ਗਉੜੀ ਮਾਲਾ ਮਹਲਾ ੫ ॥
ਭਾਵਨੁ ਤਿਆਗਿਓ ਰੀ ਤਿਆਗਿਓ ॥
ਤਿਆਗਿਓ ਮੈ ਗੁਰ ਮਿਲਿ ਤਿਆਗਿਓ ॥
ਸਰਬ ਸੁਖ ਆਨੰਦ ਮੰਗਲ ਰਸ ਮਾਨਿ ਗੋਬਿੰਦੈ ਆਗਿਓ ॥੧॥ ਰਹਾਉ ॥

ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥
ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥੧॥

ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ ॥
ਨਿਰਭਉ ਭਏ ਸੰਤ ਭ੍ਰਮੁ ਡਾਰਿਓ ਪੂਰਨ ਸਰਬਾਗਿਓ ॥੨॥

ਜੋ ਕਿਛੁ ਕਰਤੈ ਕਾਰਣੁ ਕੀਨੋ ਮਨਿ ਬੁਰੋ ਨ ਲਾਗਿਓ ॥
ਸਾਧਸੰਗਤਿ ਪਰਸਾਦਿ ਸੰਤਨ ਕੈ ਸੋਇਓ ਮਨੁ ਜਾਗਿਓ ॥੩॥

ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ ॥
ਨਾਮ ਰੰਗ ਸਹਜ ਰਸ ਮਾਣੇ ਫਿਰਿ ਦੂਖੁ ਨ ਲਾਗਿਓ ॥੪॥੨॥੧੬੦॥

Sahib Singh
ਭਾਵਨੁ = (ਸੁਖ ਦੇ ਗ੍ਰਹਣ ਕਰਨ ਤੇ ਦੁੱਖ ਦੇ ਤਿਆਗ ਦਾ) ਸੰਕਲਪ ।
ਰੀ = ਹੇ ਭੈਣ !
ਗੁਰ ਮਿਲਿ = ਗੁਰੂ ਨੂੰ ਮਿਲ ਕੇ ।
ਮਾਨਿ = ਮੰਨ ਕੇ ।
ਆਗਿਓ = ਆਗਿਆ, ਰਜ਼ਾ ।੧।ਰਹਾਉ ।
ਮਾਨੁ = ਆਦਰ ।
ਅਹੰਕਾਰੁ = ਆਕੜ ।
ਸਮਾਨੇ = ਇਕੋ ਜਿਹੇ ।
ਮਸਤਕੁ = ਮੱਥਾ ।
ਪਾਗਿਓ = ਪੈਰਾਂ ਉਤੇ ।
ਸੰਪਤ ਹਰਖੁ = (ਆਏ) ਧਨ ਦੀ ਖ਼ੁਸ਼ੀ ।
ਆਪਤ ਦੂਖਾ = (ਆਈ) ਬਿਪਤਾ ਦਾ ਦੁੱਖ ।
ਰੰਗੁ = ਪ੍ਰੇਮ ।੧ ।
ਬਾਸ ਬਾਸ = ਸਭ ਘਰਾਂ ਵਿਚ ।
ਰੀ = ਹੇ ਸਖੀ !
ਉਦਿਆਨ = ਜੰਗਲਾਂ ਵਿਚ ।
ਭ੍ਰਮੁ = ਭਟਕਣਾ ।
ਪੂਰਨ = ਵਿਆਪਕ ।
ਸਰਬਾਗਿਓ = ਸਰਬੱਗ, ਸਭ ਦੇ ਦਿਲ ਦੀ ਜਾਣਨ ਵਾਲਾ ।੨ ।
ਕਰਤੈ = ਕਰਤਾਰ ਨੇ ।
ਕਾਰਣੁ = ਸਬੱਬ ।
ਮਨਿ = ਮਨ ਵਿਚ ।
ਬੁਰੋ = ਭੈੜਾ ।
ਪ੍ਰਸਾਦਿ = ਕਿਰਪਾ ਨਾਲ ।
ਸੋਇਓ = ਸੁੱਤਾ ਹੋਇਆ ।੩ ।
ਓੜਿ = ਸਰਨ ਵਿਚ ।
ਰੰਗ = ਆਨੰਦ ।
ਸਹਜ = ਆਤਮਕ ਅਡੋਲਤਾ ।੪ ।
    
Sahib Singh
ਹੇ ਭੈਣ! ਗੁਰੂ ਨੂੰ ਮਿਲ ਕੇ (ਸੁੱਖਾਂ ਦੇ ਗ੍ਰਹਣ ਕਰਨ ਤੇ ਦੁੱਖਾਂ ਤੋਂ ਡਰਨ ਦਾ) ਸੰਕਲਪ ਛੱਡ ਦਿੱਤਾ ਹੈ, ਸਦਾ ਲਈ ਛੱਡ ਦਿੱਤਾ ਹੈ ।
(ਹੁਣ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਰਜ਼ਾ (ਮਿੱਠੀ) ਮੰਨ ਕੇ ਮੈਨੂੰ ਸਾਰੇ ਸੁਖ-ਆਨੰਦ ਹੀ ਹਨ, ਖ਼ੁਸ਼ੀਆਂ ਮੰਗਲ ਹੀ ਹਨ ।੧।ਰਹਾਉ ।
ਹੇ ਭੈਣ! ਕੋਈ ਮੇਰਾ ਆਦਰ ਕਰੇ, ਕੋਈ ਮੇਰੇ ਨਾਲ ਆਕੜ ਵਾਲਾ ਸਲੂਕ ਕਰੇ, ਮੈਨੂੰ ਦੋਵੇਂ ਇਕੋ ਜਿਹੇ ਜਾਪਦੇ ਹਨ, (ਕਿਉਂਕਿ) ਮੈਂ ਆਪਣਾ ਮੱਥਾ (ਸਿਰ) ਗੁਰੂ ਦੇ ਚਰਨਾਂ ਤੇ ਰੱਖ ਦਿੱਤਾ ਹੋਇਆ ਹੈ ।
(ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਚੁੱਕਾ ਹੈ, ਹੁਣ ਮੈਨੂੰ ਆਏ ਧਨ ਦੀ ਖ਼ੁਸ਼ੀ ਨਹੀਂ ਹੁੰਦੀ, ਤੇਆਈ ਬਿਪਤਾ ਤੋਂ ਦੁੱਖ ਨਹੀਂ ਪ੍ਰਤੀਤ ਹੁੰਦਾ ।੧ ।
ਹੇ ਭੈਣ! ਹੁਣ ਮੈਨੂੰ ਸਭ ਘਰਾਂ ਵਿਚ ਇਕ ਮਾਲਕ-ਪ੍ਰਭੂ ਹੀ ਦਿੱਸਦਾ ਹੈ, ਜੰਗਲਾਂ ਵਿਚ ਭੀ ਮੈਨੂੰ ਉਹੀ ਨਜ਼ਰੀਂ ਆ ਰਿਹਾ ਹੈ ।
ਗੁਰੂ-ਸੰਤ (ਦੀ ਕਿਰਪਾ ਨਾਲ) ਮੈਂ ਭਟਕਣਾ ਮੁਕਾ ਲਈ ਹੈ, ਹੁਣ ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹੀ ਮੈਨੂੰ ਸਰਬ-ਵਿਆਪਕ ਦਿੱਸਦਾ ਹੈ ਤੇ ਮੈਂ ਨਿਡਰ ਹੋ ਗਿਆ ਹਾਂ ।੨ ।
(ਹੇ ਭੈਣ! ਜਦੋਂ ਭੀ) ਜੇਹੜਾ ਹੀ ਸਬੱਬ ਕਰਤਾਰ ਨੇ ਬਣਾਇਆ (ਹੁਣ ਮੈਨੂੰ ਆਪਣੇ) ਮਨ ਵਿਚ (ਉਹ) ਭੈੜਾ ਨਹੀਂ ਲੱਗਦਾ ।
ਸਾਧ ਸੰਗਤਿ ਵਿਚ ਆ ਕੇ ਸੰਤ ਜਨਾਂ ਦੀ ਕਿਰਪਾ ਨਾਲ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮੇਰਾ) ਮਨ ਜਾਗ ਪਿਆ ਹੈ ।੩ ।
ਹੇ ਦਾਸ ਨਾਨਕ! (ਆਖ—ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ) ਮੈਂ ਤੇਰੀ ਓਟ ਵਿਚ ਆ ਪਿਆ ਹਾਂ, ਮੈਂ ਤੇਰੀ ਸਰਨ ਆ ਡਿੱਗਾ ਹਾਂ ।
ਹੁਣ ਮੈਨੂੰ ਕੋਈ ਦੁੱਖ ਨਹੀਂ ਪੋਂਹਦਾ ।
ਮੈਂ ਤੇਰੇ ਨਾਮ ਦਾ ਆਨੰਦ ਮਾਣ ਰਿਹਾ ਹਾਂ ਮੈਂ ਆਤਮਕ ਅਡੋਲਤਾ ਦੇ ਸੁਖ ਮਾਣ ਰਿਹਾ ਹਾਂ ।੪।੨।੧੬੦ ।
Follow us on Twitter Facebook Tumblr Reddit Instagram Youtube