ਗਉੜੀ ਮਹਲਾ ੯ ॥
ਸਾਧੋ ਇਹੁ ਮਨੁ ਗਹਿਓ ਨ ਜਾਈ ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥

ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥

ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥

Sahib Singh
ਗਹਿਓ ਨ ਜਾਈ = ਫੜਿਆ ਨਹੀਂ ਜਾਂਦਾ ।
ਚੰਚਲ = ਕਦੇ ਨਾਹ ਟਿਕਣ ਵਾਲੀ, ਅਨੇਕਾਂ ਹਾਵ-ਭਾਵ ਕਰਨ ਵਾਲੀ ।
ਯਾ ਤੇ = ਇਸ ਕਾਰਨ ।
ਥਿਰੁ = ਸਦਾ = ਟਿਕਵਾਂ ।੧।ਰਹਾਉ ।
ਕਠਨ = (ਜਿਸ ਨੂੰ ਵੱਸ ਕਰਨਾ) ਅੌਖਾ (ਹੈ) ।
ਘਟ = ਹਿਰਦਾ ।
ਭੀਤਰਿ = ਅੰਦਰ ।
ਜਿਹ = ਜਿਸ (ਕ੍ਰੋਧ) ਨੇ ।
ਸੁਧਿ = ਸੂਝ, ਅਕਲ, ਹੋਸ਼ ।
ਸਭ ਕੋ = ਹਰੇਕ ਜੀਵ ਦਾ ।
ਹਿਰਿ ਲੀਨਾ = ਚੁਰਾ ਲਿਆ ਹੈ ।
ਬਸਾਈ = ਵੱਸ, ਜ਼ੋਰ, ਪੇਸ਼ ।
ਸਿਉ = ਨਾਲ ।੧ ।
ਸਭਿ = ਸਾਰੇ ।
ਗੁਨੀ = ਗੁਣਵਾਨ, ਵਿਦਵਾਨ ਮਨੁੱਖ ।
ਰਹੇ = ਥੱਕ ਗਏ ।
ਸਭ ਬਿਧਿ = ਹਰੇਕ ਢੰਗ, ਹਰੇਕ ਢੋ ।
ਸਭ ਬਿਧਿ ਬਨਿ ਆਈ = ਹਰੇਕ ਢੋ ਢੁੱਕ ਪਿਆ (ਸਫਲਤਾ ਦਾ) ।੨ ।
    
Sahib Singh
ਹੇ ਸੰਤ ਜਨੋ! ਇਹ ਮਨ ਵੱਸ ਵਿਚ ਕੀਤਾ ਨਹੀਂ ਜਾ ਸਕਦਾ, (ਕਿਉਂਕਿ ਇਹ ਮਨ ਸਦਾ) ਅਨੇਕਾਂ ਹਾਵ-ਭਾਵ ਕਰਨ ਵਾਲੀ ਤ੍ਰਿਸ਼ਨਾ ਨਾਲ ਵੱਸਦਾ ਰਹਿੰਦਾ ਹੈ, ਇਸ ਵਾਸਤੇ ਇਹ ਕਦੇ ਟਿਕ ਕੇ ਨਹੀਂ ਰਹਿੰਦਾ ।੧।ਰਹਾਉ ।
(ਹੇ ਸੰਤ ਜਨੋ!) ਵੱਸ ਵਿਚ ਨਾਹ ਆ ਸਕਣ ਵਾਲਾ ਕ੍ਰੋਧ ਭੀ ਇਸ ਹਿਰਦੇ ਵਿਚ ਹੀ ਵੱਸਦਾ ਹੈ, ਜਿਸ ਨੇ(ਮਨੁੱਖ ਨੂੰ ਭਲੇ ਪਾਸੇ ਦੀ) ਸਾਰੀ ਹੋਸ਼ ਭੁਲਾ ਦਿੱਤੀ ਹੈ ।
(ਕ੍ਰੋਧ ਨੇ) ਹਰੇਕ ਮਨੁੱਖ ਦਾ ਸ੍ਰੇਸ਼ਟ ਗਿਆਨ ਚੁਰਾ ਲਿਆ ਹੈ, ਉਸ ਨਾਲ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ ।੧ ।
ਸਾਰੇ ਜੋਗੀ (ਇਸ ਮਨ ਨੂੰ ਕਾਬੂ ਕਰਨ ਦੇ) ਜਤਨ ਕਰਦੇ ਕਰਦੇ ਥੱਕ ਗਏ, ਵਿਦਵਾਨ ਮਨੁੱਖ ਆਪਣੀ ਵਿੱਦਿਆ ਦੀਆਂ ਵਡਿਆਈਆਂ ਕਰਦੇ ਥੱਕ ਗਏ (ਨਾਹ ਜੋਗ-ਸਾਧਨ, ਨਾਹ ਵਿੱਦਿਆ-ਮਨ ਨੂੰ ਕੋਈ ਭੀ ਵੱਸ ਵਿਚ ਲਿਆਉਣ ਦੇ ਸਮਰੱਥ ਨਹੀਂ) ।
ਹੇ ਦਾਸ ਨਾਨਕ! ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਤਾਂ (ਇਸ ਮਨ ਨੂੰ ਕਾਬੂ ਵਿਚ ਰੱਖਣ ਦੇ) ਸਾਰੇ ਢੋ ਢੁਕ ਪੈਂਦੇ ਹਨ ।੨।੪ ।
Follow us on Twitter Facebook Tumblr Reddit Instagram Youtube