ਗਉੜੀ ਮਹਲਾ ੫ ਮਾਂਝ ॥
ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥
ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥

ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥
ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥

ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥
ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥

ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥
ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥

ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥
ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥

Sahib Singh
ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ ।
ਜੀ = ਹੇ ਜੀ !
ਗਿਆਨੁ = ਪ੍ਰਭੂ ਨਾਲ ਸਾਂਝ ਪਾਣ ਵਾਲਾ ਉਪਦੇਸ਼ ।੧।ਰਹਾਉ ।
ਜਿਤੁ = ਜਿਸ ਵਿਚ ।
ਘਟਿ = ਹਿਰਦੇ ਵਿਚ ।
ਜਿਤੁ ਘਟਿ = ਜਿਸ ਹਿਰਦੇ ਵਿਚ, {ਜਿਸੁ ਘਟਿ—ਜਿਸ ਮਨੁੱਖ ਦੇ ਹਿਰਦੇ ਵਿਚ} ।
ਜਮ ਕੰਕਰੁ = ਜਮ ਦਾ ਦਾਸ, ਜਮਦੂਤ ।
ਨੇੜਿ = ਨੇੜੇ ।
ਰਸਨਾ = ਜੀਭ (ਨਾਲ) ।੧ ।
ਸੁਰਤਿ = ਸੂਝ ।
ਨਾ ਜਾਪੈ ਆਰਾਧਿ = ਮੈਨੂੰ ਤੇਰਾ ਆਰਾਧਨ ਕਰਨਾ ਨਹੀਂ ਸੁੱਝਦਾ ।
ਜਗ ਜੀਵਨਾ = ਹੇ ਜਗਤ ਦੀ ਜ਼ਿੰਦਗੀ ਦੇ (ਆਸਰੇ) !
ਅਗਮ = ਹੇ ਅਪਹੁੰਚ !
ਅਗਾਧਿ = ਹੇ ਅਥਾਹ !
    ।੨ ।
ਗੁਸਾਈਆ = ਸਿ੍ਰਸ਼ਟੀ ਦਾ ਮਾਲਕ ।
ਸਤਿਗੁਰਿ = ਸਤਿਗੁਰੂ ਨੇ ।੩ ।
ਦਯੁ = ਪਿਆਰ ਕਰਨ ਵਾਲਾ ਪ੍ਰਭੂ ।
ਸਚਾ = ਸਦਾ = ਥਿਰ ਰਹਿਣ ਵਾਲਾ ।
ਗੁਰਿ ਤੁਠੈ = ਜੇ ਗੁਰੂ ਤਰੁੱਠ ਪਏ ।
ਗੁਰਿ = ਗੁਰੂ ਦੀ ਰਾਹੀਂ ।
ਤੁਠੈ = ਤਰੁੱਠੇ ਹੋਏ ਦੀ ਰਾਹੀਂ ।੪ ।
    
Sahib Singh
ਹੇ ਪ੍ਰਭੂ! ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ ।
(ਹੇ ਭਾਈ!) ਇਹ ਨਾਮ ਅੱਠੇ ਪਹਰ ਸਿਮਰਨਾ ਚਾਹੀਦਾ ਹੈ—ਪੂਰੇ ਸਤਿਗੁਰੂ ਦਾ ਇਹੀ ਉਪਦੇਸ਼ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ।੧।ਰਹਾਉ ।
(ਹੇ ਭਾਈ!) ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹੀ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ ।
ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ।੧ ।
ਹੇ ਜਗਤ ਦੀ ਜ਼ਿੰਦਗੀ ਦੇ ਆਸਰੇ! ਹੇ ਮੇਰੇ ਪਾਲਣਹਾਰ ਮਾਲਕ! ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਮੈਂ (ਹੁਣ ਤਕ) ਤੇਰੀ ਸੇਵਾ-ਭਗਤੀ ਦੀ ਸੂਝ ਦੀ ਕਦਰ ਨਾ ਜਾਣੀ, ਮੈਨੂੰ ਤੇਰੇ ਨਾਮ ਦਾ ਆਰਾਧਨ ਕਰਨਾ ਨਹੀਂ ਸੁਝਿਆ, (ਪਰ ਹੁਣ) ਮੈਂ ਤੇਰਾ ਆਸਰਾ ਲਿਆ ਹੈ ।੨ ।
(ਹੇ ਭਾਈ!) ਸਿ੍ਰਸ਼ਟੀ ਦੇ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦੇ ਸਾਰੇ ਫ਼ਿਕਰ ਤੇ ਕਲੇਸ਼ ਮਿਟ ਜਾਂਦੇ ਹਨ ।
ਜਿਸ ਮਨੁੱਖ ਦੀ ਗੁਰੂ ਨੇ ਆਪ ਰੱਖਿਆ ਕੀਤੀ, ਉਸ ਨੂੰ (ਸੋਗ-ਸੰਤਾਪ ਆਦਿਕਦਾ) ਸੇਕ ਨਹੀਂ ਪੋਹ ਸਕਦਾ ।੩ ।
(ਹੇ ਭਾਈ!) ਗੁਰੂ ਨਾਰਾਇਣ ਦਾ ਰੂਪ ਹੈ, ਗੁਰੂ ਸਭ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਹੈ, ਗੁਰੂ ਉਸ ਕਰਤਾਰ ਦਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ।
ਜੇ ਗੁਰੂ ਪ੍ਰਸੰਨ ਹੋ ਜਾਏ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ।
ਹੇ ਦਾਸ ਨਾਨਕ! (ਆਖ—) ਮੈਂ ਗੁਰੂ ਤੋਂ ਸਦਕੇ ਹਾਂ ।੪।੨।੧੭੦ ।
Follow us on Twitter Facebook Tumblr Reddit Instagram Youtube