ਗਉੜੀ ਮਹਲਾ ੫ ॥
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥

ਦੁਸਟ ਦੂਤ ਪਰਮੇਸਰਿ ਮਾਰੇ ॥
ਜਨ ਕੀ ਪੈਜ ਰਖੀ ਕਰਤਾਰੇ ॥੧॥

ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥
ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥

ਨਿਰਭਉ ਹੋਇ ਭਜਹੁ ਭਗਵਾਨ ॥
ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥

ਸਰਣਿ ਪਰੇ ਪ੍ਰਭ ਅੰਤਰਜਾਮੀ ॥
ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥

Sahib Singh
ਥਿਰੁ = ਅਡੋਲ = ਚਿੱਤ, ਸਰਧਾ ਨਾਲ ।
ਘਰਿ = ਹਿਰਦੇ = ਘਰ ਵਿਚ ।
ਹਰਿ ਜਨ = ਹੇ ਹਰੀ ਦੇ ਸੇਵਕੋ !
ਸਤਿਗੁਰਿ = ਸਤਿਗੁਰੂ ਨੇ ।੧।ਰਹਾਉ ।
ਪਰਮੇਸਰਿ = ਪਰਮੇਸਰ ਨੇ ।
ਜਨ ਕੀ ਪੈਜ = ਸੇਵਕ ਦੀ ਲਾਜ ।
ਕਰਤਾਰੇ = ਕਰਤਾਰਿ, ਕਰਤਾਰ ਨੇ ।੧ ।
ਵਸਿ = ਵੱਸ ਵਿਚ ।
ਪੀਨੇ = ਪੀਂਦੇ ਹਨ ।੨ ।
ਮਿਲਿ = ਮਿਲ ਕੇ ।
ਕੀਨੋ = ਕੀਤਾ ਹੈ ।੩ ।
ਪ੍ਰਭ = ਹੇ ਪ੍ਰਭੂ !
ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ !
ਓਟ = ਆਸਰਾ ।੪ ।
    
Sahib Singh
ਹੇ ਪਿਆਰੇ ਭਗਤ ਜਨੋ! ਆਪਣੇ ਹਿਰਦੇ ਵਿਚ ਇਹ ਪੂਰੀ ਸਰਧਾ ਬਣਾਓ, ਕਿ ਸਤਿਗੁਰੂ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ (ਕਿ ਸਤਿਗੁਰੂ ਸਰਨ ਪਿਆਂ ਦੇ ਕਾਰਜ ਸਿਰੇ ਚਾੜ੍ਹ ਦੇਂਦਾ ਹੈ) ।੧।ਰਹਾਉ ।
(ਹੇ ਸੰਤ ਜਨੋ! ਇਹ ਨਿਸ਼ਚਾ ਧਾਰੋ ਕਿ ਜੇਹੜਾ ਮਨੁੱਖ ਹੋਰ ਆਸਰੇ ਛੱਡ ਕੇ ਪਰਮੇਸਰ ਦਾ ਆਸਰਾ ਤੱਕਦਾ ਹੈ) ਪਰਮੇਸਰ ਨੇ ਉਸ ਦੇ ਦੋਖੀ ਵੈਰੀ ਸਭ ਮੁਕਾ ਦਿੱਤੇ ਹਨ, ਕਰਤਾਰ ਨੇ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖੀ ਹੈ ।੧ ।
(ਹੇ ਸੰਤ ਜਨੋ! ਪਰਮੇਸਰ ਨੇ ਆਪਣੇ ਸੇਵਕਾਂ ਨੂੰ) ਦੁਨੀਆ ਦੇ ਸ਼ਾਹਾਂ ਬਾਦਸ਼ਾਹਾਂ ਵਲੋਂ ਬੇ-ਮੁਥਾਜ ਕਰ ਦਿੱਤਾ ਹੈ, ਪਰਮੇਸਰ ਦੇ ਸੇਵਕ ਆਤਮਕ ਜੀਵਨ ਦੇਣ ਵਾਲਾ ਪਰਮੇਸਰ ਦਾ ਸਭ ਰਸਾਂ ਤੋਂ ਮਿੱਠਾ ਨਾਮ-ਰਸ ਪੀਂਦੇ ਰਹਿੰਦੇ ਹਨ ।੨ ।
(ਹੇ ਪਿਆਰੇ ਭਗਤ-ਜਨੋ! ਪਰਮਾਤਮਾ ਨੇ ਤੁਹਾਡੇ ਉਤੇ) ਨਾਮ ਦੀ ਬਖ਼ਸ਼ਸ਼ ਕੀਤੀ ਹੈ, ਤੁਸੀ ਸਾਧ ਸੰਗਤਿ ਵਿਚ ਮਿਲ ਕੇ ਨਿਡਰ ਹੋ ਕੇ ਭਗਵਾਨ ਦਾ ਨਾਮ ਸਿਮਰਦੇ ਰਹੋ ।੩ ।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ—) ਹੇ ਅੰਤਰਜਾਮੀ ਪ੍ਰਭੂ! ਹੇ ਸੁਆਮੀ ਪ੍ਰਭੂ! ਮੈਂ ਤੇਰੀ ਸਰਨ ਪਿਆ ਹਾਂ, ਮੈਂ ਤੇਰਾ ਆਸਰਾ ਲਿਆ ਹੈ (ਮੈਨੂੰ ਆਪਣੇ ਨਾਮਿ ਦੀ ਦਾਤਿ ਬਖ਼ਸ਼) ।੪।੧੦੮ ।
Follow us on Twitter Facebook Tumblr Reddit Instagram Youtube