ਗਉੜੀ ਮਹਲਾ ੫ ॥
ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥
ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥

ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥
ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥

ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥
ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥

Sahib Singh
ਤੁਝ ਬਿਨੁ, = ਤੈਥੋਂ ਬਿਨਾ, ਤੇਰੀ ਕਿਰਪਾ ਤੋਂ ਬਿਨਾ ।
ਰੀਝਾਵੈ = ਪ੍ਰਸੰਨ ਕਰੇ ।
ਤੋਹੀ = ਤੈਨੂੰ ।
ਸਗਲ = ਸਾਰੀ ਲੁਕਾਈ ।
ਮੋਹੀ = ਮਸਤ ਹੋ ਜਾਂਦੀ ਹੈ ।੧।ਰਹਾਉ ।
ਪਇਆਲ = ਪਾਤਾਲ ।
ਮਿਰਤ = ਮਾਤ ਲੋਕ ।
ਭੂਅ ਮੰਡਲ = ਭੂਮੀ ਦੇ ਮੰਡਲ, ਧਰਤੀਆਂ ਦੇ ਚੱਕਰ, ਸਾਰੇ ਬ੍ਰਹਮੰਡ ।
ਏਕੈ ਓਹੀ = ਇਕ ਉਹ ਪਰਮਾਤਮਾ ਹੀ ।
ਸਿਵ = ਸ਼ਿਵ, ਕਲਿਆਣ = ਸਰੂਪ ।
ਕਰ = ਦੋਵੇਂ ਹੱਥ {‘ਕਰੁ’ ਇਕ-ਵਚਨ, ‘ਕਰ’ ਬਹੁ-ਵਚਨ} ।
ਸਰਬ ਮਇਆ = ਹੇ ਸਭ ਉਤੇ ਦਇਆ ਕਰਨ ਵਾਲੇ !
ਦੋਹੀ = ਦੁਹਾਈ, ਸਹਾਇਤਾ ਵਾਸਤੇ ਪੁਕਾਰ ।
ਮਇਆ = ਦਇਆ ।੧ ।
ਪਤਿਤ ਪਾਵਨੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ ।
ਸੀਤਲੋਹੀ = ਸ਼ਾਂਤੀ ਸਰੂਪ ।
ਸਿਉ = ਨਾਲ ।
ਗਾਲ ਗਲੋਹੀ = ਗੱਲਾਂ ਬਾਤਾਂ ।੨ ।
    
Sahib Singh
ਹੇ ਪ੍ਰਭੂ! ਤੇਰਾ (ਸੋਹਣਾ ਸਰਬ-ਵਿਆਪਕ) ਰੂਪ ਵੇਖ ਕੇ ਸਾਰੀ ਲੁਕਾਈ ਮਸਤ ਹੋ ਜਾਂਦੀ ਹੈ ।
ਤੇਰੀ ਮਿਹਰ ਤੋਂ ਬਿਨਾ ਤੈਨੂੰ ਕੋਈ ਜੀਵ ਪ੍ਰਸੰਨ ਨਹੀਂ ਕਰ ਸਕਦਾ ।੧।ਰਹਾਉ ।
(ਹੇ ਭਾਈ!) ਸੁਰਗ-ਲੋਕ, ਪਾਤਾਲ-ਲੋਕ, ਮਾਤ-ਲੋਕ ਸਾਰਾ ਬ੍ਰਹਮੰਡ, ਸਭਨਾਂ ਵਿਚ ਇਕ ਉਹ ਪਰਮਾਤਮਾ ਹੀ ਸਮਾਇਆ ਹੋਇਆ ਹੈ ।
ਹੇ ਸਭ ਉਤੇ ਦਇਆ ਕਰਨ ਵਾਲੇ ਸਭ ਦੇ ਠਾਕੁਰ! ਸਾਰੇ ਜੀਵ ਤੈਨੂੰ ‘ਸੁਖਾਂ ਦਾ ਦਾਤਾ’ ਆਖ ਆਖ ਕੇ (ਤੇਰੇ ਅੱਗੇ) ਦੋਵੇਂ ਹੱਥ ਜੋੜਦੇ ਹਨ, ਤੇ ਤੇਰੇ ਦਰ ਤੇ ਹੀ ਸਹਾਇਤਾ ਲਈ ਪੁਕਾਰ ਕਰਦੇ ਹਨ ।੧ ।
ਹੇ ਠਾਕੁਰ! ਤੇਰਾ ਨਾਮ ਹੈ ‘ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ’ ।
ਤੂੰ ਸਭ ਨੂੰ ਸੁਖ ਦੇਣ ਵਾਲਾ ਹੈਂ, ਤੂੰ ਪਵਿੱਤਰ ਹਸਤੀ ਵਾਲਾ ਹੈਂ, ਤੂੰ ਸ਼ਾਂਤੀ-ਸਰੂਪ ਹੈਂ ।
ਹੇ ਨਾਨਕ! (ਆਖ—ਹੇ ਪ੍ਰਭੂ!) ਤੇਰੇ ਸੰਤ ਜਨਾਂ ਨਾਲ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੀ (ਤੇਰੇ ਸੇਵਕਾਂ ਵਾਸਤੇ) ਗਿਆਨ-ਚਰਚਾ ਹੈ, ਸਮਾਧੀਆਂ ਹੈ, (ਲੋਕ ਪਰਲੋਕ ਦੀ) ਇੱਜ਼ਤ ਹੈ ।੨।੮।੧੨੯ ।
Follow us on Twitter Facebook Tumblr Reddit Instagram Youtube