ਗਉੜੀ ਮਾਲਾ ੫ ॥
ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥
ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥

ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥
ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥

ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥
ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥

Sahib Singh
ਮਾਧਉ = {ਮਾ = ਧਵ ।
ਮਾ = ਮਾਇਆ ।
ਧਵ = ਪਤੀ} ਹੇ ਮਾਇਆ ਦੇ ਪਤੀ ਪਰਮਾਤਮਾ !
ਮੁਖਿ = ਮੂੰਹ ਨਾਲ ।
ਕਹੀਐ = ਆਖ ਸਕੀਏ ।
ਹਮ ਤੇ = ਸਾਥੋਂ ।
ਸੁਆਮੀ = ਹੇ ਸੁਆਮੀ !
    ।੧।ਰਹਾਉ ।
ਕਿ = ਕੀਹ ?
ਇਸੁ ਹਾਥਿ = ਇਸ (ਜੀਵ) ਦੇ ਹੱਥ ਵਿਚ ।
ਜਿਤੁ = ਜਿਸ ਪਾਸੇ ।
ਤਿਤ ਹੀ = ਉਸ ਪਾਸੇ ਹੀ {ਨੋਟ:- ਲਫ਼ਜ਼ ‘ਜਿਤੁ’ ਵਾਂਗ ‘ਤਿਤੁ’ ਦੇ ਅਖ਼ੀਰ ਤੇ ਭੀ ੁ ਸੀ, ਜੋ ‘ਕਿ੍ਰਆ ਵਿਸ਼ੇਸ਼ਣ’ ‘ਹੀ’ ਦੇ ਕਾਰਨ ਡਿੱਗ ਪਿਆ ਹੈ} ।
ਖਸਮ = ਹੇ ਖਸਮ !
    ।੧ ।
ਦਾਤੇ = ਹੇ ਦਾਤਾਰ !
ਏਕ ਰੂਪ ਲਿਵ = ਆਪਣੇ ਇਕ ਸਰੂਪ ਦੀ ਲਗਨ ।
ਲਾਵਹੁ = ਪੈਦਾ ਕਰੋ ।
ਪਹਿ = ਪਾਸ, ਕੋਲ ।੨ ।
    
Sahib Singh
ਹੇ ਸੁਆਮੀ ਪ੍ਰਭੂ! ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ ।
ਜਿਸ ਤ੍ਰਹਾਂ ਤੂੰ ਸਾਨੂੰ ਰੱਖਦਾ ਹੈਂ, ਉਸੇ ਤ੍ਰਹਾਂ ਹੀ ਅਸੀਂ ਰਹਿੰਦੇ ਹਾਂ ।
ਹੇ ਮਾਇਆ ਦੇ ਪਤੀ ਪ੍ਰਭੂ! ਹੇ ਹਰੀ! (ਮਿਹਰ ਕਰ, ਤਾ ਕਿ ਅਸੀ) ਤੇਰਾ ਨਾਮ ਮੂੰਹੋਂ ਉਚਾਰ ਸਕੀਏ ।੧।ਰਹਾਉ ।
ਹੇ ਮੇਰੇ ਸਰਬ-ਵਿਆਪਕ ਖਸਮ-ਪ੍ਰਭੂ! ਇਹ ਜੀਵ ਕੀਹ ਕਰੇ ?
ਇਹ ਕੀਹ ਕਰਨ-ਜੋਗਾ ਹੈ ?
ਇਸ ਵਿਚਾਰੇ ਦੇ ਹੱਥ ਵਿਚ ਕੀਹ ਹੈ ?
(ਇਹ ਜੀਵ ਆਪਣੇ ਆਪ ਕੁਝ ਨਹੀਂ ਕਰਦਾ, ਕੁਝ ਨਹੀਂ ਕਰ ਸਕਦਾ, ਇਸ ਦੇ ਹੱਥ ਵਿਚ ਕੋਈ ਤਾਕਤ ਨਹੀਂ) ।
ਜਿਸ ਪਾਸੇ ਤੂੰ ਇਸ ਨੂੰ ਲਾਂਦਾ ਹੈਂ, ਉਸੇ ਪਾਸੇ ਹੀ ਇਹ ਲੱਗਾ ਫਿਰਦਾ ਹੈ ।੧ ।
ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ! ਮਿਹਰ ਕਰ, ਮੈਨੂੰ ਸਿਰਫ਼ ਆਪਣੇ ਹੀ ਸਰੂਪ ਦੀ ਲਗਨ ਬਖ਼ਸ਼ ।
ਮੈਂ ਨਾਨਕ ਦੀ ਪਰਮਾਤਮਾ ਪਾਸ (ਇਹੀ) ਬੇਨਤੀ ਹੈ (—ਹੇ ਪ੍ਰਭੂ!) ਮੈਥੋਂ ਆਪਣਾ ਨਾਮ ਜਪਾ ।੨।੭।੧੬੫ ।
Follow us on Twitter Facebook Tumblr Reddit Instagram Youtube