ਗਉੜੀ ਮਾਲਾ ਮਹਲਾ ੫ ॥
ਪਾਇਆ ਲਾਲੁ ਰਤਨੁ ਮਨਿ ਪਾਇਆ ॥
ਤਨੁ ਸੀਤਲੁ ਮਨੁ ਸੀਤਲੁ ਥੀਆ ਸਤਗੁਰ ਸਬਦਿ ਸਮਾਇਆ ॥੧॥ ਰਹਾਉ ॥

ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥
ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥੧॥

ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥
ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੂਕੇ ॥੨॥

ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ ॥
ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥੩॥

ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥
ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥੪॥੩॥੧੬੧॥

Sahib Singh
ਪਾਇਆ = ਲੱਭ ਲਿਆ ਹੈ ।
ਮਨਿ = ਮਨ ਵਿਚ ।
ਥੀਆ = ਹੋ ਗਿਆ ਹੈ ।
ਸਤਗੁਰ ਸਬਦਿ = ਗੁਰੂ ਦੇ ਸ਼ਬਦ ਵਿਚ ।
ਸਮਾਇਆ = ਲੀਨ ਹੋ ਗਿਆ ਹਾਂ ।੧।ਰਹਾਉ ।
ਤਿ੍ਰਸਨਾ = ਤ੍ਰੇਹ ।
ਸਗਲ = ਸਾਰੀ ।
ਕਰੁ = ਹੱਥ ।
ਮਸਤਕਿ = ਮੱਥੇ ਉਤੇ ।
ਗੁਰਿ = ਗੁਰੂ ਨੇ ।
ਸਾਰੀ = ਸਾਰਾ ।੧ ।
ਅਘਾਇ ਰਹੇ = ਰੱਜ ਗਏ ।
ਰਿਦ = ਹਿਰਦਾ ।
ਤੇ = ਤੋਂ ।
ਚੂਕੇ = ਹਟ ਗਏ ।
ਸਤਿਗੁਰਿ = ਸਤਿਗੁਰੂ ਨੇ ।
ਰੇ = ਹੇ ਭਾਈ !
ਮੂਕੇ = ਮੁੱਕਦਾ ।੨ ।
ਗੁਰਿ = ਗੁਰੂ ਨੇ ।
ਬੂਝ = ਸਮਝ ।
ਬੁਝਾਈ = ਸਮਝਾ ਦਿੱਤੀ ।
ਲਾਹਿ = ਲਾਹ ਕੇ ।
ਭੇਟਿਓ = ਮਿਲਿਆ ।
ਤਾਤਿ = ਈਰਖਾ ।੩ ।
ਅਚੰਭਉ = ਅਸਚਰਜ ਕੌਤਕ ।
ਜਿਨਿ = ਜਿਸ ਨੇ ।
ਨਾਨਕ = ਹੇ ਨਾਨਕ !
ਸਚ ਬਿਗਾਸਾ = ਸੱਚ ਦਾ ਪਰਕਾਸ਼, ਸਦਾ-ਥਿਰ ਪ੍ਰਭੂ ਦਾ ਪਰਕਾਸ਼ ।
ਰਿਦੈ = ਹਿਰਦੇ ਵਿਚ ।੪ ।
    
Sahib Singh
(ਹੇ ਭਾਈ! ਮੈਂ ਆਪਣੇ) ਮਨ ਵਿਚ ਇਕ ਲਾਲ ਲੱਭ ਲਿਆ ਹੈ ।
ਮੈਂ ਗੁਰੂ ਦੇ ਸ਼ਬਦ ਵਿਚ ਲੀਨ ਹੋ ਗਿਆ ਹਾਂ, ਮੇਰਾ ਸਰੀਰ (ਹਰੇਕ ਗਿਆਨ-ਇੰਦ੍ਰਾ) ਸ਼ਾਂਤ ਹੋ ਗਿਆ ਹੈ, ਮੇਰਾ ਮਨ ਠੰਢਾ ਹੋ ਗਿਆ ਹੈ ।੧।ਰਹਾਉ।(ਹੇ ਭਾਈ!) ਪੂਰੇ ਗੁਰੂ ਨੇ (ਮੇਰੇ) ਮੱਥੇ ਉਤੇ (ਆਪਣਾ ਹੱਥ ਰੱਖਿਆ ਹੈ (ਉਸ ਦੀ ਬਰਕਤਿ ਨਾਲ ਮੈਂ ਆਪਣਾ) ਮਨ ਕਾਬੂ ਵਿਚ ਕਰ ਲਿਆ ਹੈ (ਮਾਨੋ) ਮੈਂ ਸਾਰਾ ਜਗਤ ਜਿੱਤ ਲਿਆ ਹੈ (ਕਿਉਂਕਿ ਮੇਰੀ ਮਾਇਆ ਦੀ) ਭੁੱਖ ਲਹਿ ਗਈ ਹੈ ਮੇਰੀ ਮਾਇਆ ਦੀ ਸਾਰੀ ਤ੍ਰੇਹ ਮੁੱਕ ਗਈ ਹੈ, ਮੈਂ ਸਾਰੇ ਚਿੰਤਾ-ਫ਼ਿਕਰ ਭੁਲਾ ਦਿੱਤੇ ਹਨ ।੧ ।
(ਹੇ ਭਾਈ! ਮਾਇਆ ਵਲੋਂ ਮੇਰੇ ਅੰਦਰ) ਤਿ੍ਰਪਤੀ ਹੋ ਗਈ ਹੈ, ਮੈਂ (ਮਾਇਆ ਵਲੋਂ ਆਪਣੇ) ਹਿਰਦੇ ਵਿਚ ਰੱਜ ਗਿਆ ਹਾਂ, ਹੁਣ (ਮਾਇਆ ਦੀ ਖ਼ਾਤਰ) ਡੋਲਣ ਤੋਂ ਮੈਂ ਹਟ ਗਿਆ ਹਾਂ ।
ਹੇ ਭਾਈ! ਸਤਿਗੁਰੂ ਨੇ ਮੈਨੂੰ (ਪ੍ਰਭੂ-ਨਾਮ ਦਾ ਇਕ ਅਜੇਹਾ) ਖ਼ਜ਼ਾਨਾ ਦਿੱਤਾ ਹੈ ਜੋ ਕਦੇ ਮੁੱਕਣ ਵਾਲਾ ਨਹੀਂ, ਉਸ ਵਿਚ ਕਮੀ ਨਹੀਂ ਆ ਸਕਦੀ, ਉਹ ਖ਼ਤਮ ਨਹੀਂ ਹੋ ਸਕਦਾ ।੨ ।
ਹੇ ਭਾਈ! ਇਕ ਹੋਰ ਅਨੋਖੀ ਗੱਲ ਸੁਣ ।
ਗੁਰੂ ਨੇ ਮੈਨੂੰ ਅਜੇਹੀ ਸਮਝ ਬਖ਼ਸ਼ ਦਿੱਤੀ ਹੈ (ਜਿਸ ਦੀ ਬਰਕਤਿ ਨਾਲ) ਜਦੋਂ ਤੋਂ (ਮੇਰੇ ਅੰਦਰੋਂ ਹਉਮੈ ਦਾ) ਪਰਦਾ ਲਾਹ ਕੇ ਮੈਨੂੰ ਠਾਕੁਰ-ਪ੍ਰਭੂ ਮਿਲਿਆ ਹੈ ਤਦੋਂ ਤੋਂ (ਮੇਰੇ ਦਿਲ ਵਿਚੋਂ) ਪਰਾਈ ਈਰਖਾ ਵਿਸਰ ਗਈ ਹੈ ।੩ ।
ਹੇ ਭਾਈ! ਇਹ ਇਕ ਐਸਾ ਅਸਚਰਜ ਆਨੰਦ ਹੈ ਜੇਹੜਾ ਬਿਆਨ ਨਹੀਂ ਕੀਤਾ ਜਾ ਸਕਦਾ ।
ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਇਹ ਚੱਖਿਆ ਹੈ ।
ਹੇ ਨਾਨਕ! ਆਖ—ਗੁਰੂ ਨੇ (ਮੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲਿਆ ਕੇ ਰੱਖ ਦਿੱਤਾ ਹੈ, ਤੇ ਮੇਰੇ ਅੰਦਰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਗਿਆਨ) ਦਾ ਚਾਨਣ ਹੋ ਗਿਆ ਹੈ ।੪।੩।੧੬੧ ।
Follow us on Twitter Facebook Tumblr Reddit Instagram Youtube