ਗਉੜੀ ਮਹਲਾ ੫ ॥
ਜੋਗ ਜੁਗਤਿ ਸੁਨਿ ਆਇਓ ਗੁਰ ਤੇ ॥
ਮੋ ਕਉ ਸਤਿਗੁਰ ਸਬਦਿ ਬੁਝਾਇਓ ॥੧॥ ਰਹਾਉ ॥

ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ॥
ਦੀਖਿਆ ਗੁਰ ਕੀ ਮੁੰਦ੍ਰਾ ਕਾਨੀ ਦ੍ਰਿੜਿਓ ਏਕੁ ਨਿਰੰਕਾਰਾ ॥੧॥

ਪੰਚ ਚੇਲੇ ਮਿਲਿ ਭਏ ਇਕਤ੍ਰਾ ਏਕਸੁ ਕੈ ਵਸਿ ਕੀਏ ॥
ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥੨॥

ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥
ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰਿ ਮਸਤਕਿ ਲੇਖਿਆ ॥੩॥

ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ ॥
ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥੪॥

ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ॥
ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ ॥੫॥੧੧॥੧੩੨॥

Sahib Singh
ਜੋਗ ਜੁਗਤਿ = (ਅਸਲ) ਜੋਗ ਦਾ ਤਰੀਕਾ, ਪਰਮਾਤਮਾ ਨਾਲ ਮਿਲਾਪ ਦਾ ਢੰਗ ।
ਤੇ = ਤੋਂ ।
ਮੋ ਕਉ = ਮੈਨੂੰ ।
ਸਤਿਗੁਰ ਸਬਦਿ = ਗੁਰੂ ਦੇ ਸ਼ਬਦ ਨੇ ।੧।ਰਹਾਉ ।
ਨਉ ਖੰਡ = ਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ (ਉਤੇ ਫਿਰਦੇ ਰਹਿਣਾ) ।
ਰਵਿਆ = ਮੌਜੂਦ, ਵਿਆਪਕ ।
ਨਿਮਖ = ਅੱਖ ਝਮਕਣ ਜਿਤਨਾ ਸਮਾ ।
ਦੀਖਿਆ = ਸਿੱਖਿਆ ।
ਕਾਨੀ = ਕੰਨਾਂ ਵਿਚ ।
ਦਿ੍ਰੜਿਓ = ਹਿਰਦੇ ਵਿਚ ਪੱਕੀ ਤ੍ਰਹਾਂ ਟਿਕਾ ਲਿਆ ਹੈ ।੧ ।
ਪੰਚ ਚੇਲੇ = ਪੰਜੇ ਗਿਆਨ = ਇੰਦ੍ਰੇ ।
ਏਕਸੁ ਕੈ ਵਸਿ = ਇਕ ਉੱਚੀ ਸੁਰਿਤ ਦੇ ਵੱਸ ਵਿਚ ।
ਬੈਰਾਗਨਿ = ਵਿਕਾਰਾਂ ਵਲੋਂ ਉਪਰਾਮ ਹੋਈਆਂ ਇੰਦ੍ਰੀਆਂ ।੨ ।
ਜਰਾਇ = ਸਾੜ ਕੇ ।
ਚਰਾਈ = ਚੜ੍ਹਾਈ, ਮਲੀ ।
ਬਿਭੂਤਾ = ਸੁਆਹ ।
ਪੰਥੁ = ਜੋਗ = ਮਾਰਗ ।
ਪੇਖਿਆ = ਵੇਖਿਆ ।
ਸਹਜ ਸੁਖ = ਆਤਮਕ ਅਡੋਲਤਾ ਦੇ ਸੁਖ ।
ਭੁਗਤਾ = ਜੋਗੀਆਂ ਵਾਲਾ ਚੂਰਮਾ ।
ਠਾਕੁਰਿ = ਠਾਕੁਰ ਨੇ ।
ਮਸਤਕਿ = ਮੱਥੇ ਉਤੇ ।੩ ।
ਜਹ = ਜਿਸ ਆਤਮਕ ਅਵਸਥਾ ਵਿਚ ।
ਸਿੰਗੀ = ਸਿੰ| ਦੀ ਸ਼ਕਲ ਦੀ ਨਿੱਕੀ ਜਿਹੀ ਤੁਰੀ ਜੋ ਜੋਗੀ ਵਜਾਂਦੇ ਹਨ ।
ਅਨਹਤ = ਇਕ = ਰਸ ।
ਬਾਨੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ।
ਤਤੁ = ਜਗਤ ਦਾ ਮੂਲ = ਪ੍ਰਭੂ ।
ਮਨਿ = ਮਨ ਵਿਚ ।
ਭਾਨੀ = ਪਿਆਰਾ ਲੱਗਣਾ ।੪ ।
ਭੇਟੈ = ਮਿਲਦਾ ਹੈ ।
ਕਰਉ = ਕਰਉਂ, ਮੈਂ ਕਰਾਂ ।
ਤਿਸੁ ਮੂਰਤਿ ਕੀ = ਉਸ (ਪ੍ਰਭੂ-) ਸਰੂਪ ਦੀ ।
ਪਗ = ਪੈਰ ।
ਚਾਟੈ = ਚੱਟਦਾ ਹੈ, ਪਰਸਦਾ ਹੈ, ਛੁਂਹਦਾ ਹੈ ।੫ ।
    
Sahib Singh
(ਹੇ ਭਾਈ!) ਮੈਨੂੰ ਸਤਿਗੁਰੂ ਦੇ ਸ਼ਬਦ ਨੇ (ਪਰਮਾਤਮਾ ਦੇ ਮਿਲਾਪ ਦੀ ਜਾਚ) ਸਮਝਾ ਦਿੱਤੀ ਹੈ ।
ਮੈਂ ਗੁਰੂ ਪਾਸੋਂ ਅਸਲ ਜੋਗ ਦਾ ਤਰੀਕਾ ਸੁਣ ਕੇ ਆਇਆ ਹਾਂ ।੧।ਰਹਾਉ ।
(ਹੇ ਭਾਈ!) ਮੈਂ ਪਲ ਪਲ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਰਹਿੰਦਾ ਹਾਂ, ਜੇਹੜਾ ਇਸ ਮਨੁੱਖਾ ਸਰੀਰ ਦੇਵਿਚ ਹੀ ਮੌਜੂਦ ਹੈ (ਇਹੀ ਹੈ ਮੇਰੇ ਵਾਸਤੇ ਜੋਗੀਆਂ ਵਾਲਾ) ਸਾਰੀ ਧਰਤੀ (ਦਾ ਰਟਨ) ।
ਮੈਂ ਆਪਣੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਦ੍ਰਿੜ੍ਹ ਕਰ ਲਿਆ ਹੈ (ਇਹੀ ਹੈ ਮੇਰੇ ਵਾਸਤੇ) ਕੰਨਾਂ ਵਿਚ ਮੁੰਦ੍ਰਾਂ (ਜੋ ਜੋਗੀ ਲੋਕ ਪਾਂਦੇ ਹਨ) ਮੈਂ ਇਕ ਨਿਰੰਕਾਰ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹਾਂ ।੧ ।
(ਹੇ ਭਾਈ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ) ਮੇਰੇ ਪੰਜੇ ਗਿਆਨ-ਇੰਦ੍ਰੇ (ਦੁਨੀਆ ਦੇ ਪਦਾਰਥਾਂ ਵਲ ਭਟਕਣ ਦੇ ਥਾਂ) ਮਿਲ ਕੇ ਇਕੱਠੇ ਹੋ ਗਏ ਹਨ ।
(ਭਟਕਣੋਂ ਹਟ ਗਏ ਹਨ), ਇਹ ਸਾਰੇ ਇਕ ਉੱਚੀ ਸੁਰਤਿ ਦੇ ਅਧੀਨ ਹੋ ਗਏ ਹਨ ।
(ਗੁਰੂ ਦੇ ਉਪਦੇਸ਼ ਦੀ ਰਾਹੀਂ ਜਦੋਂ ਤੋਂ) ਵਿਕਾਰਾਂ ਵਲੋਂ ਉਪਰਾਮ ਹੋ ਕੇ ਮੇਰੀਆਂ ਦਸੇ ਇੰਦ੍ਰੀਆਂ (ਉੱਚੀ ਮਤਿ ਦੀ) ਆਗਿਆ ਵਿਚ ਤੁਰਨ ਲੱਗ ਪਈਆਂ ਹਨ, ਤਦੋਂ ਤੋਂ ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ ਹਾਂ ।੨ ।
(ਹੇ ਭਾਈ! ਮਨ ਦੀ) ਭਟਕਣਾ ਨੂੰ ਸਾੜ ਕੇ (ਇਹ) ਸੁਆਹ ਮੈਂ (ਆਪਣੇ ਪਿੰਡੇ ਉਤੇ) ਮਲ ਲਈ ਹੈ, ਮੈਂ ਇਕ ਪਰਮਾਤਮਾ ਨੂੰ ਹੀ ਸਾਰੇ ਸੰਸਾਰ ਵਿਚ ਵਿਆਪਕ ਵੇਖਦਾ ਹਾਂ—ਇਹ ਹੈ ਮੇਰਾ ਜੋਗ-ਪੰਥ ।
(ਹੇ ਭਾਈ!) ਮੈਂ ਉਸ ਆਤਮਕ ਅਡੋਲਤਾ ਦੇ ਆਨੰਦ ਨੂੰ (ਆਪਣੀ ਆਤਮਕ ਖ਼ੁਰਾਕ ਵਾਸਤੇ ਜੋਗੀਆਂ ਦੇ ਭੰਡਾਰੇ ਵਾਲਾ) ਚੂਰਮਾ ਬਣਾਇਆ ਹੈ, ਜਿਸ ਦੀ ਪ੍ਰਾਪਤੀ ਠਾਕੁਰ-ਪ੍ਰਭੂ ਨੇ ਮੇਰੇ ਮੱਥੇ ਉਤੇ ਲਿਖ ਦਿੱਤੀ ।੩ ।
(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਇਕ-ਰਸ ਸਿੰ|ੀ ਵਜਾ ਰਿਹਾ ਹਾਂ (ਇਸ ਦੀ ਬਰਕਤਿ ਨਾਲ) ਮੈਂ ਉਸ ਆਤਮਕ ਅਵਸਥਾ ਵਿਚ ਆਪਣਾ ਆਸਣ ਜਮਾਇਆ ਹੋਇਆ ਹੈ ਜਿਥੇ (ਦੁਨੀਆ ਵਾਲਾ) ਕੋਈ ਡਰ ਮੈਨੂੰ ਪੋਹ ਨਹੀਂ ਸਕਦਾ ।
(ਹੇ ਭਾਈ!) ਜਗਤ ਦੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦੇ ਰਹਿਣਾ—ਇਸ ਨੂੰ (ਜੋਗੀਆਂ ਵਾਲਾ) ਡੰਡਾ ਬਣਾ ਕੇ ਮੈਂ ਆਪਣੇ ਪਾਸ ਰੱਖਿਆ ਹੋਇਆ ਹੈ ।
(ਪਰਮਾਤਮਾ ਦੇ) ਨਾਮ (ਨੂੰ ਸਿਮਰਦੇ ਰਹਿਣਾ ਬੱਸ! ਇਹੀ ਜੋਗੀ ਦੀ) ਜੁਗਤਿ ਮੇਰੇ ਮਨ ਵਿਚ ਚੰਗੀ ਲੱਗ ਰਹੀ ਹੈ ।
(ਹੇ ਭਾਈ!) ਇਹੋ ਜਿਹੀ (ਜੁਗਤਿ ਨਿਬਾਹੁਣ ਵਾਲਾ) ਜੋਗੀ (ਜਿਸ ਮਨੁੱਖ ਨੂੰ) ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, ਉਹ ਉਸ ਦੇ ਮਾਇਆ ਦੇ (ਮੋਹ ਦੇ) ਸਾਰੇ ਬੰਧਨ ਕੱਟ ਦੇਂਦਾ ਹੈ ।
ਮੈਂ ਭੀ ਪਰਮਾਤਮਾ-ਦੇ-ਰੂਪ ਅਜੇਹੇ ਜੋਗੀ ਦੀ ਸੇਵਾ ਕਰਦਾ ਹਾਂ ਪੂਜਾ ਕਰਦਾ ਹਾਂ ।
ਨਾਨਕ ਅਜੇਹੇ ਜੋਗੀ ਦੇ ਪੈਰ ਪਰਸਦਾ ਹੈ ।੫।੧੧।੧੩੨ ।
Follow us on Twitter Facebook Tumblr Reddit Instagram Youtube