ਗਉੜੀ ਮਹਲਾ ੫ ॥
ਮਾਤੋ ਹਰਿ ਰੰਗਿ ਮਾਤੋ ॥੧॥ ਰਹਾਉ ॥

ਓੁਹੀ ਪੀਓ ਓੁਹੀ ਖੀਓ ਗੁਰਹਿ ਦੀਓ ਦਾਨੁ ਕੀਓ ॥
ਉਆਹੂ ਸਿਉ ਮਨੁ ਰਾਤੋ ॥੧॥

ਓੁਹੀ ਭਾਠੀ ਓੁਹੀ ਪੋਚਾ ਉਹੀ ਪਿਆਰੋ ਉਹੀ ਰੂਚਾ ॥
ਮਨਿ ਓਹੋ ਸੁਖੁ ਜਾਤੋ ॥੨॥

ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ ॥
ਨਾਨਕ ਗੁਰ ਸਬਦਿ ਪਰਾਤੋ ॥੩॥੪॥੧੫੭॥

Sahib Singh
ਮਾਤੋ = ਮਸਤ ।
ਰੰਗਿ = ਪ੍ਰੇਮ ਵਿਚ ।
ਹਰਿ ਰੰਗਿ = ਹਰੀ ਦੇ ਪ੍ਰੇਮ-ਸ਼ਰਾਬ ਨਾਲ ।੧।ਰਹਾਉ ।
ਓੁਹੀ = {ਅੱਖ਼ਰ ‘ੳ’ ਦੇ ਨਾਲ ਦੋ ਲਗਾਂ ਹਨ— ੋ ਅਤੇ ੁ ।
    ਅਸਲ ਲਫ਼ਜ਼ ਹੈ ‘ਓਹੀ’ ।
    ਇਥੇ ਪੜ੍ਹਨਾ ਹੈ ‘ਉਹੀ’} ਉਹ ਨਾਮ-ਰਸ ਹੀ, ਉਹ ਪ੍ਰੇਮ-ਮਦ ਹੀ ।
ਪੀਓ = ਪੀਤਾ ਹੈ ।
ਖੀਓ = ਖੀਵਾ, ਮਸਤ ।
ਗੁਰਿ = ਗੁਰੂ ਨੇ ।
ਉਆ ਹੂ ਸਿਉ = ਉਸੇ ਨਾਮ = ਮਦ ਨਾਲ ਹੀ ।
ਰਾਤੋ = ਰੱਤਾ ਹੋਇਆ ਹੈ ।੧ ।
ਭਾਠੀ = ਸ਼ਰਾਬ ਕੱਢਣ ਵਾਲੀ ਭੱਠੀ ।
ਪੋਚਾ = ਅਰਕ ਨਿਕਲਣ ਵਾਲੀ ਨਾਲ ਉਤੇ ਠੰਢ ਅਪੜਾਨ ਲਈ ਕੀਤਾ ਹੋਇਆ ਲੇਪਣ ।
ਪਿਆਰੋ = ਪਿਆਲਾ ।
ਰੂਚਾ = ਰੁਚੀ, ਉਮੰਗ ।
ਮਨਿ = ਮਨ ਵਿਚ ।੨ ।
ਸਹਜ = ਆਤਮਕ ਅਡੋਲਤਾ ।
ਕੇਲ = ਕੌਤਕ, ਆਨੰਦ ।
ਰਹੇ = ਰਹਿ ਗਏ, ਮੁੱਕ ਗਏ ।
ਫੇਰ = ਗੇੜ (ਜਨਮ ਮਰਨ ਦੇ) ।
ਸਬਦਿ = ਸ਼ਬਦ ਵਿਚ ।
ਪਰਾਤੋ = ਪਰੋਤਾ ਗਿਆ ।੩ ।
    
Sahib Singh
(ਹੇ ਜੋਗੀ! ਮੈਂ ਭੀ) ਮਤਵਾਲਾ ਹਾਂ (ਪਰ ਮੈਂ ਤਾਂ) ਪਰਮਾਤਮਾ ਦੇ ਪ੍ਰੇਮ-ਸ਼ਰਾਬ ਨਾਲ ਮਤਵਾਲਾ ਹੋ ਰਿਹਾ ਹਾਂ ।੧।ਰਹਾਉ ।
(ਹੇ ਜੋਗੀ!) ਮੈਂ ਉਹ ਨਾਮ-ਮਦ ਹੀ ਪੀਤਾ ਹੈ, ਉਹ ਨਾਮ-ਮਦ ਪੀ ਕੇ ਹੀ ਮੈਂ ਖੀਵਾ ਹੋ ਰਿਹਾ ਹਾਂ, ਗੁਰੂ ਨੇ ਮੈਨੂੰ ਇਹ ਨਾਮ-ਮਦ ਦਿੱਤਾ ਹੈ, ਮੈਨੂੰ ਇਹ ਦਾਤਿ ਦਿੱਤੀ ਹੈ ।
ਹੁਣ ਉਸੇ ਨਾਮ-ਮਦ ਨਾਲ ਹੀ ਮੇਰਾ ਮਨ ਰੱਤਾ ਹੋਇਆ ਹੈ ।੧ ।
(ਹੇ ਜੋਗੀ!) ਪਰਮਾਤਮਾ ਦਾ ਨਾਮ ਹੀ (ਸ਼ਰਾਬ ਕੱਢਣ ਵਾਲੀ) ਭੱਠੀ ਹੈ, ਉਹ ਨਾਮ ਹੀ (ਸ਼ਰਾਬ ਨਿਕਲਣ ਵਾਲੀ ਨਾਲ ਉਤੇ ਠੰਢਕ ਅਪੜਾਣ ਵਾਲਾ) ਪੋਚਾ ਹੈ, ਪ੍ਰਭੂ ਦਾ ਨਾਮ ਹੀ (ਮੇਰੇ ਵਾਸਤੇ) ਪਿਆਲਾ ਹੈ, ਅਤੇ ਨਾਮ-ਮਦ ਹੀ ਮੇਰੀ ਲਗਨ ਹੈ ।
(ਹੇ ਜੋਗੀ!) ਮੈਂ ਆਪਣੇ ਮਨ ਵਿਚ ਉਹੀ (ਨਾਮ-ਮਦ ਦਾ) ਆਨੰਦ ਮਾਣ ਰਿਹਾ ਹਾਂ ।੨ ।
ਹੇ ਨਾਨਕ! (ਆਖ—ਹੇ ਜੋਗੀ! ਜਿਸ ਮਨੁੱਖ ਦਾ ਮਨ) ਗੁਰੂ ਦੇ ਸ਼ਬਦ ਵਿਚ ਪ੍ਰੋਇਆ ਜਾਂਦਾ ਹੈ ।
ਉਹ ਆਤਮਕ ਅਡੋਲਤਾ ਦੇ ਚੋਜ ਆਨੰਦ ਮਾਣਦਾ ਹੈ, ਉਸ ਦਾ (ਪ੍ਰਭੂ-ਚਰਨਾਂ ਨਾਲ) ਮਿਲਾਪ ਹੋ ਜਾਂਦਾ ਹੈ, ਤੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ।੩।੪।੧੪੭ ।
Follow us on Twitter Facebook Tumblr Reddit Instagram Youtube