ਗਉੜੀ ਮਹਲਾ ੫ ॥
ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥
ਕੁਸਲ ਖੇਮ ਪ੍ਰਭਿ ਆਪਿ ਬਸਾਏ ॥੧॥ ਰਹਾਉ ॥

ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥
ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥੧॥

ਹਰਿ ਬਿਸਰਿਐ ਦੁਖ ਰੋਗ ਘਨੇਰੇ ॥
ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥੨॥

ਸੋ ਵਡਭਾਗੀ ਨਿਹਚਲ ਥਾਨੁ ॥
ਜਹ ਜਪੀਐ ਪ੍ਰਭ ਕੇਵਲ ਨਾਮੁ ॥੩॥

ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ॥
ਨਾਨਕ ਕਉ ਮਿਲਿਆ ਅੰਤਰਜਾਮੀ ॥੪॥੮੯॥੧੫੮॥

Sahib Singh
ਧੰਨੁ = ਭਾਗਾਂ ਵਾਲਾ ।
ਇਹੁ ਥਾਨੁ = ਇਹ ਹਿਰਦਾ ਥਾਂ ।
ਕੁਸਲ ਖੇਮ = ਸੁਖ ਆਨੰਦ ।
ਪ੍ਰਭਿ = ਪ੍ਰਭੂ ਨੇ ।੧।ਰਹਾਉ ।
ਬਿਪਤਿ = ਮੁਸੀਬਤ ।
ਕੋਟਿ = ਕ੍ਰੋੜਾਂ ।
ਗਾਹੀ = ਗਾਏ ਜਾਂਦੇ ਹਨ ।੧ ।
ਹਰਿ ਬਿਸਰਿਐ = ਹੇ ਹਰੀ ਵਿਸਰ ਜਾਏ ।
ਘਨੇਰੇ = ਬਹੁਤ ।
ਨੇਰੇ = ਨੇੜੇ ।੨ ।
ਥਾਨੁ = ਥਾਂ, ਹਿਰਦਾ ।
ਜਹ = ਜਿੱਥੇ ।੩ ।
ਸੁਆਮੀ = ਮਾਲਕ = ਪ੍ਰਭੂ ।
ਕਉ = ਨੂੰ ।
ਅੰਤਰਜਾਮੀ = ਦਿਲ ਦੀ ਜਾਣਨ ਵਾਲਾ ।੪ ।
    
Sahib Singh
(ਹੇ ਭਾਈ!) ਗੋਬਿੰਦ ਦੇ ਗੁਣ ਗਾਂਵਿਆਂ (ਮਨੁੱਖ ਦਾ) ਇਹ ਹਿਰਦਾ-ਥਾਂ ਭਾਗਾਂ ਵਾਲਾ ਬਣ ਜਾਂਦਾ ਹੈ (ਕਿਉਂਕਿ ਜਿਸ ਹਿਰਦੇ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਆ ਵੱਸੀ, ਉਸ ਵਿਚ) ਪ੍ਰਭੂ ਨੇ ਆਪ ਸਾਰੇ ਸੁਖ ਸਾਰੇ ਆਨੰਦ ਲਿਆ ਵਸਾਏ ।੧।ਰਹਾਉ ।
(ਹੇ ਭਾਈ!) ਬਿਪਤਾ (ਸਦਾ) ਉਸ ਹਿਰਦੇ ਵਿਚ (ਵਾਪਰੀ ਰਹਿੰਦੀ) ਹੈ, ਜਿਸ ਵਿਚ ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਹੈ ।
ਜਿਸ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਉਥੇ ਕ੍ਰੋੜਾਂ ਹੀ ਆਨੰਦ ਹਨ ।੧।(ਹੇ ਭਾਈ!) ਜੇ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਵਿਸਰ ਜਾਏ, ਤਾਂ ਉਸ ਨੂੰ ਅਨੇਕਾਂ ਦੁੱਖ ਅਨੇਕਾਂ ਰੋਗ (ਆ ਘੇਰਦੇ ਹਨ) ।
(ਪਰ) ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਜਮ (ਮੌਤ ਦਾ ਭਉ) ਨੇੜੇ ਨਹੀਂ ਢੁੱਕਦਾ (ਆਤਮਕ ਮੌਤ ਨਹੀਂ ਆਉਂਦੀ) ।੨ ।
(ਹੇ ਭਾਈ!) ਉਹ ਹਿਰਦਾ-ਥਾਂ ਵੱਡੇ ਭਾਗਾਂ ਵਾਲਾ ਹੈ ਉਹ ਹਿਰਦਾ ਸਦਾ ਅਡੋਲ ਰਹਿੰਦਾ ਹੈ, ਜਿਸ ਵਿਚ ਪਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ ।੩ ।
(ਹੇ ਭਾਈ!) ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਆਪਣੀ ਕਿਰਪਾ ਨਾਲ ਮੈਨੂੰ) ਨਾਨਕ ਨੂੰ ਮਿਲ ਪਿਆ ਹੈ, ਹੁਣ ਮੈਂ ਜਿਧਰ ਜਾਂਦਾ ਹਾਂ, ਉਧਰ ਮੇਰਾ ਮਾਲਕ-ਪ੍ਰਭੂ ਮੈਨੂੰ ਆਪਣੇ ਨਾਲ ਦਿੱਸਦਾ ਹੈ ।੪।੮੯।੧੫੮ ।
Follow us on Twitter Facebook Tumblr Reddit Instagram Youtube