ਗਉੜੀ ਮਹਲਾ ੫ ॥
ਐਸੋ ਪਰਚਉ ਪਾਇਓ ॥
ਕਰੀ ਕ੍ਰਿਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥

ਜਤ ਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ ॥
ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ ॥੧॥

ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ ॥
ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥੨॥

ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ ॥
ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਰਿ ਕੈਠੈ ਜਾਇਓ ॥੩॥

ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ ॥
ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ॥੪॥੨॥੧੨੩॥

Sahib Singh
ਪਰਚਉ = {ਪਰਿਚਯ} ਸਾਂਝ, ਮਿਤ੍ਰਤਾ ।
ਬੀਠੁਲੈ = ਬੀਠੁਲ ਨੇ ।
ਬੀਠਲ = {ਵਿÕਠਲ ।
ਵਿ = ਪਰੇ ।
Ôਥਲ = ਟਿਕਿਆ ਹੋਇਆ} ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕਿਆ ਹੋਇਆ ।
ਸਤਿਗੁਰ = ਗੁਰੂ ਦਾ (ਪਤਾ) ।੧।ਰਹਾਉ ।
ਜਤ ਕਤ = ਜਿਧਰ ਕਿਧਰ ।
ਦੇਖਉ = ਦੇਖਉਂ, ਮੈਂ ਵੇਖਦਾ ਹਾਂ ।
ਮੋਹਿ = ਮੈਨੂੰ ।
ਬਿਸੁਆਸੁ = ਯਕੀਨ, ਨਿਸ਼ਚਾ ।
ਕੈ ਪਹਿ = ਕਿਸ ਦੇ ਪਾਸ ?
ਕਰਉ = ਕਰਉਂ, ਮੈਂ ਕਰਾਂ ।
ਜਉ = ਜਦੋਂ ।੧ ।
ਲਹਿਓ = ਲਹਿ ਗਿਆ ਹੈ ।
ਸਹਸਾ = ਫ਼ਿਕਰ ।
ਗੁਰਿ = ਗੁਰੂ ਨੇ ।
ਤੋਰੇ = ਤੋੜ ਦਿੱਤੇ ।
ਸਹਜ = ਆਤਮਕ ਅਡੋਲਤਾ ।
ਸਾ = ਸੀ ।
ਹੋਸੀ = ਹੋਵੇਗਾ ।੨ ।
ਠਾਣਾ = {Ôਥਾਨ} ਥਾਂ, ਟਿਕਾਣਾ ।
ਗੁਰਿ = ਗੁਰੂ ਨੇ ।
ਖੋਲਿ = ਖੋਲ੍ਹ ਕੇ ।
ਨਿਧਿ = ਖ਼ਜ਼ਾਨਾ ।
ਨਿਧਾਨੁ = ਖ਼ਜ਼ਾਨਾ ।
ਇਕ ਠਾਈ = ਇਕੱਠੇ, ਇਕੋ ਥਾਂ ਵਿਚ, ਇਕ ਠਾਇ ।
ਕੈਠੈ = ਕੈ ਠਾਇ ?
    ਕਿਸ ਥਾਂ ਤੇ ?
    ਕਿੱਥੇ ?
।੩।ਕਨਿਕ = ਸੋਨਾ ।
ਸਾਜੀ = ਬਣਾਈ, ਰਚੀ ।
ਗੁਰਿ = ਗੁਰੂ ਨੇ ।
ਇਵ = ਇਸ ਤ੍ਰਹਾਂ ।
ਤਤੈ = ਤੱਤ ਵਿਚ ।੪ ।
    
Sahib Singh
(ਪਰਮਾਤਮਾ ਨਾਲ ਮੇਰੀ) ਇਹੋ ਜਿਹੀ ਸਾਂਝ ਬਣ ਗਈ ਕਿ ਉਸ ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕੇ ਹੋਏ ਦਿਆਲ ਪ੍ਰਭੂ ਨੇ ਮੇਰੇ ਉਤੇ ਕਿਰਪਾ ਕੀਤੀ ਤੇ ਮੈਨੂੰ ਗੁਰੂ ਦਾ ਪਤਾ ਦੱਸ ਦਿੱਤਾ ।੧।ਰਹਾਉ ।
(ਗੁਰੂ ਦੀ ਸਹਾਇਤਾ ਨਾਲ ਹੁਣ) ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ ਮੈਂ ਜਿਧਰ ਵੇਖਦਾ ਹਾਂ, ਹੇ ਪ੍ਰਭੂ! ਮੈਨੂੰ ਤੂੰ ਹੀ ਤੂੰ ਦਿੱਸਦਾ ਹੈਂ ।
(ਹੇ ਭਾਈ! ਮੈਨੂੰ ਯਕੀਨ ਹੋ ਗਿਆ ਹੈ ਕਿ) ਜਦੋਂ ਪਰਮਾਤਮਾ ਆਪ (ਜੀਵਾਂ ਦੀ ਅਰਦਾਸ ਬੇਨਤੀ) ਸੁਣਦਾ ਹੈ ਤਾਂ ਮੈਂ (ਉਸ ਤੋਂ ਬਿਨਾ ਹੋਰ) ਕਿਸ ਦੇ ਪਾਸ ਅਰਜ਼ੋਈ ਕਰਾਂ ਬੇਨਤੀ ਕਰਾਂ ?
।੧ ।
(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਮਾਇਆ ਦੇ) ਬੰਧਨ ਤੋੜ ਦਿੱਤੇ, ਉਸ ਦਾ ਸਾਰਾ ਸਹਮ-ਫ਼ਿਕਰ ਦੂਰ ਹੋ ਗਿਆ, ਤਦੋਂ ਉਸ ਨੇ ਸਦਾ ਲਈ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਕਰ ਲਿਆ ।
(ਉਸ ਨੂੰ ਯਕੀਨ ਬਣ ਗਿਆ ਕਿ ਪ੍ਰਭੂ ਦੀ ਰਜ਼ਾ ਅਨੁਸਾਰ) ਜੋ ਕੁਝ ਵਾਪਰਨਾ ਸੀ ਉਹੀ ਵਰਤੇਗਾ (ਉਸ ਦੇ ਹੁਕਮ ਤੋਂ ਬਿਨਾ) ਕੋਈ ਸੁਖ ਜਾਂ ਕੋਈ ਦੁੱਖ ਕਿਤੇ ਭੀ ਵਿਖਾਲੀ ਨਹੀਂ ਦੇ ਸਕਦਾ ।੨ ।
(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਹਉਮੈ ਦਾ) ਪਰਦਾ ਖੋਲ੍ਹ ਕੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ, ਉਸ ਨੂੰ ਪਰਮਾਤਮਾ ਹੀ ਸਾਰੇ ਖੰਡਾਂ ਬ੍ਰਹਮੰਡਾਂ ਦਾ ਇਕੋ ਟਿਕਾਣਾ ਦਿੱਸਦਾ ਹੈ ।
ਜਿਸ ਮਨੁੱਖ ਦੇ ਹਿਰਦੇ ਵਿਚ ਹੀ (ਗੁਰੂ ਦੀ ਕਿਰਪਾ ਨਾਲ) ਜਗਤ ਦੇ ਨੌ ਹੀ ਖ਼ਜ਼ਾਨਿਆਂ ਦਾ ਰੂਪ ਪ੍ਰਭੂ-ਨਾਮ-ਖ਼ਜ਼ਾਨਾ ਆ ਵੱਸੇ, ਉਸ ਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ ਰਹਿੰਦੀ ।੩ ।
(ਹੇ ਭਾਈ! ਜਿਵੇਂ) ਇੱਕ ਸੋਨੇ ਤੋਂ ਸੁਨਿਆਰੇ ਨੇ ਗਹਣਿਆਂ ਦੀ ਅਨੇਕਾਂ ਕਿਸਮਾਂ ਦੀ ਬਣਤਰ ਬਣਾ ਦਿੱਤੀ, ਤਿਵੇਂ ਪਰਮਾਤਮਾ ਨੇ ਕਈ ਕਿਸਮਾਂ ਦੀ ਇਹ ਜਗਤ-ਰਚਨਾ ਰਚ ਦਿੱਤੀ ਹੈ ।
ਹੇ ਨਾਨਕ! ਆਖ—ਗੁਰੂ ਨੇ ਜਿਸ ਮਨੁੱਖ ਦਾ ਭਰਮ-ਭੁਲੇਖਾ ਦੂਰ ਕਰ ਦਿੱਤਾ, ਉਸ ਨੂੰ ਉਸੇ ਤ੍ਰਹਾਂ ਹਰੇਕ ਤੱਤ (ਮੂਲ-) ਤੱਤ (ਪ੍ਰਭੂ) ਵਿਚ ਮਿਲਦਾ ਦਿੱਸਦਾ ਹੈ (ਜਿਵੇਂ ਅਨੇਕਾਂ ਰੂਪਾਂ ਦੇ ਗਹਣੇ ਮੁੜ ਸੋਨੇ ਵਿਚ ਹੀ ਮਿਲ ਜਾਂਦੇ ਹਨ) ।੪।੨।੧੨੩ ।
Follow us on Twitter Facebook Tumblr Reddit Instagram Youtube