ਗਉੜੀ ਮਹਲਾ ੫ ॥
ਕੋਟਿ ਬਿਘਨ ਹਿਰੇ ਖਿਨ ਮਾਹਿ ॥
ਹਰਿ ਹਰਿ ਕਥਾ ਸਾਧਸੰਗਿ ਸੁਨਾਹਿ ॥੧॥

ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ ॥
ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥੧॥ ਰਹਾਉ ॥

ਸਰਬ ਕਲਿਆਣ ਸੁਖ ਸਹਜ ਨਿਧਾਨ ॥
ਜਾ ਕੈ ਰਿਦੈ ਵਸਹਿ ਭਗਵਾਨ ॥੨॥

ਅਉਖਧ ਮੰਤ੍ਰ ਤੰਤ ਸਭਿ ਛਾਰੁ ॥
ਕਰਣੈਹਾਰੁ ਰਿਦੇ ਮਹਿ ਧਾਰੁ ॥੩॥

ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥
ਕਹੁ ਨਾਨਕ ਅਟਲ ਇਹੁ ਧਰਮੁ ॥੪॥੮੦॥੧੪੯॥

Sahib Singh
ਕੋਟਿ = ਕ੍ਰੋੜਾਂ ।
ਹਿਰੇ = ਨਾਸ ਹੋ ਜਾਂਦੇ ਹਨ ।
ਕਥਾ = ਸਿਫ਼ਤਿ = ਸਾਲਾਹ ।
ਸਾਧ ਸੰਗਿ = ਸਾਧ ਸੰਗਤਿ ਵਿਚ ।
ਸੁਨਾਹਿ = ਸੁਨਹਿ, (ਜੋ ਮਨੁੱਖ) ਸੁਣਦੇ ਹਨ ।੧ ।
ਪੀਵਤ = ਪੀਂਦਿਆਂ ।
ਰਾਮ ਰਸੁ = ਰਾਮ ਦੇ ਨਾਮ ਦਾ ਰਸ ।
ਅੰਮਿ੍ਰਤ ਗੁਣ = ਆਤਮਕ ਜੀਵਨ ਦੇਣ ਵਾਲੇ ਗੁਣ ।
ਅੰਮਿ੍ਰਤ ਜਾਸੁ = ਆਤਮਕ ਜੀਵਨ ਦੇਣ ਵਾਲਾ ਜਸ ।
ਖੁਧਿਤਾਸੁ = ਭੁੱਖ ।੧।ਰਹਾਉ ।
ਸਹਜ = ਆਤਮਕ ਅਡੋਲਤਾ ।
ਨਿਧਾਨ = ਖ਼ਜ਼ਾਨੇ ।
ਭਗਵਾਨ = ਹੇ ਭਗਵਾਨ !
    ।੨ ।
ਅਉਖਧ = ਦਵਾਈਆਂ ।
ਤੰਤ = ਟੂਣੇ ।
ਸਭਿ = ਸਾਰੇ ।
ਛਾਰੁ = ਸੁਆਹ, ਤੁੱਛ ।
ਧਾਰੁ = ਟਿਕਾ ਰੱਖ ।੩ ।
ਤਜਿ = ਤਜ ਕੇ ।
ਭਜਿਓ = ਭਜਿਆ ਹੈ, ਸਿਮਰਿਆ ਹੈ ।
ਅਟਲ = ਅ = ਟਲ, ਕਦੇ ਨ ਟਲਣ ਵਾਲਾ ।੪ ।
    
Sahib Singh
(ਹੇ ਭਾਈ!) ਪਰਮਾਤਮਾ ਦਾ ਨਾਮ-ਰਸ ਪੀਂਦਿਆਂ, ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣਾਂ ਦਾ ਜਸ ਗਾਂਦਿਆਂ, ਪਰਮਾਤਮਾ ਦੇ ਚਰਨ ਜਪ ਕੇ (ਮਾਇਆ ਦੀ) ਭੁੱਖ ਮਿਟ ਜਾਂਦੀ ਹੈ ।੧।ਰਹਾਉ ।
(ਹੇ ਭਾਈ!) ਜੇਹੜੇ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਉਹਨਾਂ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ ਕ੍ਰੋੜਾਂ ਰੁਕਾਵਟਾਂ ਇਕ ਖਿਨ ਵਿਚ ਨਾਸ ਹੋ ਜਾਂਦੀਆਂ ਹਨ ।੧ ।
ਹੇ ਭਗਵਾਨ! ਜਿਸ ਮਨੁੱਖ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ, ਉਸ ਨੂੰ ਸਾਰੇ ਸੁਖਾਂ ਦੇ ਖ਼ਜ਼ਾਨੇ ਤੇ ਆਤਮਕ ਅਡੋਲਤਾ ਦੇ ਆਨੰਦ ਮਿਲ ਜਾਂਦੇ ਹਨ ।੨ ।
(ਹੇ ਭਾਈ!) ਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖ, (ਇਸ ਦੇ ਟਾਕਰੇ ਤੇ ਹੋਰ) ਸਾਰੇ ਦਾਰੂ ਸਾਰੇ ਮੰਤਰ ਤੇ ਟੂਣੇ ਤੁੱਛ ਹਨ ।੩ ।
ਹੇ ਨਾਨਕ! ਆਖ—ਜਿਸ ਮਨੁੱਖ ਨੇ ਸਾਰੇ ਭਰਮ ਤਿਆਗ ਕੇ ਪਾਰਬ੍ਰਹਮ ਪ੍ਰਭੂ ਦਾ ਭਜਨ ਕੀਤਾ ਹੈ, (ਉਸ ਨੇ ਵੇਖ ਲਿਆ ਹੈ ਕਿ ਭਜਨ-ਸਿਮਰਨ ਵਾਲਾ) ਧਰਮ ਐਸਾ ਹੈ ਜੋ ਕਦੇ ਫਲ ਦੇਣੋਂ ਉਕਾਈ ਨਹੀਂ ਖਾਂਦਾ ।੪।੮੦।੧੪੯ ।
Follow us on Twitter Facebook Tumblr Reddit Instagram Youtube