ਗਉੜੀ ਮਹਲਾ ੫ ॥
ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥੧॥ ਰਹਾਉ ॥

ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ ॥੧॥

ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ ॥
ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰਿ ਉਤਰੀਆ ॥੨॥੨॥੧੧੫॥

Sahib Singh
ਭੁਜ = ਬਾਂਹ ।
ਬਲ = ਤਾਕਤ ।
ਭੁਜ ਬਲ = ਜਿਸ ਦੀਆਂ ਬਾਹਾਂ ਵਿਚ ਤਾਕਤ ਹੈ, ਹੇ ਬਲਵਾਨ ਬਾਹਾਂ ਵਾਲੇ !
ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ !
ਗਰਤ = ਟੋਆ ।
ਪਰਤ = ਪੈਂਦਾ, ਡਿਗਦਾ ।
ਗਹਿ ਲੇਹੁ = ਫੜ ਲੈ ।
ਅੰਗੁਰੀਆ = ਉਂਗਲੀ ।੧।ਰਹਾਉ ।
ਸ੍ਰਵਨਿ = ਸ੍ਰਵਨ ਵਿਚ, ਕੰਨ ਵਿਚ ।
ਸੁਰਤਿ = ਸੁਣਨ ਦੀ ਸਮਰੱਥਾ ।
ਆਰਤ = {ਆਤL} ਦੁਖੀਆ ।
ਦੁਆਰਿ = (ਤੇਰੇ) ਦਰ ਤੇ ।
ਰਟਤ = ਪੁਕਾਰਦਾ ।
ਪਿੰਗੁਰੀਆ = ਪਿੰਗਲਾ, ਪੈਰ-ਹੀਣ ।੧ ।
ਦੀਨਾ ਨਾਥ = ਹੇ ਗ਼ਰੀਬਾਂ ਦੇ ਖਸਮ !
ਕਰੁਣਾ ਮੈ = {ਕ}ਣਾ = ਮਯ} ਤਰਸ-ਰੂਪ, ਤਰਸ-ਭਰਪੂਰ ।
ਮਹਤਰੀਆ = ਮਾਂ ।
ਚਰਨ ਕਵਲ = ਕੌਲ ਫੁੱਲਾਂ ਵਰਗੇ ਚਰਨ ।
ਗਹਿ = ਫੜ ਕੇ ।੨ ।
    
Sahib Singh
ਹੇ ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ ਪਾਰਬ੍ਰਹਮ! (ਸੰਸਾਰ-ਸਮੁੰਦਰ ਦੇ ਵਿਕਾਰਾਂਦੇ) ਟੋਏ ਵਿਚ ਡਿਗਦੇ ਦੀ (ਮੇਰੀ) ਉਂਗਲੀ ਫੜ ਲੈ ।੧।ਰਹਾਉ ।
(ਹੇ ਪ੍ਰਭੂ! ਮੇਰੇ) ਕੰਨ ਵਿਚ (ਤੇਰੀ ਸਿਫ਼ਤਿ-ਸਾਲਾਹ) ਸੁਣਨ (ਦੀ ਸੂਝ) ਨਹੀਂ, ਮੇਰੀਆਂ ਅੱਖਾਂ (ਅਜੇਹੀਆਂ) ਸੋਹਣੀਆਂ ਨਹੀਂ (ਕਿ ਹਰ ਥਾਂ ਤੇਰਾ ਦੀਦਾਰ ਕਰ ਸਕਣ), ਮੈਂ ਤੇਰੀ ਸਾਧ ਸੰਗਤਿ ਵਿਚ ਜਾਣ ਜੋਗਾ ਨਹੀਂ ਹਾਂ, ਮੈਂ ਪਿੰਗਲਾ ਹੋ ਚੁਕਾ ਹਾਂ ਤੇ ਦੁੱਖੀ ਹੋ ਕੇ ਤੇਰੇ ਦਰ ਤੇ ਪੁਕਾਰ ਕਰਦਾ ਹਾਂ (ਮੈਨੂੰ ਵਿਕਾਰਾਂ ਦੇ ਟੋਏ ਵਿਚੋਂ ਬਚਾ ਲੈ) ।੧ ।
ਹੇ ਨਾਨਕ! (ਆਖ)—ਹੇ ਗਰੀਬਾਂ ਦੇ ਖਸਮ! ਹੇ ਯਤੀਮਾਂ ਉਤੇ ਤਰਸ ਕਰਨ ਵਾਲੇ! ਹੇ ਸੱਜਣ! ਹੇ ਮਿੱਤਰ ਪ੍ਰਭੂ! ਹੇ ਮੇਰੇ ਪਿਤਾ! ਹੇ ਮੇਰੀ ਮਾਂ ਪ੍ਰਭੂ! ਤੇਰੇ ਸੰਤ ਤੇਰੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਰੱਖ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਹਨ, (ਮਿਹਰ ਕਰ, ਮੈਨੂੰ ਭੀ ਆਪਣੇ ਚਰਨਾਂ ਦਾ ਪਿਆਰ ਬਖ਼ਸ਼ ਤੇ ਮੈਨੂੰ ਭੀ ਪਾਰ ਲੰਘਾ ਲੈ) ।੨।੨।੧੧੫ ।

ਨੋਟ: ਪਹਿਲਾ ਅੰਕ ੨ ਸ਼ਬਦ ਦੇ ਬੰਦਾਂ ਦੀ ਗਿਣਤੀ ਦੱਸਦਾ ਹੈ ।
ਦੂਜਾ ਅੰਕ ੨ ਦੱਸਦਾ ਹੈ ਕਿ ‘ਗਉੜੀ ਚੇਤੀ’ ਦਾ ਇਹ ਦੂਜਾ ਸ਼ਬਦ ਹੈ ।
Follow us on Twitter Facebook Tumblr Reddit Instagram Youtube