ਗਉੜੀ ਮਹਲਾ ੫ ॥
ਗੁਨ ਕੀਰਤਿ ਨਿਧਿ ਮੋਰੀ ॥੧॥ ਰਹਾਉ ॥

ਤੂੰਹੀ ਰਸ ਤੂੰਹੀ ਜਸ ਤੂੰਹੀ ਰੂਪ ਤੂਹੀ ਰੰਗ ॥
ਆਸ ਓਟ ਪ੍ਰਭ ਤੋਰੀ ॥੧॥

ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੂਹੀ ਪ੍ਰਾਨ ॥
ਗੁਰਿ ਤੂਟੀ ਲੈ ਜੋਰੀ ॥੨॥

ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ ॥
ਹੈ ਨਾਨਕ ਨੇਰ ਨੇਰੀ ॥੩॥੩॥੧੫੬॥

Sahib Singh
ਗੁਨ ਕੀਰਤਿ = ਗੁਣਾਂ ਦੀ ਵਡਿਆਈ ।
ਨਿਧਿ = ਖ਼ਜ਼ਾਨਾ ।
ਮੋਰੀ = ਮੇਰੀ, ਮੇਰੇ ਲਈ ।੧।ਰਹਾਉ ।
ਰਸ = ਦੁਨੀਆ ਦੇ ਪਦਾਰਥਾਂ ਦੇ ਸੁਆਦ ।
ਜਸ = ਦੁਨੀਆ ਦੀਆਂ ਵਡਿਆਈਆਂ ।
ਰੰਗ = ਜਗਤ ਦੇ ਖੇਲ = ਤਮਾਸ਼ੇ ।
ਪ੍ਰਭ = ਹੇ ਪ੍ਰਭੂ !
ਤੋਰੀ = ਤੇਰੀ ।੧ ।
ਮਾਨ = ਆਦਰ ।
ਧਾਨ = ਧਨ ।
ਪਤਿ = ਇੱਜ਼ਤ ।
ਪ੍ਰਾਨ = ਜਿੰਦ (ਦਾ ਸਹਾਰਾ) ।
ਗੁਰਿ = ਗੁਰੂ ਨੇ ।
ਜੋਰੀ = ਜੋੜ ਦਿੱਤੀ ਹੈ ।੨ ।
ਗਿ੍ਰਹਿ = ਘਰ ਵਿਚ ।
ਬਨਿ = ਜੰਗਲ ਵਿਚ ।
ਗਾਉ = ਪਿੰਡ, ਵੱਸੋਂ ।
ਸੁਨਿ = ਸੁੰਞ ।
ਨੇਰ ਨੇਰੀ = ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ ।੩ ।
    
Sahib Singh
(ਹੇ ਪ੍ਰਭੂ!) ਤੇਰੇ ਗੁਣਾਂ ਦੀ ਵਡਿਆਈ ਕਰਨੀ ਹੀ ਮੇਰੇ ਵਾਸਤੇ (ਦੁਨੀਆ ਦੇ ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ ।੧।ਰਹਾਉ ।
(ਹੇ ਪ੍ਰਭੂ!) ਤੂੰ ਹੀ (ਮੇਰੇ ਵਾਸਤੇ ਦੁਨੀਆ ਦੇ ਪਦਾਰਥਾਂ ਦੇ) ਸੁਆਦ ਹੈਂ, ਤੂੰ ਹੀ (ਮੇਰੇ ਵਾਸਤੇ ਦੁਨੀਆ ਦੀਆਂ) ਵਡਿਆਈਆਂ ਹੈਂ, ਤੂੰ ਹੀ (ਮੇਰੇ ਵਾਸਤੇ ਜਗਤ ਦੇ ਸੋਹਣੇ ਰੂਪ ਤੇ ਰੰਗ-ਤਮਾਸ਼ੇ ਹੈਂ ।
ਹੇ ਪ੍ਰਭੂ! ਮੈਨੂੰ ਤੇਰੀ ਓਟ ਹੈ ਤੇਰੀ ਹੀ ਆਸ ਹੈ ।੧।(ਹੇ ਪ੍ਰਭੂ!) ਤੂੰੰ ਹੀ ਮੇਰਾ ਮਾਣ-ਆਦਰ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰੀ ਜਿੰਦ (ਦਾ ਸਹਾਰਾ) ਹੈਂ ।
ਮੇਰੀ ਤੁੱਟੀ ਹੋਈ (ਸੁਰਤ) ਨੂੰ ਗੁਰੂ ਨੇ (ਤੇਰੇ ਨਾਲ) ਜੋੜ ਦਿੱਤਾ ਹੈ ।੨ ।
ਹੇ ਪ੍ਰਭੂ! ਤੂੰ ਹੀ (ਮੈਨੂੰ) ਘਰ ਵਿਚ ਦਿੱਸ ਰਿਹਾ ਹੈਂ, ਤੂੰ ਹੀ (ਮੈਨੂੰ) ਜੰਗਲ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਵੱਸੋਂ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਉਜਾੜ ਵਿਚ (ਦਿੱਸ ਰਿਹਾ) ਹੈਂ ।
ਹੇ ਨਾਨਕ! ਪ੍ਰਭੂ (ਹਰੇਕ ਜੀਵ ਦੇ) ਅੱਤ ਨੇੜੇ ਵੱਸਦਾ ਹੈ ।੩।੩।੧੫੬ ।
Follow us on Twitter Facebook Tumblr Reddit Instagram Youtube