ਗਉੜੀ ਮਹਲਾ ੫ ॥
ਜੀਵਤ ਛਾਡਿ ਜਾਹਿ ਦੇਵਾਨੇ ॥
ਮੁਇਆ ਉਨ ਤੇ ਕੋ ਵਰਸਾਂਨੇ ॥੧॥

ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥
ਕਾਹੂ ਕਾਜ ਨ ਆਵਤ ਬਿਖਿਆ ॥੧॥ ਰਹਾਉ ॥

ਬਿਖੈ ਠਗਉਰੀ ਜਿਨਿ ਜਿਨਿ ਖਾਈ ॥
ਤਾ ਕੀ ਤ੍ਰਿਸਨਾ ਕਬਹੂੰ ਨ ਜਾਈ ॥੨॥

ਦਾਰਨ ਦੁਖ ਦੁਤਰ ਸੰਸਾਰੁ ॥
ਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ ॥੩॥

ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥
ਰਾਮ ਨਾਮ ਨਾਨਕ ਆਰਾਧਿ ॥੪॥੯੭॥੧੬੬॥

Sahib Singh
ਜੀਵਤ = ਜੀਊਂਦਿਆਂ ।
ਦੇਵਾਨੇ = ਹੇ ਦੀਵਾਨੇ !
    ਹੇ ਕਮਲੇ ਮਨੁੱਖ !
ਉਨ ਤੇ = ਉਹਨਾਂ ਤੋਂ ।
ਕੋ ਵਰਸਾਂਨੇ = ਕੌਣ ਲਾਭ ਉਠਾ ਸਕਦੇ ਹਨ ?
    ।੧ ।
ਮਨਿ = ਮਨ ਵਿਚ ।
ਤਨਿ = ਤਨ ਵਿਚ ।
ਧੁਰਿ = ਧੁਰ ਤੋਂ ।
ਲਿਖਿਆ = ਉੱਕਰਿਆ ਹੋਇਆ ।
ਬਿਖਿਆ = ਮਾਇਆ ।੧।ਰਹਾਉ ।
ਠਗਉਰੀ = ਠਗ = ਮੂਰੀ, ਠਗ-ਬੂਟੀ, ਉਹ ਬੂਟੀ ਜਿਹੜੀ ਖਵਾ ਕੇ ਠੱਗ ਭੋਲੇ ਲੋਕਾਂ ਨੂੰ ਠੱਗ ਲੈਂਦੇ ਹਨ ।
ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ-ਬੂਟੀ ।
ਜਿਨਿ ਜਿਨਿ = ਜਿਸ ਜਿਸ ਨੇ ।੨ ।
ਦਾਰਨ = ਭਿਆਨਕ ।
ਦੁਤਰ = {ਦੁÔਤਰ} ਜਿਸ ਤੋਂ ਪਾਰ ਲੰਘਣਾ ਅੌਖਾ ਹੈ ।
ਉਤਰਸਿ = ਤੂੰ ਪਾਰ ਲੰਘੇਂਗਾ ।੩ ।
ਦੁਇ ਕੁਲ = ਇਹ ਲੋਕ ਤੇ ਪਰਲੋਕ ।
ਸਾਧਿ = ਸੰਵਾਰ ਲੈ ।
ਆਰਾਧਿ = ਸਿਮਰ ।੪ ।
    
Sahib Singh
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰ, (ਇਹ ਸਿਮਰਨ-ਲੇਖ ਹੀ ਧੁਰੋਂ ਰੱਬੀ ਨਿਯਮ ਅਨੁਸਾਰ ਤੇਰੇ ਮਨ ਵਿਚ ਤੇਰੇ ਹਿਰਦੇ ਵਿਚ (ਸਦਾ ਲਈ) ਉੱਕਰਿਆ ਰਹਿ ਸਕਦਾ ਹੈ, ਪਰ ਇਹ ਮਾਇਆ (ਜਿਸ ਦੀ ਖ਼ਾਤਰ ਸਾਰੀ ਉਮਰ ਦੌੜ-ਭੱਜ ਕਰਦਾ ਹੈਂ, ਆਖਿ਼ਰ) ਕਿਸੇ ਕੰਮ ਨਹੀਂ ਆਉਂਦੀ ।੧।ਰਹਾਉ ।
ਹੇ ਝੱਲੇ ਮਨੁੱਖ! ਜੇਹੜੇ ਮਾਇਕ ਪਦਾਰਥ ਮਨੁੱਖ ਨੂੰ ਜੀਊਂਦੇ ਨੂੰ ਹੀ ਛੱਡ ਜਾਂਦੇ ਹਨ, ਮੌਤ ਆਉਣ ਤੇ ਉਹਨਾਂ ਪਾਸੋਂ ਕੌਣ ਕੋਈ ਲਾਭ ਉਠਾ ਸਕਦਾ ਹੈ ?
।੧ ।
(ਹੇ ਭਾਈ! ਚੇਤੇ ਰੱਖ) ਜਿਸ ਜਿਸ ਮਨੁੱਖ ਨੇ ਵਿਸ਼ਿਆਂ ਦੀ ਠਗ-ਬੂਟੀ ਖਾ ਲਈ ਹੈ, (ਵਿਕਾਰਾਂ ਦੀ) ਉਸ ਦੀ ਤ੍ਰਿਸ਼ਨਾ ਕਦੇ ਭੀ ਮਿਟਦੀ ਨਹੀਂ ।੨ ।
(ਹੇ ਭਾਈ!) ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘਣਾ ਬਹੁਤ ਅੌਖਾ ਹੈ ।
ਇਹ ਬੜੇ ਭਿਆਨਕ ਦੁੱਖਾਂ ਨਾਲ ਭਰਪੂਰ ਹੈ ।
ਤੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਤ੍ਰਹਾਂ ਇਸ ਤੋਂ ਪਾਰ ਲੰਘ ਸਕੇਂਗਾ ?
।੩ ।
ਹੇ ਨਾਨਕ! (ਆਖ—ਹੇ ਭਾਈ!) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰ, ਤੇ ਇਹ ਲੋਕ ਤੇ ਪਰਲੋਕ ਦੋਵੇਂ ਹੀ ਸੰਵਾਰ ਲੈ ।੪।੯੭।੧੬੬ ।
Follow us on Twitter Facebook Tumblr Reddit Instagram Youtube