ਗਉੜੀ ਮਹਲਾ ੫ ॥
ਅਪਨੇ ਲੋਭ ਕਉ ਕੀਨੋ ਮੀਤੁ ॥
ਸਗਲ ਮਨੋਰਥ ਮੁਕਤਿ ਪਦੁ ਦੀਤੁ ॥੧॥

ਐਸਾ ਮੀਤੁ ਕਰਹੁ ਸਭੁ ਕੋਇ ॥
ਜਾ ਤੇ ਬਿਰਥਾ ਕੋਇ ਨ ਹੋਇ ॥੧॥ ਰਹਾਉ ॥

ਅਪੁਨੈ ਸੁਆਇ ਰਿਦੈ ਲੈ ਧਾਰਿਆ ॥
ਦੂਖ ਦਰਦ ਰੋਗ ਸਗਲ ਬਿਦਾਰਿਆ ॥੨॥

ਰਸਨਾ ਗੀਧੀ ਬੋਲਤ ਰਾਮ ॥
ਪੂਰਨ ਹੋਏ ਸਗਲੇ ਕਾਮ ॥੩॥

ਅਨਿਕ ਬਾਰ ਨਾਨਕ ਬਲਿਹਾਰਾ ॥
ਸਫਲ ਦਰਸਨੁ ਗੋਬਿੰਦੁ ਹਮਾਰਾ ॥੪॥੭੯॥੧੪੮॥

Sahib Singh
ਲੋਭ ਕਉ = ਲੋਭ ਦੀ ਖ਼ਾਤਰ ।
ਕੀਨੋ = ਕੀਤਾ, ਬਣਾਇਆ ।
ਮੁਕਤਿ ਪਦੁ = ਉਹ ਆਤਮਕ ਦਰਜਾ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ।੧ ।
ਸਭੁ ਕੋਇ = ਹਰੇਕ ਜੀਵ ।
ਜਾ ਤੇ = ਜਿਸ ਤੋਂ ।
ਬਿਰਥਾ = ਖ਼ਾਲੀ ।੧।ਰਹਾਉ ।
ਸੁਆਇ = ਸੁਆਰਥ ਵਾਸਤੇ ।
ਰਿਦੈ = ਹਿਰਦੇ ਵਿਚ ।
ਬਿਦਾਰਿਆ = ਨਾਸ ਕਰ ਦਿੱਤਾ ।੨ ।
ਰਸਨਾ = ਜੀਭ ।
ਗੀਧੀ = {ਗãਘੱ—ਟੋ ਚੋਵੲਟ, ਟੋ ਦੲਸਰਿੲ} ਲਾਲਸਾ ਕਰਦੀ ਹੈ ।੩ ।
ਬਲਿਹਾਰਾ = ਕੁਰਬਾਨ ।
ਸਫਲ ਦਰਸਨੁ = ਜਿਸ ਦਾ ਦਰਸਨ ਸਾਰੇ ਫਲ ਦੇਂਦਾ ਹੈ ।੪ ।
    
Sahib Singh
(ਹੇ ਭਾਈ!) ਹਰੇਕ ਮਨੁੱਖ ਇਹੋ ਜਿਹਾ (ਇਹੋ ਜਿਹੇ ਪ੍ਰਭੂ ਨੂੰ) ਮਿੱਤਰ ਬਣਾਓ, ਜਿਸ (ਦੇ ਦਰ) ਤੋਂ ਕੋਈ ਖ਼ਾਲੀ ਨਹੀਂ ਰਹਿੰਦਾ ।੧।ਰਹਾਉ ।
(ਹੇ ਭਾਈ! ਵੇਖੋ ਗੋਬਿੰਦ ਦੀ ਉਦਾਰਤਾ!) ਭਾਵੇਂ ਕੋਈ ਮਨੁੱਖ ਆਪਣੇ ਕਿਸੇ ਲਾਲਚ ਦੀ ਖ਼ਾਤਰ ਉਸ ਨੂੰ ਮਿੱਤਰ ਬਣਾਂਦਾ ਹੈ (ਫਿਰ ਭੀ ਉਹ ਉਸ ਦੇ) ਸਾਰੇ ਮਨੋਰਥ ਪੂਰੇ ਕਰ ਦੇਂਦਾ ਹੈ (ਤੇ ਉਸ ਨੂੰ) ਉਹ ਆਤਮਕ ਅਵਸਥਾ ਭੀ ਦੇ ਦੇਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ।੧ ।
ਜਿਸ ਮਨੁੱਖ ਨੇ (ਉਸ ਗੋਬਿੰਦ ਨੂੰ) ਆਪਣੀ ਗ਼ਰਜ਼ ਵਾਸਤੇ ਭੀ ਆਪਣੇ ਹਿਰਦੇ ਵਿਚ ਲਿਆ ਟਿਕਾਇਆ ਹੈ, (ਗੋਬਿੰਦ ਨੇ ਉਸ ਦੇ) ਸਾਰੇ ਦੁੱਖ ਦਰਦ ਸਾਰੇ ਰੋਗ ਦੂਰ ਕਰ ਦਿੱਤੇ ਹਨ ।੨ ।
(ਹੇ ਭਾਈ!) ਜਿਸ ਮਨੁੱਖ ਦੀ ਜੀਭ ਗੋਬਿੰਦ ਦਾ ਨਾਮ ਉੱਚਾਰਨ ਲਈ ਤਾਂਘ ਕਰਦੀ ਹੈ, ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ।੩ ।
ਹੇ ਨਾਨਕ! (ਆਖ—) ਅਸੀ ਆਪਣੇ ਗੋਬਿੰਦ ਤੋਂ ਅਨੇਕਾਂ ਵਾਰੀ ਕੁਰਬਾਨ ਜਾਂਦੇ ਹਾਂ, ਸਾਡਾ ਗੋਬਿੰਦ ਐਸਾ ਹੈ ਕਿ ਉਸ ਦਾ ਦਰਸਨ ਸਾਰੇ ਫਲ ਦੇਂਦਾ ਹੈ ।੪।੭੯।੧੪੮ ।
Follow us on Twitter Facebook Tumblr Reddit Instagram Youtube