ਗਉੜੀ ਮਹਲਾ ੫ ॥
ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥
ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥

ਏਕੋ ਸਿਮਰਿ ਨ ਦੂਜਾ ਭਾਉ ॥
ਸੰਤਸੰਗਿ ਜਪਿ ਕੇਵਲ ਨਾਉ ॥੧॥

ਕਰਮ ਧਰਮ ਨੇਮ ਬ੍ਰਤ ਪੂਜਾ ॥
ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥

ਤਾ ਕੀ ਪੂਰਨ ਹੋਈ ਘਾਲ ॥
ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥

ਸੋ ਬੈਸਨੋ ਹੈ ਅਪਰ ਅਪਾਰੁ ॥
ਕਹੁ ਨਾਨਕ ਜਿਨਿ ਤਜੇ ਬਿਕਾਰ ॥੪॥੯੬॥੧੬੫॥

Sahib Singh
ਜਿਤੁ = ਜਿਸ (ਦੇ ਕਰਨ) ਨਾਲ ।
ਜਾਗੈ = ਜਾਗਦਾ ਰਹੇ, ਵਿਕਾਰਾਂ ਵਲੋਂ ਸੁਚੇਤ ਰਹੇ ।੧।ਰਹਾਉ ।
ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ।
ਸੰਗਿ = ਸੰਗਤਿ ਵਿਚ ।੧ ।
ਜਾਨੁ ਨ = ਨਾਹ ਸਮਝ ।੨ ।
ਘਾਲ = ਮਿਹਨਤ ।
ਜਾ ਕੀ = ਜਿਸ (ਮਨੁੱਖ) ਦੀ ।੩ ।
ਬੈਸਨੋ = ਵਿਸ਼ਨੂ ਦਾ ਭਗਤ ।
ਅਪਰ ਅਪਾਰੁ = ਪਰੇ ਤੋਂ ਪਰੇ, ਬਹੁਤ ਸ੍ਰੇਸ਼ਟ ।
ਜਿਨਿ = ਜਿਸ ਨੇ ।੪ ।
    
Sahib Singh
(ਹੇ ਭਾਈ!) ਉਹ (ਧਾਰਮਿਕ) ਉੱਦਮ ਕਰ, ਜਿਸ ਦੇ ਕਰਨ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ, ਤੇ ਤੇਰਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੇ ।੧।ਰਹਾਉ ।
(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦਾ ਨਾਮ ਜਪ, ਕਿਸੇ ਹੋਰ ਦਾ ਪਿਆਰ (ਆਪਣੇ ਮਨ ਵਿਚ) ਨਾਹ ਲਿਆ ।
ਸਾਧ ਸੰਗਤਿ ਵਿਚ ਟਿਕ ਕੇ ਸਿਰਫ਼ ਪਰਮਾਤਮਾ ਦਾ ਨਾਮ ਜਪਿਆ ਕਰ ।੧ ।
(ਹੇ ਭਾਈ! ਮਿਥੇ ਹੋਏ) ਧਾਰਮਿਕ ਕਰਮ, ਵਰਤ ਪੂਜਾ ਆਦਿਕ (ਬਣਾਏ ਹੋਏ) ਨੇਮ—ਪਰਮਾਤਮਾ ਦੇ ਸਿਮਰਨ ਤੋਂ ਬਿਨਾ ਅਜੇਹੇ ਕਿਸੇ ਦੂਜੇ ਕੰਮ ਨੂੰ (ਉੱਚੇ ਆਤਮਕ ਜੀਵਨ ਵਾਸਤੇ ਸਹਾਇਕ) ਨਾਹ ਸਮਝ ।੨ ।
(ਹੇ ਭਾਈ! ਸਿਰਫ਼) ਉਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ, ਜਿਸ ਦੀ ਪ੍ਰੀਤਿ ਆਪਣੇ ਪਰਮਾਤਮਾ ਦੇ ਨਾਲ ਬਣੀ ਹੋਈ ਹੈ ।੩ ।
ਹੇ ਨਾਨਕ! ਆਖ—(ਕਰਮ ਧਰਮ ਨੇਮ ਬ੍ਰਤ ਪੂਜਾ ਕਰਨ ਵਾਲਾ ਮਨੁੱਖ ਅਸਲ ਬੈਸਨੋ ਨਹੀਂ ਹੈ) ਉਹ ਬੈਸਨੋ ਪਰੇ ਤੋਂ ਪਰੇ ਤੇ ਸ੍ਰੇਸ਼ਟ ਹੈ, ਜਿਸ ਨੇ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ ਆਪਣੇ ਅੰਦਰੋਂ) ਸਾਰੇ ਵਿਕਾਰ ਦੂਰ ਕਰ ਲਏ ਹਨ ।੪।੯੬।੧੬੫ ।
Follow us on Twitter Facebook Tumblr Reddit Instagram Youtube