ਗਉੜੀ ਮਹਲਾ ੫ ॥
ਜਨ ਕੀ ਧੂਰਿ ਮਨ ਮੀਠ ਖਟਾਨੀ ॥
ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥੧॥ ਰਹਾਉ ॥

ਅਹੰਬੁਧਿ ਮਨ ਪੂਰਿ ਥਿਧਾਈ ॥
ਸਾਧ ਧੂਰਿ ਕਰਿ ਸੁਧ ਮੰਜਾਈ ॥੧॥

ਅਨਿਕ ਜਲਾ ਜੇ ਧੋਵੈ ਦੇਹੀ ॥
ਮੈਲੁ ਨ ਉਤਰੈ ਸੁਧੁ ਨ ਤੇਹੀ ॥੨॥

ਸਤਿਗੁਰੁ ਭੇਟਿਓ ਸਦਾ ਕ੍ਰਿਪਾਲ ॥
ਹਰਿ ਸਿਮਰਿ ਸਿਮਰਿ ਕਾਟਿਆ ਭਉ ਕਾਲ ॥੩॥

ਮੁਕਤਿ ਭੁਗਤਿ ਜੁਗਤਿ ਹਰਿ ਨਾਉ ॥
ਪ੍ਰੇਮ ਭਗਤਿ ਨਾਨਕ ਗੁਣ ਗਾਉ ॥੪॥੧੦੦॥੧੬੯॥

Sahib Singh
ਮੀਠ ਖਟਾਨੀ = ਮਿੱਠੀ ਲੱਗੀ ਹੈ ।
ਪੂਰਬਿ ਕਰਮਿ = ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ ।
ਧੁਰਿ = ਧੁਰ ਤੋਂ ।੧।ਅਹੰਬੁਧਿ—ਹਉ ਹਉ ਕਰਨ ਵਾਲੀ ਬੁੱਧੀ ।
ਮਨ ਥਿਧਾਈ = ਮਨ ਦੀ ਥਿੰਧਾਈ ।
ਮੰਜਾਈ = ਮਾਂਜ ਦਿੱਤੀ {ਨੋਟ:- ਥਿੰਧੇ ਭਾਂਡੇ ਨੂੰ ਮਿੱਟੀ ਜਾਂ ਸੁਆਹ ਨਾਲ ਮਾਂਜੀਦਾ ਹੈ} ।੧ ।
ਦੇਹੀ = ਸਰੀਰ ।
ਤੇਹੀ = ਉਸ ਤਰੀਕੇ ਨਾਲ ।
ਸੁਧੁ = ਪਵਿਤ੍ਰ {ਲਫ਼ਜ਼ ‘ਸੁਧੁ’ ਪੁਲਿੰਗ ‘ਸੁਧ’ ਇਸਤ੍ਰੀ ਲਿੰਗ} ।੨ ।
ਭੇਟਿਓ = ਮਿਲਿਆ ।
ਭਉ ਕਾਲ = ਕਾਲ ਦਾ ਭਉ ।੩ ।
ਮੁਕਤਿ = ਮੋਖ ।
ਭੁਗਤਿ = ਭੋਗ ।
ਜੁਗਤਿ = ਜੋਗ ।੪ ।
    
Sahib Singh
(ਹੇ ਭਾਈ!) ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ ਜਿਸ ਪ੍ਰਾਣੀ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ, ਉਸ ਦੇ ਮਨ ਨੂੰ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਮਿੱਠੀ ਲੱਗਦੀ ਹੈ ।੧।ਰਹਾਉ ।
ਹਉਮੈ ਵਾਲੀ ਬੁੱਧੀ ਦੇ ਕਾਰਨ (ਮਨੁੱਖ ਦੇ) ਮਨ ਨੂੰ (ਹਉਮੈ ਦੀ) ਥਿੰਧਾਈ ਲੱਗੀ ਰਹਿੰਦੀ ਹੈ (ਉਸ ਥਿੰਧਾਈ ਦੇ ਕਾਰਨ ਮਨ ਉਤੇ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਜਿਵੇਂ ਥਿੰਧੇ ਭਾਂਡੇ ਉਤੋਂ ਦੀ ਪਾਣੀ ਤਿਲਕ ਜਾਂਦਾ ਹੈ ।
ਜਿਸ ਮਨੁੱਖ ਨੂੰ ‘ਜਨ ਕੀ ਧੂਰਿ’ ਮਿੱਠੀ ਲੱਗਦੀ ਹੈ) ਸਾਧੂ ਦੀ ਚਰਨ-ਧੂੜ ਨਾਲ ਉਸ ਦੀ ਬੁੱਧੀ ਮਾਂਜੀ ਜਾਂਦੀ ਹੈ ਤੇ ਸੁੱਧ ਹੋ ਜਾਂਦੀ ਹੈ ।੧ ।
ਜੇ ਮਨੁੱਖ ਅਨੇਕਾਂ (ਤੀਰਥਾਂ ਦੇ) ਪਾਣੀਆਂ ਨਾਲ ਆਪਣੇ ਸਰੀਰ ਨੂੰ ਧੋਂਦਾ ਰਹੇ, ਤਾਂ ਭੀ ਉਸ ਦੇ ਮਨ ਦੀ ਮੈਲ ਨਹੀਂ ਲਹਿੰਦੀ, ਉਸ ਤ੍ਰਹਾਂ (ਭਾਵ, ਤੀਰਥ-ਇਸ਼ਨਾਨਾਂ ਨਾਲ) ਉਹ ਮਨੁੱਖ ਪਵਿਤ੍ਰ ਨਹੀਂ ਹੋ ਸਕਦਾ ।੨ ।
(ਹੇ ਭਾਈ!) ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਜਿਸ ਉਤੇ ਗੁਰੂ ਸਦਾ ਦਇਆਵਾਨ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਮੌਤ ਦਾ ਡਰ (ਆਤਮਕ ਮੌਤ ਦਾ ਖ਼ਤਰਾ) ਦੂਰ ਕਰ ਲੈਂਦਾ ਹੈ ।੩ ।
ਹੇ ਨਾਨਕ! ਪ੍ਰੇਮ-ਭਰੀ ਭਗਤੀ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹੁ ।
ਪਰਮਾਤਮਾ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ, ਨਾਮ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਨਾਮ ਜਪਣਾ ਹੀ ਜੀਵਨ ਦੀ ਸਹੀ ਜੁਗਤੀ ਹੈ ।੪।੧੦੦।੧੬੯ ।
Follow us on Twitter Facebook Tumblr Reddit Instagram Youtube