮਝੋ ।
ਜਿਹ ਘਟਿ = ਜਿਸ ਦੇ ਹਿਰਦੇ ਵਿਚ ।੨ ।
    
Sahib Singh
ਹੇ (ਮੇਰੀ) ਮਾਂ! (ਮਾਇਆ ਦੇ ਮੋਹ ਨਾਲ ਨਕਾ-ਨਕ ਭਰੇ ਹੋਏ ਸੰਸਾਰ-ਜੰਗਲ ਵਿਚ ਮੇਰਾ ਮਨ ਕੁਰਾਹੇ ਪੈ ਗਿਆ ਹੈ, ਮੈਨੂੰ) ਕੋਈ (ਐਸਾ ਗੁਰਮੁਖ ਮਿਲ ਪਵੇ ਜੇਹੜਾ ਮੇਰੇ ਇਸ) ਕੁਰਾਹੇ ਪਏ ਹੋਏ ਮਨ ਨੂੰ ਮਤਿ ਦੇਵੇ ।
(ਇਹ ਭੁੱਲਿਆ ਮਨ) ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਅਤੇ) ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦਾ ।੧।ਰਹਾਉ ।
(ਹੇ ਮੇਰੀ ਮਾਂ! ਇਹ ਮਨ ਅਜਿਹਾ ਕੁਰਾਹੇ ਪਿਆ ਹੋਇਆ ਹੈ ਕਿ) ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ (ਭੀ) ਇਸ ਜਨਮ ਨੂੰ ਵਿਅਰਥ ਗੁਜ਼ਾਰ ਰਿਹਾ ਹੈ ।
(ਹੇ ਮਾਂ! ਇਹ ਸੰਸਾਰ) ਜੰਗਲ ਮਾਇਆ ਦੇ ਮੋਹ ਨਾਲ ਨਕਾ-ਨਕ ਭਰਿਆ ਪਿਆ ਹੈ (ਤੇ ਮੇਰਾ ਮਨ) ਇਸ (ਜੰਗਲ ਨਾਲ ਹੀ) ਪ੍ਰੇਮ ਬਣਾ ਰਿਹਾ ਹੈ ।੧ ।
(ਹੇ ਮੇਰੀ ਮਾਂ! ਜੇਹੜਾ) ਪਰਮਾਤਮਾ (ਹਰੇਕ ਜੀਵ ਦੇ) ਅੰਦਰ ਤੇ ਬਾਹਰ ਹਰ ਵੇਲੇ ਵੱਸਦਾ ਹੈ ਉਸ ਨਾਲ (ਇਹ ਮੇਰਾ ਮਨ) ਪਿਆਰ ਨਹੀਂ ਪਾਂਦਾ ।
ਹੇ ਨਾਨਕ! (ਆਖ—ਮਾਇਆ ਦੇ ਮੋਹ ਨਾਲ ਭਰਪੂਰ ਸੰਸਾਰ-ਜੰਗਲ ਵਿਚੋਂ) ਖ਼ਲਾਸੀ ਤੁਸੀ ਉਸੇ ਮਨੁੱਖ ਨੂੰ (ਮਿਲੀ) ਸਮਝੋ ਜਿਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਰਿਹਾ ਹੈ ।੨।੬ ।
Follow us on Twitter Facebook Tumblr Reddit Instagram Youtube