ਗਉੜੀ ਪੂਰਬੀ ਮਹਲਾ ੫ ॥
ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥
ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥

ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥
ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥੧॥

ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥
ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥੨॥

ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ ॥
ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ ॥੩॥

ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥
ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ ॥੪॥੧੪॥੧੫੨॥

Sahib Singh
ਮਨ = ਹੇ ਮਨ !
ਪਾਏ = ਪਾਂਦਾ ਹੈ, ਮਾਣਦਾ ਹੈ ।
ਦਿਨਿ = ਦਿਨ ਵਿਚ ।
ਜਾ ਦਿਨ = ਜਿਸ ਦਿਨ ਵਿਚ ।
ਅਜਾਏ = ਵਿਅਰਥ ।੧।ਰਹਾਉ ।
ਰੈਣ = ਰਾਤ ।
ਪਾਹੁਨ = ਪ੍ਰਾਹੁਣੇ ।
ਬਧਾਏ = ਬੰਨ੍ਹਦੇ ਹੋ ।
ਗਿ੍ਰਹ = ਘਰ ।
ਮੰਦਰ = ਸੋਹਣੇ ਮਕਾਨ ।
ਸੰਪੈ = ੪ਧਨ ।
ਤਰਵਰ = ਰੁੱਖ ।
ਛਾਏ = ਛਾਂ ।੧ ।
ਮਿਲਖ = ਜ਼ਮੀਨ ।
ਜਾਏ = ਥਾਂਵਾਂ ।
ਠਾਕੁਰੁ = ਪਾਲਣਹਾਰ ਪ੍ਰਭੂ ।
ਪਰਾਏ = ਓਪਰੇ ।੨ ।
ਪਹਿਰੈ = ਪਹਿਨਦਾ ਹੈ ।
ਬਾਗਾ = ਚਿੱਟੇ ਕੱਪੜੇ ।
ਕਰਿ = ਕਰ ਕੇ ।
ਚੋਆ = ਅਤਰ ।
ਚੀਨਿਆ = ਪਛਾਣਿਆ ।
ਹਸਤੀ = ਹਾਥੀ ।
ਨਾਵਾਏ = ਨਵ੍ਹਾਲੀਦਾ ਹੈ ।੩ ।
ਜਉ = ਜਦੋਂ ।
ਤ = ਤਾਂ ।
ਸਭਿ = ਸਾਰੇ ।
ਨਾਏ = ਨਾਇ, ਨਾਮ ਵਿਚ ।
ਮੁਕਤੁ = (ਮੋਹ ਤੋਂ) ਸੁਤੰਤਰ ।
ਗੁਰਿ = ਗੁਰੂ ਨੇ ।੪ ।
    
Sahib Singh
ਹੇ ਮੇਰੇ ਮਨ! ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ।
ਜਿਸ ਦਿਨ ਜਿੰਦ ਦਾ ਦਾਤਾ ਸੁਖਾਂ ਦਾ ਦੇਣ ਵਾਲਾ (ਪ੍ਰਭੂ) ਜੀਵ ਨੂੰ ਵਿਸਰ ਜਾਂਦਾ ਹੈ, (ਉਸ ਦਾ) ਉਹ ਦਿਨ ਵਿਅਰਥ ਚਲਾ ਜਾਂਦਾ ਹੈ ।੧।ਰਹਾਉ ।
(ਹੇ ਭਾਈ!) ਤੁਸੀ ਇਕ ਰਾਤ (ਕਿਤੇ ਸਫ਼ਰ ਵਿਚ) ਗੁਜ਼ਾਰਨ ਵਾਲੇ ਪ੍ਰਾਹੁਣੇ ਵਾਂਗ (ਜਗਤ ਵਿਚ) ਆਏ ਹੋ ਪਰ ਇਥੇ ਕਈ ਜੁਗ ਜੀਊਂਦੇ ਰਹਿਣ ਦੀਆਂ ਆਸਾਂ ਬੰਨ੍ਹ ਰਹੇ ਹੋ ।
(ਹੇ ਭਾਈ!) ਇਹ ਘਰ ਮਹਲ ਧਨ-ਪਦਾਰਥ—ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਰੁੱਖ ਦੀ ਛਾਂ ਵਾਂਗ ਹੈ (ਸਦਾ ਸਾਥ ਨਹੀਂ ਨਿਬਾਹੁੰਦਾ) ।੧ ।
ਇਹ ਸਰੀਰ ਮੇਰਾ ਹੈ, ਇਹ ਧਨ-ਪਦਾਰਥ ਸਾਰਾ ਮੇਰਾ ਹੈ, ਇਹ ਬਾਗ਼ ਮੇਰੇ ਹਨ, ਇਹ ਜ਼ਮੀਨਾਂ ਮੇਰੀਆਂ ਹਨ, ਇਹ ਸਾਰੇ ਥਾਂ ਮੇਰੇ ਹਨ—(ਹੇ ਭਾਈ! ਇਸ ਮਮਤਾ ਵਿਚ ਫਸ ਕੇ ਮਨੁੱਖ ਨੂੰ ਇਹ ਸਭ ਕੁਝ) ਦੇਣ ਵਾਲਾ ਪਰਮਾਤਮਾ ਠਾਕੁਰ ਭੁੱਲ ਜਾਂਦਾ ਹੈ (ਤੇ, ਇਹ ਸਾਰੇ ਹੀ ਪਦਾਰਥ) ਇਕ ਖਿਨ ਵਿਚ ਓਪਰੇ ਹੋ ਜਾਂਦੇ ਹਨ (ਇਸ ਤ੍ਰਹਾਂ ਆਖ਼ਰ ਖ਼ਾਲੀ-ਹੱਥ ਤੁਰ ਪੈਂਦਾ ਹੈ) ।੨ ।
ਮਨੁੱਖ ਨ੍ਹਾ ਧੋ ਕੇ ਚਿੱਟੇ ਕੱਪੜੇ ਪਹਿਨਦਾ ਹੈ, ਅਤਰ ਤੇ ਚੰਦਨ ਆਦਿਕ (ਸਰੀਰ ਨੂੰ ਕੱਪੜਿਆਂ ਨੂੰ) ਲਾਂਦਾ ਹੈ, ਪਰ ਜੇ ਮਨੁੱਖ ਨਿਰਭਉ ਨਿਰੰਕਾਰ ਨਾਲ ਜਾਣ-ਪਛਾਣ ਨਹੀਂ ਪਾਂਦਾ ਤਾਂ ਇਹ ਸਭ ਉੱਦਮ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਹਾਥੀ ਨੂੰ ਨਵ੍ਹਾਂਦਾ ਹੈ (ਤੇ ਨ੍ਹਾਉਣ ਪਿਛੋਂ ਆਪਣੇ ਉਤੇ ਘੱਟਾ-ਮਿੱਟੀ ਪਾ ਲੈਂਦਾ ਹੈ) ।੩ ।
(ਪਰ,) ਹੇ ਨਾਨਕ! (ਜੀਵਾਂ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਮਿਲਾਂਦਾ ਹੈ (ਗੁਰੂ ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ ਜਿਸ) ਹਰਿ-ਨਾਮ ਵਿਚ ਹੀ ਸਾਰੇ ਹੀ ਸੁਖ ਹਨ ।
ਜਿਸ ਮਨੁੱਖ ਦੇ (ਮਾਇਆ ਮੋਹ ਦੇ) ਬੰਧਨ ਗੁਰੂ ਨੇ ਖੋਲ੍ਹ ਦਿੱਤੇ, ਉਹ ਮਨੁੱਖ (ਹੀ) ਪਰਮਾਤਮਾ ਦੇ ਗੁਣ ਗਾਂਦਾ ਹੈ ।੪।੧੪।੧੫੨ ।
Follow us on Twitter Facebook Tumblr Reddit Instagram Youtube