ਗਉੜੀ ਮਾਝ ਮਹਲਾ ੫ ॥
ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥
ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥
ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥
ਸਦਾ ਤੇਰੀ ਸਰਣਾਈ ਜੀਉ ॥੧॥

ਜਿਸੁ ਮਿਲਿਐ ਮਨੁ ਜੀਵੈ ਭਾਈ ਜੀਉ ॥
ਗੁਰ ਪਰਸਾਦੀ ਸੋ ਹਰਿ ਹਰਿ ਪਾਈ ਜੀਉ ॥
ਸਭ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ॥
ਪ੍ਰਭ ਕਉ ਸਦ ਬਲਿ ਜਾਈ ਜੀੳ ॥੨॥

ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥
ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥
ਗੁਰੁ ਪੂਰਾ ਪਾਇਆ ਸਭੁ ਦੁਖੁ ਮਿਟਾਇਆ ਜੀਉ ॥
ਆਠ ਪਹਰ ਗੁਣ ਗਾਇਆ ਜੀਉ ॥੩॥

ਰਤਨ ਪਦਾਰਥ ਹਰਿ ਨਾਮੁ ਤੁਮਾਰਾ ਜੀਉ ॥
ਤੂੰ ਸਚਾ ਸਾਹੁ ਭਗਤੁ ਵਣਜਾਰਾ ਜੀਉ ॥
ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ ॥
ਜਨ ਨਾਨਕ ਸਦ ਬਲਿਹਾਰਾ ਜੀਉ ॥੪॥੩॥੧੬੮॥

Sahib Singh
ਸਾਜਨ = ਹੇ ਸੱਜਣ ਹਰੀ !
ਮਨ ਮਿਤ = ਹੇ ਮੇਰੇ ਮਨ ਦੇ ਮਿੱਤਰ ਹਰੀ !
ਜੀਉ ਭਿ = ਜਿੰਦ ਭੀ ।
ਵਾਰੇ = ਸਦਕੇ ।
ਪ੍ਰਾਣ ਅਧਾਰੇ = ਹੇ ਮੇਰੀ ਜਿੰਦ ਦੇ ਆਸਰੇ !
    ।੧ ।
ਮਨੁ ਜੀਵੈ = ਮਨ ਜਿਊਂ ਪੈਂਦਾ ਹੈ, ਆਤਮਕ ਜੀਵਨ ਮਿਲ ਜਾਂਦਾ ਹੈ ।
ਭਾਈ = ਹੇ ਭਾਈ !
ਪਰਸਾਦੀ = ਪਰਸਾਦਿ, ਕਿਰਪਾ ਨਾਲ ।
ਪਾਈ = ਪਾਈਂ, ਮੈਂ ਪਾਂਦਾ ਹਾਂ, ਮੈਂ ਪ੍ਰਾਪਤ ਕਰਦਾ ਹਾਂ ।
ਕੀਆ = ਦੀਆਂ ।
ਜਾਈ = ਸਾਰੀਆਂ ਥਾਵਾਂ ।
ਕਉ = ਨੂੰ, ਤੋਂ ।
ਬਲਿ ਜਾਈ = ਮੈਂ ਕੁਰਬਾਨ ਜਾਂਦਾ ਹਾਂ ।੨ ।
ਨਿਧਾਨੁ = ਖ਼ਜ਼ਾਨਾ ।
ਲਿਵ = ਲਗਨ ।੩ ।
ਸਚਾ = ਸਦਾ ਕਾਇਮ ਰਹਿਣ ਵਾਲਾ ।
ਸਾਹੁ = ਸਾਹੂਕਾਰ ।
ਵਣਜਾਰਾ = ਵਪਾਰੀ ।
ਰਾਸਿ = ਪੂੰਜੀ, ਸਰਮਾਇਆ ।
ਸਚੁ = ਸਦਾ ਟਿਕੇ ਰਹਿਣ ਵਾਲਾ ।੪ ।
    
Sahib Singh
ਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਮੇਰੇ ਮਨ ਦੇ ਮਿੱਤਰ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੇਰੀ ਬੇਨਤੀ) ਧਿਆਨ ਨਾਲ ਸੁਣ ।
(ਮੇਰਾ ਇਹ) ਮਨ ਤੇਰਾ ਦਿੱਤਾ ਹੋਇਆ ਹੈ, (ਮੇਰਾ ਇਹ) ਸਰੀਰ ਤੇਰਾ ਦਿੱਤਾ ਹੋਇਆ ਹੈ, ਮੇਰੀ ਇਹ ਜਿੰਦ ਭੀ ਤੇਰੀ ਹੀ ਦਿੱਤੀ ਹੋਈ ਹੈ ।
ਮੈਂ (ਇਹ ਸਭ ਕੁਝ ਤੈਥੋਂ) ਕੁਰਬਾਨ ਕਰਦਾ ਹਾਂ, ਮੈਨੂੰ ਭੁਲ ਨਾਹ, ਮੈਂ ਸਦਾ ਤੇਰੀ ਸਰਨ ਪਿਆ ਰਹਾਂ ।੧ ।
ਹੇ ਭਾਈ! ਜਿਸ ਹਰਿ-ਪ੍ਰਭੂ ਨੂੰ ਮਿਲਿਆਂ ਆਤਮਕ ਜੀਵਨ ਲੱਭ ਪੈਂਦਾ ਹੈ, ਉਹ ਹਰਿ-ਪ੍ਰਭੂ ਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ ।
(ਹੇ ਭਾਈ! ਮੇਰਾ ਮਨ ਤਨ) ਸਭ ਕੁਝ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, (ਜਗਤ ਦੀਆਂ) ਸਾਰੀਆਂ ਥਾਵਾਂ ਪ੍ਰਭੂ ਦੀਆਂ ਹੀ ਹਨ, ਮੈਂ ਸਦਾ ਉਸ ਪ੍ਰਭੂ ਤੋਂ ਹੀ ਸਦਕੇ ਜਾਂਦਾ ਹਾਂ ।੨ ।
(ਹੇ ਭਾਈ! ਪਰਮਾਤਮਾ ਦਾ) ਇਹ (ਨਾਮ ਸਾਰੇ ਪਦਾਰਥਾਂ ਦਾ) ਖ਼ਜ਼ਾਨਾ (ਹੈ ਕੋਈ) ਭਾਗਾਂ ਵਾਲਾ ਮਨੁੱਖ ਇਹ ਨਾਮ (ਜਪਦਾ ਹੈ, ਪਵਿੱਤ੍ਰ-ਸਰੂਪ ਪ੍ਰਭੂ ਦੇ ਨਾਮ ਨਾਲ (ਉਸ ਵਡਭਾਗੀ ਮਨੁੱਖ ਦੀ) ਲਗਨ ਲੱਗ ਜਾਂਦੀ ਹੈ ।
(ਜਿਸ ਵਡਭਾਗੀ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ, ਉਹ ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ।੩ ।
(ਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਹਰੀ! ਤੇਰਾ ਨਾਮ ਕੀਮਤੀ ਪਦਾਰਥਾਂ (ਦਾ ਸੋਮਾ) ਹੈ ।
ਹੇ ਹਰੀ! ਤੂੰ ਸਦਾ ਕਾਇਮ ਰਹਿਣ ਵਾਲਾ (ਉਹਨਾਂ ਰਤਨ-ਪਦਾਰਥਾਂ ਦਾ) ਸਾਹੂਕਾਰ ਹੈਂ, ਤੇਰਾ ਭਗਤ (ਉਹਨਾਂ ਰਤਨ ਪਦਾਰਥਾਂਦਾ) ਵਣਜ ਕਰਨ ਵਾਲਾ ਹੈ ।
ਹੇ ਹਰੀ! ਤੇਰਾ ਨਾਮ-ਧਨ (ਤੇਰੇ ਭਗਤ ਦਾ) ਸਰਮਾਇਆ ਹੈ, ਤੇਰਾ ਭਗਤ ਇਹੀ ਸਦਾ-ਥਿਰ ਰਹਿਣ ਵਾਲਾ ਵਣਜ ਕਰਦਾ ਹੈ ।
ਹੇ ਦਾਸ ਨਾਨਕ! (ਆਖ—ਹੇ ਹਰੀ!) ਮੈਂ (ਤੈਥੋਂ ਤੇ ਤੇਰੇ ਭਗਤ ਤੋਂ) ਸਦਾ ਕੁਰਬਾਨ ਜਾਂਦਾ ਹਾਂ ।੪।੩।੧੬੮ ।
Follow us on Twitter Facebook Tumblr Reddit Instagram Youtube