ਗਉੜੀ ਮਹਲਾ ੫ ॥
ਰਸਨਾ ਜਪੀਐ ਏਕੁ ਨਾਮ ॥
ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥

ਕਟੀਐ ਤੇਰਾ ਅਹੰ ਰੋਗੁ ॥
ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥

ਹਰਿ ਰਸੁ ਜਿਨਿ ਜਨਿ ਚਾਖਿਆ ॥
ਤਾ ਕੀ ਤ੍ਰਿਸਨਾ ਲਾਥੀਆ ॥੨॥

ਹਰਿ ਬਿਸ੍ਰਾਮ ਨਿਧਿ ਪਾਇਆ ॥
ਸੋ ਬਹੁਰਿ ਨ ਕਤ ਹੀ ਧਾਇਆ ॥੩॥

ਹਰਿ ਹਰਿ ਨਾਮੁ ਜਾ ਕਉ ਗੁਰਿ ਦੀਆ ॥
ਨਾਨਕ ਤਾ ਕਾ ਭਉ ਗਇਆ ॥੪॥੮॥੧੪੬॥

Sahib Singh
ਰਸਨਾ = ਜੀਭ (ਨਾਲ) ।
ਏਕੁ ਨਾਮੁ = ਸਿਰਫ਼ ਹਰਿ ਨਾਮ ।
ਈਹਾ = ਇਸ ਲੋਕ ਵਿਚ ।
ਘਨਾ = ਬਹੁਤ ।
ਆਗੈ = ਪਰਲੋਕ ਵਿਚ ।
ਜੀਅ ਕੈ ਸੰਗਿ = ਜਿੰਦ ਦੇ ਨਾਲ ।
ਜੀਅ ਕੈ ਕਾਮ = ਜਿੰਦ ਦੇ ਕੰਮ ।੧।ਰਹਾਉ ।
ਕਟੀਐ = ਕੱਟਿਆ ਜਾ ਸਕਦਾ ਹੈ ।
ਅਹੰ = ਹਉਮੈ {ਅਹਜ਼ = ਮੈਂ ਮੈਂ} ।
ਪ੍ਰਸਾਦਿ = ਕਿਰਪਾ ਨਾਲ ।
ਜੋਗੁ = (ਪ੍ਰਭੂ ਨਾਲ) ਮਿਲਾਪ ।
ਰਾਜ ਜੋਗੁ = ਗਿ੍ਰਹਸਤ ਭੀ ਤੇ ਫ਼ਕੀਰੀ ਭੀ ।੧ ।
ਜਿਨਿ = ਜਿਸ ਨੇ ।
ਜਨਿ = ਜਨ ਨੇ ।
ਜਿਨਿ ਜਨਿ = ਜਿਸ ਮਨੁੱਖ ਨੇ ।੨ ।
ਬਿਸ੍ਰਾਮ = ਸ਼ਾਂਤੀ, ਟਿਕਾਉ ।
ਨਿਧਿ = ਖ਼ਜ਼ਾਨਾ ।
ਬਿਸ੍ਰਾਮ ਨਿਧਿ = ਸ਼ਾਂਤੀ ਦਾ ਖ਼ਜ਼ਾਨਾ ।
ਬਹੁਰਿ = ਮੁੜ ।
ਕਤ ਹੀ = ਕਿਸੇ ਹੋਰ ਪਾਸੇ ।
ਧਾਇਆ = ਭਟਕਦਾ ਹੈ ।੩ ।
ਕਉ = ਨੂੰ ।
ਜਾ ਕਉ = ਜਿਸ ਨੂੰ ।
ਗੁਰਿ = ਗੁਰੂ ਨੇ ।
ਕਾ = ਦੀ ।
    {ਲਫ਼ਜ਼ ‘ਕਉ’ ਅਤੇ ‘ਕਾ’ ਦਾ ਫ਼ਰਕ ਚੇਤੇ ਰਹੇ} ।੪ ।
    
Sahib Singh
(ਹੇ ਭਾਈ!) ਜੀਭ ਨਾਲ ਹਰਿ-ਨਾਮ ਜਪਦੇ ਰਹਿਣਾ ਚਾਹੀਦਾ ਹੈ ।
(ਜੇ ਹਰਿ-ਨਾਮ ਜਪਦੇ ਰਹੀਏ ਤਾਂ) ਇਸ ਲੋਕ ਵਿਚ (ਇਸ ਜੀਵਨ ਵਿਚ) ਬਹੁਤ ਸੁਖ-ਆਨੰਦ ਮਿਲਦਾ ਹੈ ਤੇ ਪਰਲੋਕ ਵਿਚ (ਇਹ ਹਰਿ-ਨਾਮ) ਜਿੰਦ ਦੇ ਕੰਮ ਆਉਂਦਾ ਹੈ ।੧ ।
(ਹੇ ਭਾਈ! ਹਰਿ-ਨਾਮ ਦੀ ਬਰਕਤਿ ਨਾਲ) ਤੇਰਾ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ ।
(ਨਾਮ ਜਪ ਜਪ ਕੇ) ਗੁਰੂ ਦੀ ਕਿਰਪਾ ਨਾਲ ਤੂੰ ਗਿ੍ਰਹਸਤ ਦਾ ਸੁਖ ਭੀ ਲੈ ਸਕਦਾ ਹੈਂ, ਤੇ ਪ੍ਰਭੂ ਨਾਲ ਮਿਲਾਪ ਭੀ ਪ੍ਰਾਪਤ ਕਰ ਸਕਦਾ ਹੈਂ ।੧ ।
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਸ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਂਦੀ ਹੈ ।੨ ।
(ਹੇ ਭਾਈ! ਜਿਸ ਮਨੁੱਖ ਨੇ ਹਰਿ-ਨਾਮ-ਰਸ ਚੱਖ ਲਿਆ) ਉਸ ਨੂੰ ਸ਼ਾਂਤੀ ਦਾ ਖ਼ਜ਼ਾਨਾ ਪਰਮਾਤਮਾ ਮਿਲ ਪਿਆ, ਉਹ ਮਨੁੱਖ ਮੁੜ ਕਿਸੇ ਭੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ ।੩ ।
(ਹੇ ਨਾਨਕ) ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ, ਉਸ ਦਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ।੪।੮।੧੪੬ ।
Follow us on Twitter Facebook Tumblr Reddit Instagram Youtube