ਗਉੜੀ ਮਹਲਾ ੫ ॥
ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ ॥
ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ ॥੧॥ ਰਹਾਉ ॥

ਨਿਰਮਲ ਉਦਕੁ ਗੋਵਿੰਦ ਕਾ ਨਾਮ ॥
ਮਜਨੁ ਕਰਤ ਪੂਰਨ ਸਭਿ ਕਾਮ ॥੧॥

ਸੰਤਸੰਗਿ ਤਹ ਗੋਸਟਿ ਹੋਇ ॥
ਕੋਟਿ ਜਨਮ ਕੇ ਕਿਲਵਿਖ ਖੋਇ ॥੨॥

ਸਿਮਰਹਿ ਸਾਧ ਕਰਹਿ ਆਨੰਦੁ ॥
ਮਨਿ ਤਨਿ ਰਵਿਆ ਪਰਮਾਨੰਦੁ ॥੩॥

ਜਿਸਹਿ ਪਰਾਪਤਿ ਹਰਿ ਚਰਣ ਨਿਧਾਨ ॥
ਨਾਨਕ ਦਾਸ ਤਿਸਹਿ ਕੁਰਬਾਨ ॥੪॥੯੫॥੧੬੪॥

Sahib Singh
ਨਿਤ ਪ੍ਰਤਿ = ਸਦਾ ਹੀ ।
ਨਾਵਣੁ = ਇਸ਼ਨਾਨ ।
ਸਰਿ = ਸਰ ਵਿਚ ।
ਰਾਮ ਸਰਿ = ਰਾਮ (ਦੇ ਨਾਮ = ਰੂਪ) ਸਰ ਵਿਚ ।
ਕੀਜੈ = ਕਰਨਾ ਚਾਹੀਦਾ ਹੈ ।
ਝੋਲਿ = ਹਿਲਾ ਕੇ ਪ੍ਰੇਮ ਨਾਲ ।
ਪੀਜੈ = ਪੀਣਾ ਚਾਹੀਦਾ ਹੈ ।੧।ਰਹਾਉ ।
ਉਦਕੁ = ਪਾਣੀ ।
ਮਜਨੁ = ਇਸ਼ਨਾਨ ।
ਸਂਿਭ = ਸਾਰੇ ।੧ ।
ਸੰਤ ਸੰਗਿ = ਹਰਿ = ਸੰਤ ਨਾਲ ।
ਤਹ = ਉਥੇ, ਰਾਮ = ਸਰ ਵਿਚ ਚੁੱਭੀ ਲਾਇਆਂ, ਪ੍ਰਭੂ-ਚਰਨਾਂ ਵਿਚ ਜੁੜਿਆਂ ।
ਗੋਸਟਿ = ਮਿਲਾਪ ।
ਕਿਲਵਿਖ = ਪਾਪ ।
ਖੋਇ = (ਮਨੁੱਖ) ਨਾਸ ਕਰ ਲੈਂਦਾ ਹੈ ।੨ ।
ਸਾਧ = ਗੁਰਮੁਖ ਬੰਦੇ ।
ਮਨਿ = ਮਨ ਵਿਚ ।
ਤਨਿ = ਤਨ ਵਿਚ ।
ਰਵਿਆ = ਹਰ ਵੇਲੇ ਮੌਜੂਦ ।
ਪਰਮਾਨੰਦੁ = ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ ।੩ ।
ਜਿਸਹਿ = ਜਿਸ ਮਨੁੱਖ ਨੂੰ ।
ਨਿਧਾਨ = ਖ਼ਜ਼ਾਨੇ ।੪ ।
    
Sahib Singh
(ਹੇ ਭਾਈ!) ਪਰਮਾਤਮਾ ਦੇ ਨਾਮ-ਸਰ ਵਿਚ ਸਦਾ ਹੀ ਇਸ਼ਨਾਨ ਕਰਨਾ ਚਾਹੀਦਾ ਹੈ ।
(ਪਰਮਾਤਮਾ ਦੇ ਨਾਮ ਦਾ ਰਸ) ਸਭ ਤੋਂ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲੇ ਇਸ ਹਰਿ-ਨਾਮ-ਰਸ ਨੂੰ ਬੜੇ ਪ੍ਰੇਮ ਨਾਲ ਪੀਣਾ ਚਾਹੀਦਾ ਹੈ ।੧।ਰਹਾਉ ।
(ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਜਲ ਹੈ, (ਇਸ ਜਲ ਵਿਚ) ਇਸ਼ਨਾਨ ਕਰਦਿਆਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਸਭ ਵਾਸ਼ਨਾਂ ਮੁੱਕ ਜਾਂਦੀਆਂ ਹਨ) ।੧ ।
(ਹੇ ਭਾਈ!) ਉਥੇ (ਉਸ ਹਰਿ-ਨਾਮ-ਜਲ ਵਿਚ ਚੁੱਭੀ ਲਾਂਦਿਆਂ) ਪ੍ਰਭੂ-ਸੰਤ ਨਾਲ ਮਿਲਾਪ ਹੋ ਜਾਂਦਾ ਹੈ (ਤੇ, ਮਨੁੱਖ ਆਪਣੇ) ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਲੈਂਦਾ ਹੈ ।੨।(ਹੇ ਭਾਈ! ਜੇਹੜੇ) ਗੁਰਮੁਖ ਬੰਦੇ (ਹਰਿ-ਨਾਮ) ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, ਉਹਨਾਂ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪਰਮਾਤਮਾ ਹਰ ਵੇਲੇ ਮੌਜੂਦ ਦਿੱਸਦਾ ਹੈ ।੩ ।
ਹੇ ਨਾਨਕ! (ਆਖ—) ਪਰਮਾਤਮਾ ਦੇ ਚਰਨਾਂ ਦੇ ਖ਼ਜ਼ਾਨੇ ਜਿਸ ਮਨੁੱਖ ਨੂੰ ਲੱਭ ਪੈਂਦੇ ਹਨ, ਉਸ ਮਨੁੱਖ ਤੋਂ ਪ੍ਰਭੂ ਦੇ ਭਗਤ-ਸੇਵਕ ਕੁਰਬਾਨ ਜਾਂਦੇ ਹਨ ।੪।੯੫।੧੬੪ ।
Follow us on Twitter Facebook Tumblr Reddit Instagram Youtube