ਗਉੜੀ ਮਃ ੫ ॥
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥
ਚਰਨ ਕਮਲ ਗੁਰ ਰਿਦੈ ਬਸਾਇਆ ॥੧॥

ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥
ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾਉ ॥

ਅਨਦਿਨੁ ਜਪਉ ਗੁਰੂ ਗੁਰ ਨਾਮ ॥
ਤਾ ਤੇ ਸਿਧਿ ਭਏ ਸਗਲ ਕਾਂਮ ॥੨॥

ਦਰਸਨ ਦੇਖਿ ਸੀਤਲ ਮਨ ਭਏ ॥
ਜਨਮ ਜਨਮ ਕੇ ਕਿਲਬਿਖ ਗਏ ॥੩॥

ਕਹੁ ਨਾਨਕ ਕਹਾ ਭੈ ਭਾਈ ॥
ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥੪॥੧੧੨॥

Sahib Singh
ਸਿਮਰਿ = ਸਿਮਰ ਕੇ ।
ਸੁਖੁ = ਆਤਮਕ ਆਨੰਦ ।
ਚਰਨ ਕਮਲ ਗੁਰ = ਗੁਰੂ ਦੇ ਸੋਹਣੇ ਚਰਨ (ਕੌਲ-ਫੁਲਾਂ ਵਰਗੇ) ।
ਰਿਦੈ = ਹਿਰਦੇ ਵਿਚ ।੧ ।
ਪੂਰਾ = ਅਭੁੱਲ, ਸਾਰੇ ਗੁਣਾਂ ਵਾਲਾ ।
ਤਿਸਹਿ = ਉਸ (ਗੋਬਿੰਦ) ਨੂੰ ।
ਧੀਰਾ = ਧੀਰਜ ਵਾਲਾ ।ਰਹਾਉ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
ਜਪਉ = ਜਪਉਂ, ਮੈਂ ਜਪਦਾ ਹਾਂ ।
ਤਾ ਤੇ = ਉਸ (ਜਪਣ) ਦੀ ਬਰਕਤਿ ਨਾਲ ।
ਸਿਧਿ = ਸਫਲਤਾ ।
ਸਿਧਿ ਸਗਲ ਕਾਂਮ = ਸਾਰੇ ਕੰਮਾਂ ਦੀ ਸਫਲਤਾ ।੨ ।
ਦੇਖਿ = ਵੇਖ ਕੇ ।
ਸੀਤਲ ਮਨ = ਠੰਢੇ = ਠਾਰ ਮਨ ਵਾਲੇ ।
ਕਿਲਬਿਖ = ਪਾਪ ।੩ ।
ਨਾਨਕ = ਹੇ ਨਾਨਕ !
ਭਾਈ = ਹੇ ਭਾਈ !
ਭੈ = ਡਰ = ਖ਼ਤਰੇ {‘ਭਉ’ ਤੋਂ ਬਹੁ-ਬਚਨ} ।
ਪੈਜ = ਇੱਜ਼ਤ ।੪ ।
    
Sahib Singh
(ਹੇ ਭਾਈ!) ਗੋਬਿੰਦ ਪਾਰਬ੍ਰਹਮ (ਸਭ ਹਸਤੀਆਂ ਨਾਲੋਂ) ਵੱਡਾ ਹੈ, ਸਾਰੇ ਗੁਣਾਂ ਦਾ ਮਾਲਕ ਹੈ (ਉਸ ਵਿਚ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਹੈ) ।
ਉਸ ਗੋਬਿੰਦ ਨੂੰ ਆਰਾਧ ਕੇ ਮੇਰਾ ਮਨ ਹੌਸਲੇ ਵਾਲਾ ਬਣ ਜਾਂਦਾ ਹੈ (ਤੇ ਅਨੇਕਾਂ ਕਿਲਬਿਖਾਂ ਦਾ ਟਾਕਰਾ ਕਰਨ ਜੋਗਾ ਹੋ ਜਾਂਦਾ ਹੈ) ।ਰਹਾਉ ।
(ਪਰ, ਹੇ ਭਾਈ! ਗੋਬਿੰਦ ਦਾ ਆਰਾਧਨ ਗੁਰੂ ਦੀ ਰਾਹੀਂ ਹੀ ਮਿਲਦਾ ਹੈ ।
ਜਿਸ ਮਨੁੱਖ ਨੇ) ਗੁਰੂ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ, ਉਸ ਨੇ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਿਆ ਹੈ ।੧ ।
(ਹੇ ਭਾਈ!) ਮੈਂ ਤਾਂ ਹਰ ਵੇਲੇ ਗੁਰੂ ਦਾ ਨਾਮ ਚੇਤੇ ਰੱਖਦਾ ਹਾਂ (ਗੁਰੂ ਦੀ ਮਿਹਰ ਨਾਲ ਹੀ ਗੋਬਿੰਦ ਦਾ ਸਿਮਰਨ ਪ੍ਰਾਪਤ ਹੁੰਦਾ ਹੈ ਤੇ) ਉਸ ਸਿਮਰਨ ਦੀ ਬਰਕਤਿ ਨਾਲ ਸਾਰੇ ਕੰਮਾਂ ਵਿਚ ਸਫਲਤਾ ਹਾਸਲ ਹੁੰਦੀ ਹੈ ।੨ ।
(ਹੇ ਭਾਈ! ਗੁਰੂ ਦੀ ਰਾਹੀਂ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਦਰਸਨ ਕਰਨ ਵਾਲੇ) ਠੰਢੇ ਠਾਰ ਮਨਵਾਲੇ ਹੋ ਜਾਂਦੇ ਹਨ, ਤੇ ਉਹਨਾਂ ਦੇ ਅਨੇਕਾਂ (ਪਹਿਲੇ) ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਹਨ ।੩ ।
ਹੇ ਨਾਨਕ! ਆਖ—ਹੇ ਭਾਈ! (ਗੁਰੂ ਦੀ ਸਰਨ ਪੈ ਕੇ ਗੋਬਿੰਦ ਦਾ ਨਾਮ ਸਿਮਰਿਆਂ ਦੁਨੀਆ ਵਾਲੇ) ਸਾਰੇ ਡਰ-ਖ਼ਤਰੇ ਮਨ ਤੋਂ ਲਹਿ ਜਾਂਦੇ ਹਨ (ਕਿਉਂਕਿ) ਸਿਮਰਨ ਦੀ ਬਰਕਤਿ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ (ਗੋਬਿੰਦ ਆਪਣੇ ਸੇਵਕ ਦੀ ਆਪ ਲਾਜ ਰੱਖਦਾ ਹੈ ।੪।੧੧੨ ।
Follow us on Twitter Facebook Tumblr Reddit Instagram Youtube