ਗਉੜੀ ਮਹਲਾ ੫ ॥
ਗਰੀਬਾ ਉਪਰਿ ਜਿ ਖਿੰਜੈ ਦਾੜੀ ॥
ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥

ਪੂਰਾ ਨਿਆਉ ਕਰੇ ਕਰਤਾਰੁ ॥
ਅਪੁਨੇ ਦਾਸ ਕਉ ਰਾਖਨਹਾਰੁ ॥੧॥ ਰਹਾਉ ॥

ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥
ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥

ਤਿਨਿ ਮਾਰਿਆ ਜਿ ਰਖੈ ਨ ਕੋਇ ॥
ਆਗੈ ਪਾਛੈ ਮੰਦੀ ਸੋਇ ॥੩॥

ਅਪੁਨੇ ਦਾਸ ਰਾਖੈ ਕੰਠਿ ਲਾਇ ॥
ਸਰਣਿ ਨਾਨਕ ਹਰਿ ਨਾਮੁ ਧਿਆਇ ॥੪॥੯੮॥੧੬੭॥

Sahib Singh
ਜਿ ਦਾੜੀ = ਜੇਹੜੀ ਦਾੜ੍ਹੀ ।
ਖਿੰਜੈ = ਖਿੱਝਦੀ ਹੈ ।
ਪਾਰਬ੍ਰਹਮਿ = ਪਾਰਬ੍ਰਹਮ ਨੇ ।
ਸਾ = ਉਹ ਦਾੜ੍ਹੀ {ਲਫ਼ਜ਼ ‘ਸਾ’ ਇਸਤ੍ਰੀ ਲਿੰਗ ਹੈ} ।੧ ।
ਪੂਰਾ = ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ ।
ਰਾਖਨਹਾਰੁ = ਰੱਖਣ ਦੀ ਤਾਕਤ ਵਾਲਾ ।੧।ਰਹਾਉ ।
ਆਦਿ = ਸ਼ੁਰੂ ਤੋਂ ।
ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ ।
ਪ੍ਰਗਟਿ = ਪ੍ਰਗਟੈ, ਪਰਗਟ ਹੁੰਦਾ ਆਇਆ ਹੈ ।
ਮੁਆ = ਆਤਮਕ ਮੌਤੇ ਮਰਦਾ ਹੈ ।
ਉਪਜਿ = ਉਪਜ ਕੇ ।
ਤਾਪੁ = ਦੁੱਖ = ਕਲੇਸ਼ ।੨ ।
ਤਿਨਿ = ਉਸ (ਪਰਮਾਤਮਾ) ਨੇ ।
ਜਿ = ਜਿਸ ਦੇ ਮਾਰੇ ਨੂੰ ।
ਆਗੈ = ਪਰਲੋਕ ਵਿਚ ।
ਪਾਛੈ = ਇਸ ਲੋਕ ਵਿਚ ।
ਮੰਦੀ ਸੋਇ = ਬਦਨਾਮੀ ।੩ ।
ਕੰਠਿ = ਗਲ ਨਾਲ ।
ਲਾਇ = ਲਾ ਕੇ ।
ਨਾਨਕ = ਹੇ ਨਾਨਕ !
    ।੪ ।
    
Sahib Singh
(ਹੇ ਭਾਈ!) ਜੀਵਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਸਦਾ) ਨਿਆਂ ਕਰਦਾ ਹੈ (ਐਸਾ ਨਿਆਂ) ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ ।
ਉਹ ਕਰਤਾਰ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਾਲਾ ਹੈ ।੧।ਰਹਾਉ ।
(ਹੇ ਭਾਈ! ਵੇਖ ਉਸ ਦਾ ਨਿਆਂ!) ਜੇਹੜੀ ਦਾੜ੍ਹੀ ਗਰੀਬਾਂ ਉਤੇ ਖਿੱਝਦੀ ਰਹਿੰਦੀ ਹੈ ਪਾਰਬ੍ਰਹਮ-ਪ੍ਰਭੂ ਨੇ ਉਹ ਦਾੜ੍ਹੀ ਅੱਗ ਵਿਚ ਸਾੜ ਦਿੱਤੀ (ਹੁੰਦੀ) ਹੈ (ਭਾਵ, ਜੇਹੜਾ ਮਨੁੱਖ ਅਹੰਕਾਰ ਵਿਚ ਆ ਕੇ ਦੂਜਿਆਂ ਨੂੰ ਦੁੱਖੀ ਕਰਦਾ ਹੈ, ਉਹ ਆਪ ਭੀ ਕ੍ਰੋਧ-ਅੱਗ ਵਿਚ ਸੜਦਾ ਰਹਿੰਦਾ ਹੈ) ।੧ ।
(ਹੇ ਭਾਈ! ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਹੀ ਪਰਮਾਤਮਾ ਦਾ ਤੇਜ-ਪਰਤਾਪ ਪਰਗਟ ਹੁੰਦਾ ਆਇਆ ਹੈ (ਕਿ ਦੂਜਿਆਂ ਦੀ) ਨਿੰਦਾ ਕਰਨ ਵਾਲਾ ਮਨੁੱਖ (ਆਪ) ਆਤਮਕ ਮੌਤੇ ਮਰਿਆ ਰਹਿੰਦਾ ਹੈ, (ਉਸ ਦੇ ਆਪਣੇ ਅੰਦਰ ਨਿੰਦਾ ਦੇ ਕਾਰਨ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ।੨ ।
(ਹੇ ਭਾਈ! ਗਰੀਬਾਂ ਉਤੇ ਵਧੀਕੀ ਕਰਨ ਵਾਲੇ ਮਨੁੱਖ ਨੂੰ) ਉਸ ਪਰਮਾਤਮਾ ਨੇ (ਆਪ) ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ਜਿਸ ਤੋਂ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਬਚਾ ਨਹੀਂ ਸਕਦਾ, (ਅਜੇਹੇ ਮਨੁੱਖ ਦੀ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬਦਨਾਮੀ ਹੀ ਹੁੰਦੀ ਹੈ ।੩ ।
ਹੇ ਨਾਨਕ! (ਆਖ—) ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਉਹਨਾਂ ਦੇ ਉੱਚੇ ਆਤਮਕ ਜੀਵਨ ਦਾ ਪੂਰਾ ਧਿਆਨ ਰੱਖਦਾ ਹੈ) ।
(ਹੇ ਭਾਈ!) ਉਸ ਪਰਮਾਤਮਾ ਦੀ ਸਰਨ ਪਉ, ਤੇ ਉਸ ਪਰਮਾਤਮਾ ਦਾ ਨਾਮ (ਸਦਾ) ਸਿਮਰ ।੪।੯੮।੧੬੭ ।
Follow us on Twitter Facebook Tumblr Reddit Instagram Youtube