ਗਉੜੀ ਮਹਲਾ ੯ ॥
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥
ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥

ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥
ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥

ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥
ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥

Sahib Singh
ਕਉ = ਨੂੰ ।
ਜਸੁ = ਸਿਫ਼ਤਿ = ਸਾਲਾਹ ।
ਮਨਿ = ਮਨ ਵਿਚ ।
ਅਹਿ = ਦਿਨ ।
ਨਿਸਿ = ਰਾਤ ।
ਮਗਨੁ = ਮਸਤ ।
ਮੈ = ਮਹਿ, ਵਿਚ ।
ਕਹੁ = ਦੱਸ ।੧।ਰਹਾਉ ।
ਮਮਤਾ = {ਮਮ—ਮੇਰਾ} ਅਪਣੱਤ ।
ਸਿਉ = ਨਾਲ ।
ਇਹ ਬਿਧਿ = ਇਸ ਤ੍ਰਹਾਂ ।
ਬਿਧਿ = ਤਰੀਕਾ ।
ਆਪੁ = ਆਪਣੇ ਆਪ ਨੂੰ ।
ਮਿ੍ਰਗ = ਹਰਨ ।
ਤਿ੍ਰਸਨਾ = ਤ੍ਰੇਹ ।
ਮਿ੍ਰਗ ਤਿ੍ਰਸਨਾ = ਠਗਨੀਰਾ, ਉਹ ਖਿ਼ਆਲੀ ਪਾਣੀ ਜੋ ਹਰਨ ਨੂੰ ਤ੍ਰੇਹ ਵੇਲੇ ਆਪਣੇ ਪਿੱਛੇ ਭਜਾਈ ਫਿਰਦਾ ਹੈ {ਚਮਕਦੀ ਰੇਤ ਹਰਨ ਨੂੰ ਪਾਣੀ ਜਾਪਦੀ ਹੈ, ਉਹ ਪੀਣ ਲਈ ਦੌੜਦਾ ਹੈ, ਪਾਣੀ ਵਾਲਾ ਝਾਉਲਾ ਉਸ ਨੂੰ ਅਗਾਂਹ ਅਗਾਂਹ ਭਜਾਈ ਜਾਂਦਾ ਹੈ} ।
ਦੇਖਿ = ਵੇਖ ਕੇ ।ਤਾਸਿ—ਉਸ (ਠਗਨੀਰੇ) ਵਲ ।੧ ।
ਭੁਗਤਿ = ਦੁਨੀਆ ਦੇ ਭੋਗ ਤੇ ਸੁਖ ।
ਮੁਕਤਿ = ਮੋਖ ।
ਮੂੜ = ਮੂਰਖ ਮਨੁੱਖ ।
ਤਾਹਿ = ਉਸ ਨੂੰ ।
ਕੋਟਨ ਮੈ = ਕ੍ਰੋੜਾਂ ਵਿਚ ।
ਕੋਊ = ਕੋਈ ਵਿਰਲਾ ।
ਕੋ = ਦਾ ।੨ ।
    
Sahib Singh
(ਹੇ ਭਾਈ!) ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ (ਵਸਾਣੀ) ਨਹੀਂ ਆਉਂਦੀ ।
(ਹੇ ਭਾਈ!) ਦੱਸ, ਉਹ ਮਨੁੱਖ ਕਿਵੇਂ ਪਰਮਾਤਮਾ ਦੇ ਗੁਣ ਗਾ ਸਕਦਾ ਹੈ ਜੇਹੜਾ ਦਿਨ ਰਾਤ ਮਾਇਆ (ਦੇ ਮੋਹ) ਵਿਚ ਮਸਤ ਰਹਿੰਦਾ ਹੈ ?
।੧।ਰਹਾਉ ।
(ਹੇ ਭਾਈ! ਮਾਇਆ ਦੇ ਮੋਹ ਵਿਚ ਮਸਤ ਰਹਿਣ ਵਾਲਾ ਮਨੁੱਖ) ਪੁੱਤਰ ਮਿੱਤਰ ਮਾਇਆ (ਆਦਿਕ) ਦੀ ਅਪਣੱਤ ਨਾਲ ਬੱਝਾ ਰਹਿੰਦਾ ਹੈ, ਤੇ ਇਸ ਤ੍ਰਹਾਂ ਆਪਣੇ ਆਪ ਨੂੰ (ਮੋਹ ਦੇ ਬੰਧਨਾਂ ਵਿਚ) ਬੰਨ੍ਹੀ ਰੱਖਦਾ ਹੈ ।
(ਮਾਇਆ-ਗ੍ਰਸਿਆ ਮਨੁੱਖ ਇਹ ਨਹੀਂ ਸਮਝਦਾ ਕਿ) ਇਹ ਜਗਤ (ਤਾਂ) ਠਗ-ਨੀਰੇ ਵਾਂਗ (ਠੱਗੀ ਹੀ ਠੱਗੀ ਹੈ, ਜਿਵੇਂ ਹਰਨ ਠਗਨੀਰੇ ਨੂੰ ਵੇਖ ਕੇ ਉਸ ਵਲ ਦੌੜਦਾ ਤੇ ਭਟਕ ਭਟਕ ਕੇ ਮਰਦਾ ਹੈ, ਤਿਵੇਂ ਮਨੁੱਖ ਇਸ ਜਗਤ ਨੂੰ) ਵੇਖ ਕੇ ਇਸ ਵਲ (ਸਦਾ) ਦੌੜਦਾ ਰਹਿੰਦਾ ਹੈ (ਤੇ ਆਤਮਕ ਮੌਤ ਸਹੇੜਦਾ ਹੈ) ।੧ ।
ਮੂਰਖ ਮਨੁੱਖ ਉਸ ਮਾਲਕ-ਪ੍ਰਭੂ ਨੂੰ ਭੁਲਾਈ ਰੱਖਦਾ ਹੈ ਜੇਹੜਾ ਦੁਨੀਆ ਦੇ ਭੋਗਾਂ ਤੇ ਸੁਖਾਂ ਦਾ ਭੀ ਮਾਲਕ ਹੈ ਤੇ ਜੇਹੜਾ ਮੋਖ ਭੀ ਦੇਣ ਵਾਲਾ ਹੈ ।
ਹੇ ਦਾਸ ਨਾਨਕ! (ਆਖ—) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੇਹੜਾ (ਜਗਤ ਠਗ-ਨੀਰੇ ਦੇ ਮੋਹ ਤੋਂ ਬਚ ਕੇ) ਪਰਮਾਤਮਾ ਦੀ ਭਗਤੀ ਪ੍ਰਾਪਤ ਕਰਦਾ ਹੈ ।੨।੩ ।
Follow us on Twitter Facebook Tumblr Reddit Instagram Youtube