ਗਉੜੀ ਮਹਲਾ ੫ ॥
ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥
ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ ॥

ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥
ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥

ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥
ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥੨॥

ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥
ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥

ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥
ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥੪॥੬॥੧੨੭॥

Sahib Singh
ਰੇ = ਹੇ ਭਾਈ !
ਬਿਖਿਆ = ਮਾਇਆ ।
ਰਸੂਆ = ਚਸਕੇ ।
ਉਰਝਿ ਰਹਿਓ = ਤੂੰ ਫਸਿਆ ਪਿਆ ਹੈਂ ।
ਰੇ ਬਾਵਰ ਗਾਵਰ = ਹੇ ਕਮਲੇ ਗਵਾਰ !
ਕਿਰਖੈ ਹਰਿਆਇਓ = ਹਰੇ ਖੇਤ ਵਿਚ ।੧।ਰਹਾਉ ।
ਅਪੁਨੇ ਕਾਜੈ = ਆਪਣੇ ਕੰਮ ਵਿਚ ਆਉਣ ਵਾਲਾ ।
ਤਸੂਆ = ਤੱਸੂ ਭਰ, ਰਤਾ ਭੀ {ਤਸੂ—ਇਕ ਇੰਚ ਦਾ ਦਸਵਾਂ ਹਿੱਸਾ} ।
ਸਿਧਾਸੀ = ਤੂੰ ਚਲਾ ਜਾਏਂਗਾ ।
ਫੇਰਿ = ਜੂਨਾਂ ਦੇ ਗੇੜ ਵਿਚ ।
ਕਾਲਿ = ਕਾਲ ਨੇ, ਆਤਮਕ ਮੌਤ ਨੇ ।੧ ।
ਕਸੁੰਭ = ਕਸੁੰਭਾ ਫੁੱਲ, ਜਿਸ ਦਾ ਰੰਗ ਸ਼ੋਖ਼ ਹੁੰਦਾ ਹੈ, ਪਰ ਦੋ ਤਿੰਨਾਂ ਦਿਨਾਂ ਵਿਚ ਹੀ ਸੜ ਜਾਂਦਾ ਹੈ ।
ਪੇਖਿ = ਵੇਖ ਕੇ ।
ਲੀਲਾ = ਖੇਡ ।
ਰਾਚਿ ਮਾਚਿ = ਰਚ ਮਿਚ ਕੇ, ਮਸਤ ਹੋ ਕੇ ।
ਡੋਰਿ = ਡੋਰੀ (ਸੁਆਸਾਂ ਦੀ) ।
ਛੀਜਤ = ਕਮਜ਼ੋਰ ਹੁੰਦੀ ਜਾ ਰਹੀ ।
ਰੈਨੀ = ਰਾਤ ।
ਜੀਅ ਕੋ = ਜਿੰਦ ਦਾ, ਜਿੰਦ ਦੇ ਕੰਮ ਆਉਣ ਵਾਲਾ ।੨ ।
ਇਵ ਹੀ = ਇਉਂ ਹੀ ।
ਬਿਰਧਾਨੋ = ਬੁੱਢਾ ਹੋ ਰਿਹਾ ਹੈ ।
ਉਕਤੇ = ਉਕਤਿ, ਦਲੀਲ, ਅਕਲ ।
ਖੀਨਸੂਆ = ਖੀਨ ਹੋ ਰਿਹਾ ਹੈ ।
ਉਨਿ = ਉਸ ਨੇ ।
ਮੋਹਨੀ ਬਾਲਾ = ਮੋਹਣ ਵਾਲੀ ਮਾਇਆ-ਇਸਤ੍ਰੀ ਨੇ ।
ਤੇ = ਤੋਂ ।
ਰੁਚ = ਪ੍ਰੇਮ ।
ਚਸੂਆ = ਰਤਾ ਭੀ ।੩ ।
ਮੋਹਿ = ਮੈਨੂੰ ।
ਗੁਰਹਿ = ਗੁਰੂ ਨੇ ।
ਤਜਿ = ਤਜ ਕੇ ।
ਗਰਬਸੂਆ = ਮਾਣ ।
ਮਾਰਗੁ = ਰਸਤਾ ।
ਕੋ = ਦਾ ।
ਸੰਤਿ = ਸੰਤ ਨੇ, ਗੁਰੂ ਨੇ ।
ਜਸੂਆ = ਜਸ, ਸਿਫ਼ਤਿ = ਸਾਲਾਹ ।੪ ।
    
Sahib Singh
ਹੇ ਭਾਈ! ਮਾਇਆ ਦੇ ਚਸਕੇ ਛੱਡ ਦੇ ਛੱਡ ਦੇ ।
ਹੇ ਕਮਲੇ ਗੰਵਾਰ! ਤੂੰ (ਇਹਨਾਂ ਚਸਕਿਆਂ ਵਿਚ ਇਉਂ) ਮਸਤ ਪਿਆ ਹੈਂ, ਜਿਵੇਂ ਕੋਈ ਪਸ਼ੂ ਹਰੇ ਖੇਤ ਵਿਚ ਮਸਤ (ਹੁੰਦਾ ਹੈ) ।੧।ਰਹਾਉ ।
(ਹੇ ਕਮਲੇ!) ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈਂ, ਉਹ ਰਤਾ ਭਰ ਭੀ (ਅੰਤ ਵੇਲੇ) ਤੇਰੇ ਨਾਲ ਨਹੀਂ ਜਾਂਦੀ ।
ਤੂੰ (ਜਗਤ ਵਿਚ) ਨੰਗਾ ਆਇਆ ਸੀ (ਇਥੋਂ) ਨੰਗਾ ਹੀ ਚਲਾ ਜਾਏਂਗਾ ।
ਤੂੰ (ਵਿਅਰਥ ਹੀ ਜੂਨਾਂ ਦੇ) ਗੇੜ ਵਿਚ ਫਿਰ ਰਿਹਾ ਹੈਂ ਅਤੇ ਤੈਨੂੰ ਆਤਮਕ ਮੌਤ ਨੇ ਗ੍ਰਸਿਆ ਹੋਇਆ ਹੈ ।੧ ।
(ਹੇ ਕਮਲੇ!) (ਇਹ ਮਾਇਆ ਦੀ ਖੇਡ) ਕਸੁੰਭੇ ਦੀ ਖੇਡ (ਹੈ, ਇਸ ਨੂੰ) ਵੇਖ ਵੇਖ ਕੇ ਤੂੰ ਇਸ ਵਿਚ ਮਸਤ ਹੋ ਰਿਹਾ ਹੈਂ ਤੇ ਇਹਨਾਂ ਪਦਾਰਥਾਂ ਨਾਲ ਖ਼ੁਸ਼ ਹੋ ਰਿਹਾ ਹੈਂ ।
ਦਿਨ ਰਾਤ ਤੇਰੀ ਉਮਰ ਦੀ ਡੋਰੀ ਕਮਜ਼ੋਰ ਹੁੰਦੀ ਜਾ ਰਹੀ ਹੈ ।
ਤੂੰ ਆਪਣੀ ਜਿੰਦ ਦੇ ਕੰਮ ਆਉਣ ਵਾਲਾ ਕੋਈ ਭੀ ਕੰਮ ਨਹੀਂ ਕੀਤਾ ।੨ ।
(ਮਾਇਆ ਦੇ ਧੰਧੇ) ਕਰ ਕਰ ਕੇ ਇਉਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਰਹਿ ਜਾਂਦੀ ਹੈ, ਤੇਸਰੀਰ ਲਿੱਸਾ ਹੋ ਜਾਂਦਾ ਹੈ ।
ਜਿਵੇਂ (ਜਵਾਨੀ ਵੇਲੇ) ਉਸ ਮੋਹਣ ਵਾਲੀ ਮਾਇਆ ਨੇ ਇਸ ਨੂੰ ਆਪਣੇ ਮੋਹ ਵਿਚ ਫਸਾਇਆ ਸੀ, ਉਸ ਵਲੋਂ ਇਸ ਦੀ ਪ੍ਰੀਤਿ ਰਤਾ ਭੀ ਨਹੀਂ ਘਟਦੀ ।੩ ।
ਹੇ ਦਾਸ ਨਾਨਕ! ਆਖ—ਮੈਨੂੰ ਗੁਰੂ ਨੇ ਵਿਖਾ ਦਿੱਤਾ ਹੈ ਕਿ ਜਗਤ (ਦਾ ਮੋਹ) ਇਹੋ ਜਿਹਾ ਹੈ ।
ਤਦ ਮੈਂ (ਜਗਤ ਦਾ) ਮਾਣ ਛੱਡ ਕੇ (ਗੁਰੂ ਦੀ) ਸਰਨ ਪਿਆ ਹਾਂ ।
ਗੁਰੂ-ਸੰਤ ਨੇ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਤੇ ਮੈਂ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਪਣੇ ਹਿਰਦੇ ਵਿਚ ਪੱਕੀ ਕਰ ਲਈ ਹੈ ।੪।੬।੧੨੭ ।
Follow us on Twitter Facebook Tumblr Reddit Instagram Youtube