ਗਉੜੀ ਮਹਲਾ ੫ ॥
ਹਉ ਤਾ ਕੈ ਬਲਿਹਾਰੀ ॥
ਜਾ ਕੈ ਕੇਵਲ ਨਾਮੁ ਅਧਾਰੀ ॥੧॥ ਰਹਾਉ ॥

ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ ॥
ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥੧॥

ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ॥
ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥੨॥

ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥
ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ ॥੩॥

ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥
ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥੪॥੧੦॥੧੩੧॥

Sahib Singh
ਹਉ = ਮੈਂ ।
ਤਾ ਕੈ = ਉਸ ਤੋਂ ।
ਜਾ ਕੈ = ਜਿਸ ਦੇ ਹਿਰਦੇ ਵਿਚ ।
ਅਧਾਰੀ = ਆਸਰਾ ।੧।ਰਹਾਉ ।
ਮਹਿਮਾ = ਆਤਮਕ ਵਡੱਪਣ ।
ਤਾ ਕੀ = ਉਹਨਾਂ ਦੀ ।
ਰੰਗਿ = ਪ੍ਰੇਮ ਵਿਚ ।
ਸਹਜ = ਆਤਮਕ ਅਡੋਲਤਾ ।
ਉਨ ਸਮਸਰਿ = ਉਹਨਾਂ ਦੇ ਬਰਾਬਰ ।
ਸੇਈ = ਉਹੀ ਬੰਦੇ ।
ਜਗਤ ਉਧਾਰਣ = ਜਗਤ ਨੂੰ ਵਿਕਾਰਾਂ ਤੋਂ ਬਚਾਣ ਵਾਸਤੇ ।
ਸੰਗਿ = ਸੰਗਤਿ ਵਿਚ ।੨ ।
ਤਾ ਕੈ ਚਰਣਿ = ਉਹਨਾਂ ਦੇ ਪੈਰੀਂ ।
ਪਰਉ = ਪਰਉਂ, ਮੈਂ ਪਵਾਂ ।
ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ ।
ਨਿਹਾਲ = ਪ੍ਰਸੰਨ = ਚਿੱਤ ।
ਰੇਣੁ = ਚਰਨ = ਧੂੜ ।੩ ।
ਅਵਧ = ਉਮਰ ।
ਜੁਗ ਮਹਿ = ਜਗਤ ਵਿਚ, ਮਨੁੱਖਾ ਜਨਮ ਵਿਚ {ਨੋਟ:- ਲਫ਼ਜ਼ ‘ਜੁਗ’ ਦਾ ਅਰਥ ਇਥੇ ਸਤਜੁਗ ਕਲਿਜੁਗ ਆਦਿਕ ਨਹੀਂ ਹੈ} ।
ਘਾਟਿਆ = ਘਟਦਾ ਜਾਂਦਾ ਹੈ ।
ਨਵਤਨੁ = ਨਵਾਂ ।
ਸਦ = ਸਦਾ ।
ਨਿਧਾਨ = ਖ਼ਜ਼ਾਨਾ ।੪ ।
    
Sahib Singh
(ਹੇ ਭਾਈ!) ਮੈਂ ਉਹਨਾਂ (ਸੰਤ ਜਨਾਂ) ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ (ਹੀ ਜ਼ਿੰਦਗੀ ਦਾ) ਆਸਰਾ ਹੈ ।੧।ਰਹਾਉ ।
(ਹੇ ਭਾਈ!) ਸੰਤ ਜਨ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਆਤਮਕ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ।
ਉਹਨਾਂ ਦੀ ਸੰਗਤਿ ਵਿਚ ਰਿਹਾਂ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹੁੰਦੇ ਹਨ, ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ ।੨ ।
(ਹੇ ਭਾਈ!) ਜਿਨ੍ਹਾਂ (ਸੰਤ) ਜਨਾਂ ਨੂੰ ਆਪ ਪਰਮਾਤਮਾ ਦੀ ਤਾਂਘ ਲੱਗੀ ਰਹੇ, ਉਹੀ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਆਏ ਸਮਝੋ ।
ਉਹਨਾਂ ਦੀ ਸਰਨ ਜਿਹੜਾ ਮਨੁੱਖ ਆ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।
(ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਹਨ ।
(ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਮਨ ਖਿੜ ਆਉਂਦਾ ਹੈ ।
ਮੈਂ ਤਾਂ ਜਦੋਂ ਸੰਤ ਜਨਾਂ ਦੀ ਚਰਨੀਂ ਆ ਡਿੱਗਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ ।
ਹੇ ਪ੍ਰਭੂ! ਮੇਰੇ ਉਤੇ ਕਿਰਪਾਲ ਹੋਇਆ ਰਹੁ (ਤਾ ਕਿ ਤੇਰੀ ਕਿਰਪਾ ਨਾਲ) ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ।੩।ਹੇ ਨਾਨਕ! (ਆਖ—ਹੇ ਭਾਈ!) ਹਕੂਮਤ ਜਵਾਨੀ ਉਮਰ ਜੋ ਕੁਝ ਭੀ ਜਗਤ ਵਿਚ (ਸਾਂਭਣ-ਜੋਗ) ਦਿੱਸਦਾ ਹੈ ਇਹ ਘਟਦਾ ਹੀ ਜਾਂਦਾ ਹੈ ।
ਪਰਮਾਤਮਾ ਦਾ ਨਾਮ (ਹੀ ਇਕ ਐਸਾ) ਖ਼ਜ਼ਾਨਾ (ਹੈ ਜੋ) ਸਦਾ ਨਵਾਂ (ਰਹਿੰਦਾ) ਹੈ, ਤੇ ਹੈ ਭੀ ਪਵਿਤ੍ਰ (ਭਾਵ, ਇਸ ਖ਼ਜ਼ਾਨੇ ਨਾਲ ਮਨ ਵਿਗੜਨ ਦੇ ਥਾਂ ਪਵਿਤ੍ਰ ਹੁੰਦਾ ਜਾਂਦਾ ਹੈ) ।
(ਸੰਤ ਜਨ) ਇਹ ਨਾਮ-ਧਨ ਹੀ ਸਦਾ ਖੱਟਦੇ-ਕਮਾਂਦੇ ਰਹਿੰਦੇ ਹਨ ।੪।੧੦।੧੩੧ ।
Follow us on Twitter Facebook Tumblr Reddit Instagram Youtube