ਗਉੜੀ ਮਹਲਾ ੯ ॥
ਸਾਧੋ ਰਚਨਾ ਰਾਮ ਬਨਾਈ ॥
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥

ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥
ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥

ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥

Sahib Singh
ਰਾਮਿ = ਰਾਮ ਨੇ ।
ਇਕਿ = ਕੋਈ ਮਨੁੱਖ ।
ਬਿਨਸੈ = ਮਰਦਾ ਹੈ ।
ਅਸਥਿਰੁ = ਸਦਾ ਕਾਇਮ ਰਹਿਣ ਵਾਲਾ ।
ਮਾਨੈ = ਮੰਨਦਾ ਹੈ, ਸਮਝਦਾ ਹੈ ।
ਲਖਿਓ ਨ ਜਾਈ = ਬਿਆਨ ਨਹੀਂ ਕੀਤਾ ਜਾ ਸਕਦਾ ।੧।ਰਹਾਉ ।
ਬਸਿ = ਵੱਸ ਵਿਚ ।
ਪ੍ਰਾਨੀ = ਜੀਵ ।
ਹਰਿ ਮੂਰਤਿ = ਹਰੀ ਦੀ ਮੂਰਤੀ, ਪਰਮਾਤਮਾ ਦੀ ਹਸਤੀ ।
ਝੂਠਾ = ਨਾਸਵੰਤ ।
ਸਾਚਾ = ਸਦਾ = ਥਿਰ ਰਹਿਣ ਵਾਲਾ ।
ਰੈਨਾਈ = ਰਾਤ (ਦਾ) ।੧ ।
ਸਗਲ = ਸਾਰਾ ।
ਬਾਦਰ = ਬੱਦਲ ।
ਛਾਈ = ਛਾਂ ।
ਜਾਨਿਓ = ਜਾਣਿਆ ਹੈ ।
ਮਿਥਿਆ = ਨਾਸਵੰਤ ।
ਰਹਿਓ = ਟਿਕਿਆ ਰਹਿੰਦਾ ਹੈ ।੨ ।
    
Sahib Singh
ਹੇ ਸੰਤ ਜਨੋ! ਪਰਮਾਤਮਾ ਨੇ (ਜਗਤ ਦੀ ਇਹ ਅਸਚਰਜ) ਰਚਨਾ ਰਚ ਦਿੱਤੀ ਹੈ (ਕਿ) ਇਕ ਮਨੁੱਖ (ਤਾਂ) ਮਰਦਾ ਹੈ (ਪਰ) ਦੂਜਾ ਮਨੁੱਖ (ਉਸ ਨੂੰ ਮਰਦਿਆਂ ਵੇਖ ਕੇ ਭੀ ਆਪਣੇ ਆਪ ਨੂੰ) ਸਦਾ ਟਿਕੇ ਰਹਿਣ ਵਾਲਾ ਸਮਝਦਾ ਹੈ ।
ਇਹ ਇਕ ਅਸਚਰਜ ਤਮਾਸ਼ਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ ।੧।ਰਹਾਉ ।
(ਹੇ ਸੰਤ ਜਨੋ!) ਮਨੁੱਖ ਕਾਮ ਦੇ ਕ੍ਰੋਧ ਦੇ ਮੋਹ ਦੇ ਕਾਬੂ ਵਿਚ ਆਇਆ ਰਹਿੰਦਾ ਹੈ ਤੇ ਪਰਮਾਤਮਾ ਦੀ ਹਸਤੀ ਨੂੰ ਭੁਲਾਈ ਰੱਖਦਾ ਹੈ ।
ਇਹ ਸਰੀਰ ਸਦਾ ਨਾਲ ਰਹਿਣ ਵਾਲਾ ਨਹੀਂ ਹੈ, ਪਰ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ ਹੈ, ਜਿਵੇਂ ਰਾਤ ਵੇਲੇ (ਸੁੱਤਿਆਂ ਜੇਹੜਾ) ਸੁਪਨਾ (ਆਉਂਦਾ ਹੈ ਮਨੁੱਖ ਨੀਂਦਰ ਦੀ ਹਾਲਤ ਵਿਚ ਉਸ ਸੁਪਨੇ ਨੂੰ ਅਸਲੀ ਵਾਪਰ ਰਹੀ ਗੱਲ ਸਮਝਦਾ ਹੈ) ।੧ ।
(ਹੇ ਸੰਤ ਜਨੋ!) ਜਿਵੇਂ ਬੱਦਲ ਦੀ ਛਾਂ (ਸਦਾ ਇੱਕ ਥਾਂ ਟਿਕੀ ਨਹੀਂ ਰਹਿ ਸਕਦੀ, ਤਿਵੇਂ) ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਇਹ ਸਭ ਕੁਝ (ਆਪਣੇ ਆਪਣੇ ਸਮੇ) ਨਾਸ ਹੋ ਜਾਂਦਾ ਹੈ ।
ਹੇ ਦਾਸ ਨਾਨਕ! (ਜਿਸ ਮਨੁੱਖ ਨੇ) ਜਗਤ ਨੂੰ ਨਾਸਵੰਤ ਸਮਝ ਲਿਆ ਹੈ, ਉਹ (ਸਦਾ-ਥਿਰ ਰਹਿਣ ਵਾਲੇ) ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ ।੨।੨ ।
Follow us on Twitter Facebook Tumblr Reddit Instagram Youtube