ਗਉੜੀ ਮਹਲਾ ੫ ॥
ਮਿਲਹੁ ਪਿਆਰੇ ਜੀਆ ॥
ਪ੍ਰਭ ਕੀਆ ਤੁਮਾਰਾ ਥੀਆ ॥੧॥ ਰਹਾਉ ॥

ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥
ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥

ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥
ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥੨॥

ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥
ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥੩॥

ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧਸੰਗਤਿ ਕੈ ਪਾਛੈ ॥
ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੈ ॥੪॥੯॥੧੩੦॥

Sahib Singh
ਪਿਆਰੇ ਜੀਆ = ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ !
ਪ੍ਰਭ = ਹੇ ਪ੍ਰਭੂ !
ਥੀਆ = ਹੋ ਰਿਹਾ ਹੈ ।੧।ਰਹਾਉ ।
ਭ੍ਰਮਿਆ = ਭਟਕਦਾ ਫਿਰਿਆ ।
ਬਹੁਰਿ ਬਹੁਰਿ = ਮੁੜ ਮੁੜ ।
ਤੇ = ਤੋਂ, ਨਾਲ ।
ਦੇਹ = ਸਰੀਰ ।੧ ।
ਤਿਸੁ = ਉਸ (ਪ੍ਰਭੂ) ਨੂੰ ।
ਭਾਣਾ = ਪਸੰਦ ਆਇਆ ।
ਕਿਨ ਹੀ = ਕਿਨਿ ਹੀ, ਕਿਸੇ ਨੇ ਹੀ ।
ਭਰਮਿ = ਭਰਮ ਵਿਚ ।
ਮੋਹਿ = ਮੋਹ ਵਿਚ ।੨ ।
ਬਿਨਉ = ਬੇਨਤੀ ।
ਪ੍ਰਾਨਪਤਿ = ਹੇ ਮੇਰੀ ਜਿੰਦ ਦੇ ਮਾਲਕ !
ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ!।੩ ।
ਨੋ = ਨੂੰ ।
ਤੁਮਹਿ = ਤੂੰ ਹੀ ।
ਕੈ ਪਾਛੈ = ਦੇ ਆਸਰੇ ।
ਧੂਰਿ = ਚਰਨ = ਧੂੜ ।
ਬਾਛੈ = ਮੰਗਦਾ ਹੈ, ਲੋੜਦਾ ਹੈ ।੪ ।
    
Sahib Singh
ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ! ਮੈਨੂੰ ਮਿਲ ।
ਹੇ ਪ੍ਰਭੂ! (ਜਗਤ ਵਿਚ) ਤੇਰਾ ਕੀਤਾ ਹੀ ਵਰਤ ਰਿਹਾ ਹੈ (ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ) ।੧।ਰਹਾਉ ।
ਹੇ ਪ੍ਰਭੂ ਪਾਤਿਸ਼ਾਹ! (ਮਾਇਆ-ਗ੍ਰਸਿਆ ਜੀਵ) ਅਨੇਕਾਂ ਜਨਮਾਂ ਵਿਚ ਬਹੁਤ ਜੂਨੀਆਂ ਵਿਚ ਭਟਕਦਾ ਚਲਿਆ ਆਉਂਦਾ ਹੈ, (ਜਨਮ ਮਰਨ ਦਾ) ਦੁੱਖ ਮੁੜ ਮੁੜ ਸਹਾਰਦਾ ਹੈ ।
ਤੇਰੀ ਮਿਹਰ ਨਾਲ (ਇਸ ਨੇ ਹੁਣ) ਮਨੁੱਖਾ ਸਰੀਰ ਪ੍ਰਾਪਤ ਕੀਤਾ ਹੈ (ਇਸ ਨੂੰ ਆਪਣਾ) ਦਰਸਨ ਦੇਹ (ਤੇ ਇਸ ਦੀ ਵਿਕਾਰਾਂ ਵਲੋਂ ਰੱਖਿਆ ਕਰ) ।੧ ।
ਹੇ ਭਾਈ! ਜਗਤ ਵਿਚ ਉਹੀ ਕੁਝ ਬੀਤਦਾ ਹੈ, ਜੋ ਉਸ ਪਰਮਾਤਮਾ ਨੂੰ ਪਸੰਦ ਆਉਂਦਾ ਹੈ ।
ਕੋਈ ਹੋਰ ਜੀਵ (ਉਸ ਦੀ ਰਜ਼ਾ ਦੇ ਉਲਟ ਕੁਝ) ਨਹੀਂ ਕਰ ਸਕਦਾ ।
ਹੇ ਪ੍ਰਭੂ! ਜੀਵ ਤੇਰੀ ਰਜ਼ਾ ਅਨੁਸਾਰ ਹੀ ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਸਦਾ ਮੋਹ ਵਿਚ ਸੁੱਤਾ ਰਹਿੰਦਾ ਹੈ ਤੇ ਇਸ ਨੀਂਦ ਵਿਚੋਂ ਸੁਚੇਤ ਨਹੀਂ ਹੁੰਦਾ ।੨ ।
ਹੇ ਮੇਰੀ ਜਿੰਦ ਦੇ ਪਤੀ! ਹੇ ਪਿਆਰੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਅਲ ਪ੍ਰਭੂ! ਤੂੰ (ਮੇਰੀ) ਬੇਨਤੀ ਸੁਣ ।
ਹੇ ਮੇਰੇ ਪਿਤਾ-ਪ੍ਰਭੂ! ਅਨਾਥ ਜੀਵਾਂ ਦੀ ਪਾਲਣਾ ਕਰ (ਇਹਨਾਂ ਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ ।੩ ।
ਹੇ ਪ੍ਰਭੂ! ਜਿਸ ਭੀ ਮਨੁੱਖ ਨੂੰ ਤੂੰ ਆਪਣਾ ਦਰਸਨ ਦਿੱਤਾ ਹੈ, ਸਾਧ ਸੰਗਤਿ ਦੇ ਆਸਰੇ ਰੱਖ ਕੇ ਦਿੱਤਾ ਹੈ ।
(ਹੇ ਪ੍ਰਭੂ! ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ ਕਿ ਮੈਨੂੰ ਨਾਨਕ ਨੂੰ ਭੀ ਆਪਣੇ ਸੰਤ ਜਨਾਂ ਦੇ ਚਰਨਾਂ ਦੇ ਧੂੜ ਬਖ਼ਸ਼ ।੪।੯।੧੩੦ ।
Follow us on Twitter Facebook Tumblr Reddit Instagram Youtube