ਗਉੜੀ ਮਹਲਾ ੫ ॥
ਰਾਖੁ ਪਿਤਾ ਪ੍ਰਭ ਮੇਰੇ ॥
ਮੋਹਿ ਨਿਰਗੁਨੁ ਸਭ ਗੁਨ ਤੇਰੇ ॥੧॥ ਰਹਾਉ ॥

ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥
ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ ॥੧॥

ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥
ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥੨॥

ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥
ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੩॥

ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥
ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥੪॥੪॥੧੨੫॥

Sahib Singh
ਮੋਹਿ = ਮੈਨੂੰ ।
ਨਿਰਗੁਨੁ = ਗੁਣ = ਹੀਨ ।੧।ਰਹਾਉ ।
ਬਿਖਾਦੀ = {ਵਿ—ਾਦਿਨੱ} ਝਗੜਾਲੂ, ਦਿਲ ਨੂੰ ਤੋੜਨ ਵਾਲੇ ।
ਖੇਦੁ = ਦੁੱਖ = ਕਲੇਸ਼ ।
ਅਰੁ = ਅਤੇ {ਲਫ਼ਜ਼ ‘ਅਰੁ’ ਅਤੇ ‘ਅਰਿ’ ਦਾ ਫ਼ਰਕ ਚੇਤੇ ਰੱਖਣਾ ।
ਅਰਿ = ਵੈਰੀ} ।੧ ।
ਕਤਹੂੰ = ਕਿਤੇ ਭੀ ।
ਸੁਨਿ = ਸੁਣ ਕੇ ।
ਤਾਕੀ = ਤੱਕੀ ।
ਓਟਾ = ਆਸਰਾ ।
ਸੰਗਿ = ਸੰਗਤਿ ਵਿਚ ।੨ ।
ਮੋਹਿ = ਮੈਨੂੰ ।
ਤਿਨ ਤੇ = ਉਹਨਾਂ (ਸੰਤਾਂ) ਤੋਂ ।
ਸੰਤੀ = ਸੰਤਾਂ ਨੇ ।
ਮੰਤੁ = ਉਪਦੇਸ਼ ।੩ ।
ਓਇ = {ਲਫ਼ਜ਼ ‘ਉਹ’ ਤੋਂ ਬਹੁ-ਵਚਨ} ।
ਸਹਜ = ਆਤਮਕ ਅਡੋਲਤਾ ।
ਸੁਹੇਲੀ = ਸੁਖਦਾਈ ।
ਮਨਿ = ਮਨ ਵਿਚ ।
ਪਰਗਾਸਾ = ਚਾਨਣ ।
ਪਦੁ = ਦਰਜਾ ।
ਨਿਰਬਾਣੀ = ਵਾਸ਼ਨਾ = ਰਹਿਤ ।੪ ।
    
Sahib Singh
ਹੇ ਮੇਰੇ ਮਿੱਤਰ ਪ੍ਰਭੂ! ਮੈਨੂੰ ਗੁਣ-ਹੀਨ ਨੂੰ ਬਚਾ ਲੈ ।
ਸਾਰੇ ਗੁਣ ਤੇਰੇ (ਵੱਸ ਵਿਚ ਹਨ, ਜਿਸ ਤੇ ਮਿਹਰ ਕਰੇਂ, ਉਸੇ ਨੂੰ ਮਿਲਦੇ ਹਨ ।
ਮੈਨੂੰ ਭੀ ਆਪਣੇ ਗੁਣ ਬਖ਼ਸ਼ ਤੇ ਅਉਗਣਾਂ ਤੋਂ ਬਚਾ ਲੈ) ।੧।ਰਹਾਉ ।
ਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ! ਮੈਂ ਗਰੀਬ ਇਕੱਲਾ ਹਾਂ ਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ, ਮੇਰੀ ਸਹਾਇਤਾ ਕਰ, ਮੈਂ ਤੇਰੀ ਸਰਨ ਆਇਆ ਹਾਂ ।
ਇਹ ਪੰਜੇ ਮੈਨੂੰ ਦੁੱਖ ਦੇਂਦੇ ਹਨ ਤੇ ਬਹੁਤ ਸਤਾਂਦੇ ਹਨ ।੧ ।
(ਹੇ ਪਿਤਾ-ਪ੍ਰਭੂ! ਇਹਨਾਂ ਪੰਜਾਂ ਬਿਖਾਦੀਆਂ ਤੋਂ ਬਚਣ ਲਈ) ਮੈਂ ਅਨੇਕਾਂ ਤੇ ਕਈ ਕਿਸਮਾਂ ਦੇ ਜਤਨ ਕਰ ਕਰ ਕੇ ਥੱਕ ਗਿਆ ਹਾਂ, ਇਹ ਕਿਸੇ ਤ੍ਰਹਾਂ ਭੀ ਮੇਰੀ ਖ਼ਲਾਸੀ ਨਹੀਂ ਕਰਦੇ ।
ਇਕ ਇਹ ਗੱਲ ਸੁਣ ਕੇ ਕਿ ਸਾਧ ਸੰਗਤਿ ਵਿਚ ਰਿਹਾਂ ਇਹ ਮੁੱਕ ਜਾਂਦੇ ਹਨ, ਮੈਂ ਤੇਰੀ ਸਾਧ ਸੰਗਤਿ ਦਾ ਆਸਰਾ ਲਿਆ ਹੈ ।੨ ।
(ਸਾਧ ਸੰਗਤਿ ਵਿਚ) ਕਿਰਪਾ ਕਰ ਕੇ ਮੈਨੂੰ ਤੇਰੇ ਸੰਤ ਜਨ ਮਿਲ ਪਏ, ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ ਹੈ ।
ਸੰਤਾਂ ਨੇ ਮੈਨੂੰ (ਇਹਨਾਂ ਪੰਜਾਂ ਬਿਖਾਦੀਆਂ ਤੋਂ) ਨਿਡਰ ਕਰਨ ਵਾਲਾ ਉਪਦੇਸ਼ ਦਿੱਤਾ ਹੈ ਤੇ ਮੈਂ ਗੁਰੂ ਦਾ ਸ਼ਬਦ ਆਪਣੇ ਜੀਵਨ ਵਿਚ ਧਾਰਿਆ ਹੈ ।੩ ।
ਗੁਰੂ ਦੀ ਆਤਮਕ ਅਡੋਲਤਾ ਦੇਣ ਵਾਲੀ, ਤੇ ਸੁਖ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੈਂ ਉਹ ਪੰਜੇ ਵੱਡੇ ਝਗੜਾਲੂ ਜਿੱਤ ਲਏ ਹਨ ।
ਹੇ ਨਾਨਕ! (ਹੁਣ) ਆਖ—ਮੇਰੇ ਮਨ ਵਿਚ ਆਤਮਕ ਚਾਨਣ ਹੋ ਗਿਆ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ, ਜਿਥੇ ਕੋਈ ਵਾਸ਼ਨਾ ਨਹੀਂ ਪੋਹ ਸਕਦੀ ।੪।੪।੧੨੫ ।
Follow us on Twitter Facebook Tumblr Reddit Instagram Youtube