ਗਉੜੀ ਮਹਲਾ ੫ ॥
ਜੋ ਪ੍ਰਾਣੀ ਗੋਵਿੰਦੁ ਧਿਆਵੈ ॥
ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥

ਸਾਧੂ ਸੰਗਿ ਸਿਮਰਿ ਗੋਪਾਲ ॥
ਬਿਨੁ ਨਾਵੈ ਝੂਠਾ ਧਨੁ ਮਾਲੁ ॥੧॥ ਰਹਾਉ ॥

ਰੂਪਵੰਤੁ ਸੋ ਚਤੁਰੁ ਸਿਆਣਾ ॥
ਜਿਨਿ ਜਨਿ ਮਾਨਿਆ ਪ੍ਰਭ ਕਾ ਭਾਣਾ ॥੨॥

ਜਗ ਮਹਿ ਆਇਆ ਸੋ ਪਰਵਾਣੁ ॥
ਘਟਿ ਘਟਿ ਅਪਣਾ ਸੁਆਮੀ ਜਾਣੁ ॥੩॥

ਕਹੁ ਨਾਨਕ ਜਾ ਕੇ ਪੂਰਨ ਭਾਗ ॥
ਹਰਿ ਚਰਣੀ ਤਾ ਕਾ ਮਨੁ ਲਾਗ ॥੪॥੯੦॥੧੫੯॥

Sahib Singh
ਧਿਆਵੈ = ਧਿਆਉਂਦਾ ਹੈ, ਹਿਰਦੇ ਵਿਚ ਚੇਤੇ ਰੱਖਦਾ ਹੈ ।
ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ।੧ ।
ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ ।੧।ਰਹਾਉ ।
ਰੂਪਵੰਤੁ = ਰੂਪ ਵਾਲਾ ।
ਚਤੁਰੁ = ਤੀਛਣ ਬੁੱਧਿ ਵਾਲਾ ।
ਜਿਨਿ = ਜਿਸ ਨੇ ।
ਜਿਨ ਜਨਿ = ਜਿਸ ਜਨ ਨੇ ।੨ ।
ਪਰਵਾਣੁ = ਕਬੂਲ ।
ਘਟਿ ਘਟਿ = ਹਰੇਕ ਸਰੀਰ ਵਿਚ ।
ਜਾਣੁ = ਪਛਾਣ ।੩ ।
ਜਾ ਕੇ = ਜਿਸ ਮਨੁੱਖ ਦੇ ।੪ ।
    
Sahib Singh
(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸਿ੍ਰਸ਼ਟੀ ਦੇ ਪਾਲਣਹਾਰ ਪ੍ਰਭੂ (ਦੇ ਨਾਮ) ਦਾ ਸਿਮਰਨ ਕਰਿਆ ਕਰ ।
ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਧਨ ਕੋਈ ਮਾਲ ਪੱਕਾ ਸਾਥ ਨਿਬਾਹੁਣ ਵਾਲਾ ਨਹੀਂ ਹੈ ।੧।ਰਹਾਉ ।
ਜੇਹੜਾ ਮਨੁੱਖ ਗੋਬਿੰਦ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਯਾਦ ਕਰਦਾ ਰਹਿੰਦਾ ਹੈ, ਉਹ ਚਾਹੇ ਵਿਦਵਾਨ ਹੋਵੇ ਚਾਹੇ ਵਿੱਦਿਆ-ਹੀਨ, ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਲੈਂਦਾ ਹੈ ।੧ ।
(ਹੇ ਭਾਈ!) ਉਹੀ ਮਨੁੱਖ ਰੂਪ ਵਾਲਾ ਹੈ ਉਹੀ ਤੀਖਣ ਬੁੱਧਿ ਵਾਲਾ ਹੈ ਉਹੀ ਸਿਆਣਾ ਹੈ, ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਨੂੰ (ਸਦਾ ਸਿਰ ਮੱਥੇ ਉਤੇ) ਮੰਨਿਆ ਹੈ ।੨ ।
(ਹੇ ਭਾਈ!) ਆਪਣੇ ਮਾਲਕ-ਪ੍ਰਭੂ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ।
(ਜਿਸ ਮਨੁੱਖ ਨੇ ਮਾਲਕ-ਪ੍ਰਭੂ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲਿਆ ਹੈ) ਉਹੀ ਮਨੁੱਖ ਜਗਤ ਵਿਚ ਆਇਆ ਸਫਲ ਹੈ ।੩ ।
ਹੇ ਨਾਨਕ! ਆਖ—ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ, ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗਾ ਰਹਿੰਦਾ ਹੈ ।੪।੯੦।੧੫੯ ।
Follow us on Twitter Facebook Tumblr Reddit Instagram Youtube