ਗਉੜੀ ਮਹਲਾ ੫ ॥
ਰਾਮ ਰਸਾਇਣਿ ਜੋ ਜਨ ਗੀਧੇ ॥
ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ ਰਹਾਉ ॥

ਆਨ ਰਸਾ ਦੀਸਹਿ ਸਭਿ ਛਾਰੁ ॥
ਨਾਮ ਬਿਨਾ ਨਿਹਫਲ ਸੰਸਾਰ ॥੧॥

ਅੰਧ ਕੂਪ ਤੇ ਕਾਢੇ ਆਪਿ ॥
ਗੁਣ ਗੋਵਿੰਦ ਅਚਰਜ ਪਰਤਾਪ ॥੨॥

ਵਣਿ ਤ੍ਰਿਣਿ ਤ੍ਰਿਭਵਣਿ ਪੂਰਨ ਗੋਪਾਲ ॥
ਬ੍ਰਹਮ ਪਸਾਰੁ ਜੀਅ ਸੰਗਿ ਦਇਆਲ ॥੩॥

ਕਹੁ ਨਾਨਕ ਸਾ ਕਥਨੀ ਸਾਰੁ ॥
ਮਾਨਿ ਲੇਤੁ ਜਿਸੁ ਸਿਰਜਨਹਾਰੁ ॥੪॥੯੪॥੧੬੩॥

Sahib Singh
ਰਸਾਇਣਿ = ਰਸਾਇਣ ਵਿਚ, ਰਸਾਂ ਦੇ ਘਰ ਹਰਿ-ਨਾਮ ਵਿਚ ।
ਗੀਧੇ = ਗਿੱਝੇ ਹੋਏ, ਮਸਤ, ਰਚੇ ਹੋਏ ।
ਬੀਧੇ = ਵਿੱਝੇ ਹੋਏ ।੧।ਰਹਾਉ ।
ਆਨ = {ਅਂਯ} ਹੋਰ ਹੋਰ ।
ਦੀਸਹਿ = ਦਿੱਸਦੇ ਹਨ ।
ਸਭਿ = ਸਾਰੇ ।
ਛਾਰੁ = ਸੁਆਹ ।
ਨਿਹਫਲ = ਵਿਅਰਥ ।੧ ।
ਅੰਧ = ਅੰਨ੍ਹਾ ।
ਕੂਪ = ਖੂਹ ।
ਤੇ = ਤੋਂ ।੨ ।
ਵਣਿ = ਵਣ ਵਿਚ ।
ਤਿ੍ਰਣਿ = ਤਿ੍ਰਣ ਵਿਚ ।
ਤਿ੍ਰਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ ।
ਪਸਾਰੁ = ਖਿਲਾਰਾ ।
ਜੀਅ ਸੰਗਿ = ਸਾਰੇ ਜੀਵਾਂ ਨਾਲ ।੩ ।
ਸਾਰੁ = ਸਾਂਭ, ਹਿਰਦੇ ਵਿਚ ਸੰਭਾਲ ।੪ ।
    
Sahib Singh
(ਹੇ ਭਾਈ!) ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਹਰਿ-ਨਾਮ-ਰਸ ਵਿਚ ਮਸਤ ਰਹਿੰਦੇ ਹਨ ਉਹ ਮਨੁੱਖ ਪਰਮਾਤਮਾ ਦੇ ਸੁਹਣੇ ਚਰਨਾਂ ਦੀ ਪ੍ਰੇਮ-ਭਗਤੀ ਵਿੱਚ ਵਿੱਝੇ ਰਹਿੰਦੇ ਹਨ (ਜਿਵੇਂ ਭੌਰਾ ਫੁੱਲ ਵਿਚ ਵਿੱਝ ਜਾਂਦਾ ਹੈ) ।੧।ਰਹਾਉ।(ਹੇ ਭਾਈ! ਉਹਨਾਂ ਮਨੁੱਖਾਂ ਨੂੰ ਦੁਨੀਆ ਦੇ) ਹੋਰ ਸਾਰੇ ਰਸ (ਪ੍ਰਭੂ-ਨਾਮ-ਰਸ ਦੇ ਟਾਕਰੇ ਤੇ) ਸੁਆਹ ਦਿੱਸਦੇ ਹਨ, ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਦੇ ਸਾਰੇ ਪਦਾਰਥ ਉਹਨਾਂ ਨੂੰ ਵਿਅਰਥ ਜਾਪਦੇ ਹਨ ।੧ ।
(ਹੇ ਭਾਈ!) ਗੋਬਿੰਦ ਦੇ ਗੁਣ ਅਸਚਰਜ ਪਰਤਾਪ ਵਾਲੇ ਹਨ (ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਹਨ ਉਹਨਾਂ ਨੂੰ ਪਰਮਾਤਮਾ) ਆਪ (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ ।੨ ।
(ਹੇ ਭਾਈ! ਹਰਿ-ਨਾਮ-ਰਸ ਵਿਚ ਮਸਤ ਬੰਦਿਆਂ ਨੂੰ) ਸਿ੍ਰਸ਼ਟੀ ਦਾ ਪਾਲਣਹਾਰ ਪ੍ਰਭੂ ਵਣ ਵਿਚ ਤਿ੍ਰਣ ਵਿਚ ਤਿੰਨ-ਭਵਨੀ ਸੰਸਾਰ ਵਿਚ ਵਿਆਪਕ ਦਿੱਸਦਾ ਹੈ, ਉਹਨਾਂ ਨੂੰ ਇਹ ਸਾਰਾ ਜਗਤ ਪਰਮਾਤਮਾ ਦਾ ਖਿਲਾਰਾ ਦਿੱਸਦਾ ਹੈ, ਪਰਮਾਤਮਾ ਸਭ ਜੀਵਾਂ ਦੇ ਅੰਗ-ਸੰਗ ਪ੍ਰਤੀਤ ਹੁੰਦਾ ਹੈ, ਤੇ ਦਇਆ ਦਾ ਘਰ ਦਿੱਸਦਾ ਹੈ ।੩ ।
ਹੇ ਨਾਨਕ! ਆਖ—(ਹੇ ਭਾਈ! ਤੂੰ ਭੀ ਆਪਣੇ ਹਿਰਦੇ ਵਿਚ) ਉਹ ਸਿਫ਼ਤਿ-ਸਾਲਾਹ ਸੰਭਾਲ ਜਿਸ (ਸਿਫ਼ਤਿ-ਸਾਲਾਹ-ਰੂਪ ਕਥਨੀ) ਨੂੰ ਸਿਰਜਣਹਾਰ ਪ੍ਰਭੂ ਆਦਰ-ਸਤਕਾਰ ਦੇਂਦਾ ਹੈ ।੪।੯੪।੧੬੩ ।
Follow us on Twitter Facebook Tumblr Reddit Instagram Youtube