ਗਉੜੀ ਮਾਝ ਮਹਲਾ ੫ ॥
ਹਰਿ ਰਾਮ ਰਾਮ ਰਾਮ ਰਾਮਾ ॥
ਜਪਿ ਪੂਰਨ ਹੋਏ ਕਾਮਾ ॥੧॥ ਰਹਾਉ ॥

ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥
ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥੧॥

ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ਮਾਹਿ ॥
ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥੨॥

ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥
ਮਿਲਿ ਸਾਧੂ ਸੰਗਿ ਉਧਾਰੁ ਹੋਇ ਮੁਖ ਊਜਲ ਦਰਬਾਰਿ ॥੩॥

ਜੀਵਨ ਰੂਪ ਗੋਪਾਲ ਜਸੁ ਸੰਤ ਜਨਾ ਕੀ ਰਾਸਿ ॥
ਨਾਨਕ ਉਬਰੇ ਨਾਮੁ ਜਪਿ ਦਰਿ ਸਚੈ ਸਾਬਾਸਿ ॥੪॥੩॥੧੭੧॥

Sahib Singh
ਜਪਿ = ਜਪ ਕੇ ।
ਕਾਮਾ = ਸਾਰੇ ਕੰਮ ।੧।ਰਹਾਉ ।
ਹਰਿ ਜਸੁ = ਹਰੀ ਦੀ ਸਿਫ਼ਤਿ-ਸਾਲਾਹ ।
ਜਿਸ ਤੇ = ਜਿਸ ਪਾਸੋਂ {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਤੇ’ ਦੇ ਕਾਰਨ ਉੱਡ ਗਿਆ ਹੈ} ।੧ ।
ਸਭਿ = ਸਾਰੇ ।
ਜਿਸੁ ਮਾਹਿ = ਜਿਸ (ਪਰਮਾਤਮਾ ਦੇ ਵੱਸ) ਵਿਚ ।
ਮਨਹੁ = ਮਨ ਤੋਂ ।੨ ।
ਜਿਸੁ ਲੜਿ = ਜਿਸ (ਪ੍ਰਭੂ) ਦੇ ਪੱਲੇ ਵਿਚ ।
ਲਗਿਐ = ਲੱਗਿਆਂ ।
ਜੀਵੀਐ = ਜੀਊ ਪਈਦਾ ਹੈ; ਆਤਮਕ ਜੀਵਨ ਮਿਲ ਪੈਂਦਾ ਹੈ ।
ਭਵਜਲੁ = ਸੰਸਾਰ = ਸਮੁੰਦਰ ।
ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ ।
ਉਧਾਰੁ = (ਵਿਕਾਰਾਂ ਤੋਂ) ਬਚਾਉ ।
ਦਰਬਾਰਿ = (ਪ੍ਰਭੂ ਦੇ) ਦਰਬਾਰ ਵਿਚ ।੩ ।
ਜਸੁ = ਸਿਫ਼ਤਿ = ਸਾਲਾਹ ।
ਰਾਸਿ = ਸਰਮਾਇਆ ।
ਦਰਿ ਸਚੈ = ਸਦਾ = ਥਿਰ ਪ੍ਰਭੂ ਦੇ ਦਰ ਤੇ ।੪ ।
    
Sahib Singh
(ਹੇ ਭਾਈ!) ਸਦਾ ਪਰਮਾਤਮਾ ਦਾ ਨਾਮ ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ ।੧।ਰਹਾਉ ।
(ਹੇ ਭਾਈ!) ਰਾਮ ਰਾਮ ਗੋਬਿੰਦ ਗੋਬਿੰਦ ਜਪਦਿਆਂ ਮੂੰਹ ਪਵਿਤ੍ਰ ਹੋ ਜਾਂਦਾ ਹੈ ।
(ਦੁਨੀਆ ਵਿਚ) ਉਹੀ ਮਨੁੱਖ (ਅਸਲ) ਭਰਾ ਹੈ (ਅਸਲ) ਮਿੱਤਰ ਹੈ, ਜਿਸ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣੀ ਜਾਏ ।੧ ।
(ਹੇ ਭਾਈ!) ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ, ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਤੇ ਜਿਸ ਦੇ ਵੱਸ ਵਿਚ (ਦੁਨੀਆ ਦੇ) ਸਾਰੇ ਪਦਾਰਥ ਸਾਰੇ ਫਲ ਤੇ ਸਾਰੇ ਆਤਮਕ ਗੁਣ ਹਨ ।੨ ।
(ਹੇ ਭਾਈ! ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ) ਜਿਸ ਦਾ ਆਸਰਾ ਲਿਆਂ ਆਤਮਕ ਜੀਵਨ ਮਿਲ ਜਾਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਗੁਰੂ ਦੀ ਸੰਗਤਿ ਵਿਚ ਮਿਲ ਕੇ (ਜਿਸ ਦਾ ਸਿਮਰਨ ਕੀਤਿਆਂ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋ ਜਾਈਦਾ ਹੈ ।੩।ਹੇ ਨਾਨਕ! ਗੋਪਾਲ-ਪ੍ਰਭੂ ਦੀ ਸਿਫ਼ਤਿ-ਸਾਲਾਹ ਆਤਮਕ ਜੀਵਨ ਦੇਣ ਵਾਲੀ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ ।
ਪ੍ਰਭੂ ਦਾ ਨਾਮ ਜਪ ਕੇ (ਸੰਤ ਜਨ ਵਿਕਾਰਾਂ ਤੋਂ) ਬਚ ਨਿਕਲਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸ਼ਾਬਾਸ਼ ਹਾਸਲ ਕਰਦੇ ਹਨ ।੪।੩।੧੭੧ ।
Follow us on Twitter Facebook Tumblr Reddit Instagram Youtube