ਗਉੜੀ ਮਹਲਾ ੫ ॥
ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥
ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥

ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ ॥
ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥੧॥

ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥
ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ ॥੨॥

ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ ॥
ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ ॥੩॥

ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ ਘਟ ਘਟ ਅੰਤਰਿ ਸੋਈ ਰੇ ॥
ਨਾਨਕੁ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਨ ਕੋਈ ਰੇ ॥੪॥੧੬॥੧੩੭॥

Sahib Singh
ਪਾਰਬ੍ਰਹਮ = ਪਰੇ ਤੋਂ ਪਰੇ ਬ੍ਰਹਮ ।
ਪੂਰਨ = ਵਿਆਪਕ ।
ਪਰਮੇਸੁਰ = ਸਭ ਤੋਂ ਵੱਡਾ ਮਾਲਕ ।
ਮਨ = ਹੇ ਮਨ !
ਤਾ ਕੀ = ਉਸ ਦੀ ।
ਗਹੀਜੈ = ਫੜਨੀ ਚਾਹੀਦੀ ਹੈ ।
ਜਿਨਿ = ਜਿਸ (ਪ੍ਰਭੂ) ਨੇ ।
ਧਾਰੇ = ਟਿਕਾਏ ਹੋਏ ਹਨ ।
ਤਾ ਕੋ = ਉਸ ਦਾ ।੧।ਰਹਾਉ ।
ਹਰਿ ਜਨ = ਹੇ ਹਰੀ ਜਨੋ !
ਬੂਝਿ = ਸਮਝ ਕੇ ।
ਭਲ = ਭਲਾ, ਚੰਗਾ ।
ਮਾਨਹੁ = ਮੰਨੋ ।
ਸੁਖਿ = ਸੁਖ ਵਿਚ ।
ਦੁਖਿ = ਦੁਖ ਵਿਚ ।੧ ।
ਕੋਟਿ = ਕ੍ਰੋੜਾਂ ।
ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ।
ਉਧਾਰੇ = ਬਚਾ ਲੈਂਦਾ ਹੈ ।
ਕਰਤੇ = ਕਰਤਾਰ ਨੂੰ ।
ਬਾਰ = ਚਿਰ ।
ਭੰਜਨ = ਨਾਸ ਕਰਨ ਵਾਲਾ ।
ਤਿਸਹਿ = ਉਸ ਨੂੰ ਹੀ ।
ਨਿਵਾਜੈ = ਬਖ਼ਸ਼ਦਾ ਹੈ ।੨ ।
ਸਭ ਕੋ = ਸਭਨਾਂ ਦਾ ।
ਜੀਅ ਪ੍ਰਾਨ ਸੁਖ ਸਾਗਰੁ = ਜਿੰਦਾਂ ਦਾ, ਪ੍ਰਾਣਾਂ ਦਾ, ਸੁਖਾਂ ਦਾ ਸਮੁੰਦਰ ।
ਤੋਟਿ = ਘਾਟਿ, ਕਮੀ ।
ਰਤਨਾਗਰੁ = {ਰਤਨ—ਆਕਰੁ ।
ਆਕਰੁ = ਖਾਣ} ।
    ਰਤਨਾਂ ਦੀ ਖਾਣ ।੩ ।
ਜਾਚਿਕੁ = ਮੰਗਤਾ ।
ਜਾਚੈ = ਮੰਗਦਾ ਹੈ ।
ਸੋਈ = ਉਹੀ ।
ਘਟ ਘਟ ਅੰਤਰਿ = ਹਰੇਕ ਘਟ ਦੇ ਅੰਦਰ ।
ਘਟ = ਸਰੀਰ ।
ਤਾ ਕੀ = ਉਸ ਪ੍ਰਭੂ ਦੀ ।
ਜਾ ਤੇ = ਜਿਸ (ਦੇ ਦਰ) ਤੋਂ ।
ਬਿ੍ਰਥਾ = ਖ਼ਾਲੀ, ਨਿਰਾਸ ।੪ ।
    
Sahib Singh
ਹੇ ਮੇਰੇ ਮਨ! ਉਸ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ, ਜੋ ਬੇਅੰਤ ਹੈ, ਸਰਬ-ਵਿਆਪਕ ਹੈ, ਤੇ ਸਭ ਤੋਂ ਵੱਡਾ ਮਾਲਕ ਹੈ! ਹੇ ਮਨ! ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਜਿਸ ਨੇ ਸਾਰੇ ਧਰਤੀ-ਮੰਡਲਾਂ ਨੂੰ, ਸਾਰੇ ਜਗਤ ਨੂੰ (ਪੈਦਾ ਕਰ ਕੇ) ਸਹਾਰਾ ਦਿੱਤਾ ਹੋਇਆ ਹੈ ।੧।ਰਹਾਉ ।
ਹੇ ਹਰੀ ਦੇ ਸੇਵਕੋ! ਆਪਣੇ ਮਨ ਦੀ ਚਤੁਰਾਈ ਛੱਡ ਦਿਹੋ ।
ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਹੀ ਸੁਖ ਪਾ ਸਕੀਦਾ ਹੈ ।
ਹੇ ਸੰਤ ਜਨੋ! ਸੁਖ ਵਿਚ (ਭੀ), ਤੇ ਦੁਖ ਵਿਚ (ਭੀ) ਉਸ ਪਰਮਾਤਮਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ ।
ਹੇ ਸੰਤ ਜਨੋ! ਜੋ ਕੁਝ ਪਰਮਾਤਮਾ ਕਰਦਾ ਹੈ, ਉਸਨੂੰ ਭਲਾ ਕਰ ਕੇ ਮੰਨੋ ।੧ ।
(ਹੇ ਹਰਿ ਜਨੋ!) ਵਿਕਾਰਾਂ ਵਿਚ ਡਿੱਗੇ ਹੋਏ ਕ੍ਰੋੜਾਂ ਬੰਦਿਆਂ ਨੂੰ (ਜੇ ਚਾਹੇ ਤਾਂ) ਕਰਤਾਰ ਇਕ ਖਿਨ ਵਿਚ (ਵਿਕਾਰਾਂ ਤੋਂ) ਬਚਾ ਲੈਂਦਾ ਹੈ, (ਤੇ ਇਹ ਕੰਮ ਕਰਦਿਆਂ) ਕਰਤਾਰ ਨੂੰ ਰਤਾ ਚਿਰ ਨਹੀਂ ਲੱਗਦਾ ।
ਉਹ ਮਾਲਕ-ਪ੍ਰਭੂ ਗਰੀਬਾਂ ਦੇ ਦਰਦ-ਦੁੱਖ ਨਾਸ ਕਰਨ ਵਾਲਾ ਹੈ ।
ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ, ਉਸ ਉਤੇ ਬਖ਼ਸ਼ਸ਼ ਕਰਦਾ ਹੈ ।੨ ।
ਹੇ ਭਾਈ! ਪਰਮਾਤਮਾ ਸਭ ਦੀਆਂ ਜਿੰਦਾਂ ਤੇ ਪ੍ਰਾਣਾਂ ਵਾਸਤੇ ਸੁਖਾਂ ਦਾ ਸਮੁੰਦਰ ਹੈ, ਸਭਨਾਂ ਦਾ ਮਾਂ-ਪਿਉ ਹੈ,ਸਭ ਦੀ ਪਾਲਣਾ ਕਰਦਾ ਹੈ ।
(ਜੀਵਾਂ ਨੂੰ ਦਾਤਾਂ) ਦੇਂਦਿਆਂ ਉਸ ਕਰਤਾਰ ਦੇ ਖ਼ਜ਼ਾਨੇ ਵਿਚ ਕਮੀ ਨਹੀਂ ਹੁੰਦੀ, ਉਹ ਰਤਨਾਂ ਦੀ ਖਾਣ ਹੈ ਤੇ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ ।੩ ।
ਹੇ ਮੇਰੇ ਮਾਲਕ! (ਤੇਰੇ ਦਰ ਦਾ) ਮੰਗਤਾ (ਨਾਨਕ) ਤੇਰਾ ਨਾਮ (ਦਾਤਿ ਵਜੋਂ) ਮੰਗਦਾ ਹੈ ।
(ਹੇ ਭਾਈ!) ਉਹ ਪਰਮਾਤਮਾ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ ।
(ਹੇ ਭਾਈ!) ਦਾਸ ਨਾਨਕ ਉਸ ਪਰਮਾਤਮਾ ਦੀ ਹੀ ਸਰਨ ਪਿਆ ਹੈ, ਜਿਸ ਦੇ ਦਰ ਤੋਂ ਕੋਈ ਨਿਰਾਸ ਨਹੀਂ ਜਾਂਦਾ ।੪।੧੬।੧੩੭ ।
Follow us on Twitter Facebook Tumblr Reddit Instagram Youtube