ਗਉੜੀ ਮਹਲਾ ੫ ॥
ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥
ਮੇਲਿ ਲਏ ਪੂਰਨ ਵਡਭਾਗੀ ॥੧॥ ਰਹਾਉ ॥

ਭਰਤਾ ਪੇਖਿ ਬਿਗਸੈ ਜਿਉ ਨਾਰੀ ॥
ਤਿਉ ਹਰਿ ਜਨੁ ਜੀਵੈ ਨਾਮੁ ਚਿਤਾਰੀ ॥੧॥

ਪੂਤ ਪੇਖਿ ਜਿਉ ਜੀਵਤ ਮਾਤਾ ॥
ਓਤਿ ਪੋਤਿ ਜਨੁ ਹਰਿ ਸਿਉ ਰਾਤਾ ॥੨॥

ਲੋਭੀ ਅਨਦੁ ਕਰੈ ਪੇਖਿ ਧਨਾ ॥
ਜਨ ਚਰਨ ਕਮਲ ਸਿਉ ਲਾਗੋ ਮਨਾ ॥੩॥

ਬਿਸਰੁ ਨਹੀ ਇਕੁ ਤਿਲੁ ਦਾਤਾਰ ॥
ਨਾਨਕ ਕੇ ਪ੍ਰਭ ਪ੍ਰਾਨ ਅਧਾਰ ॥੪॥੯੩॥੧੬੨॥

Sahib Singh
ਸਿਉ = ਨਾਲ ।
ਪੂਰਨ = ਸਾਰੇ ਗੁਣਾਂ ਨਾਲ ਭਰਪੂਰ ।
ਵਡਭਾਗੀ = ਵੱਡੇ ਭਾਗਾਂ ਵਾਲੇ ।੧।ਰਹਾਉ ।
ਭਰਤਾ = ਖਸਮ ।
ਪੇਖਿ = ਵੇਖ ਕੇ ।
ਬਿਗਸੈ = ਖਿੜ ਪੈਂਦੀ ਹੈ, ਖ਼ੁਸ਼ ਹੁੰਦੀ ਹੈ ।
ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ ।
ਚਿਤਾਰੀ = ਚਿਤਾਰਿ, ਚਿਤਾਰ ਕੇ ।੧ ।
ਓਤਿ = ਉਣੇ ਹੋਏ ਵਿਚ ।
ਪੋਤਿ = ਪ੍ਰੋਤੇ ਹੋਏ ਵਿਚ ।
ਰਾਤਾ = ਰੰਗਿਆ ਹੋਇਆ, ਮਸਤ ।੨।ਅਨਦੁ—ਖ਼ੁਸ਼ੀ ।
ਜਨ ਮਨਾ = ਸੇਵਕ ਦਾ ਮਨ ।੩ ।
ਦਾਤਾਰ = ਹੇ ਦਾਤਾਰ !
ਅਧਾਰ = ਹੇ ਆਸਰੇ !
    ।੪ ।
    
Sahib Singh
(ਹੇ ਭਾਈ!) ਪਰਮਾਤਮਾ ਨਾਲ ਜਿਨ੍ਹਾਂ ਮਨੁੱਖਾਂ ਦੀ ਇਹੋ ਜਿਹੀ ਪ੍ਰੀਤਿ (ਜਿਸ ਦਾ ਜ਼ਿਕਰ ਇਥੇ ਕੀਤਾ ਜਾ ਰਿਹਾ ਹੈ) ਬਣਦੀ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਾਰੇ ਗੁਣਾਂ ਨਾਲ ਭਰਪੂਰ ਹੋ ਜਾਂਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ।੧।ਰਹਾਉ ।
ਜਿਵੇਂ ਇਸਤ੍ਰੀ ਆਪਣੇ ਪਤੀ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ, ਤਿਵੇਂ ਹਰੀ ਦਾ ਦਾਸ ਹਰੀ ਦਾ ਨਾਮ ਚੇਤੇ ਕਰ ਕੇ ਅੰਤਰ ਆਤਮੇ ਹੁਲਾਰੇ ਵਿਚ ਆਉਂਦਾ ਹੈ ।੧ ।
ਜਿਵੇਂ ਮਾਂ ਆਪਣੇ ਪੁੱਤਰਾਂ ਨੂੰ ਵੇਖ ਵੇਖ ਕੇ ਜੀਊਂਦੀ ਹੈ, ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਨਾਲ ਤਾਣੇ ਪੇਟੇ ਦੇ ਸੂਤਰ ਵਾਂਗ ਰੱਤਾ ਰਹਿੰਦਾ ਹੈ ।੨ ।
(ਜਿਵੇਂ, ਹੇ ਭਾਈ!) ਲਾਲਚੀ ਮਨੁੱਖ ਧਨ ਵੇਖ ਕੇ ਖ਼ੁਸ਼ੀ ਮਨਾਂਦਾ ਹੈ, ਤਿਵੇਂ ਪਰਮਾਤਮਾ ਦੇ ਭਗਤ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਲਪਟਿਆ ਰਹਿੰਦਾ ਹੈ ।੩ ।
ਹੇ ਦਾਤਾਰ! ਹੇ ਨਾਨਕ ਦੇ ਪ੍ਰਾਣਾਂ ਦੇ ਆਸਰੇ ਪ੍ਰਭੂ! (ਮੈਨੂੰ ਨਾਨਕ ਨੂੰ) ਇਕ ਰਤਾ ਜਿਤਨਾ ਸਮਾ ਭੀ ਨਾਹ ਭੁੱਲ ।੪।੯੩।੧੬੨ ।
Follow us on Twitter Facebook Tumblr Reddit Instagram Youtube