ਗਉੜੀ ਮਹਲਾ ੫ ॥
ਜਿਸ ਕਾ ਦੀਆ ਪੈਨੈ ਖਾਇ ॥
ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥੧॥

ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥
ਕਉਡੀ ਬਦਲੇ ਰਤਨੁ ਤਿਆਗਹਿ ॥੧॥ ਰਹਾਉ ॥

ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥
ਦਾਸਿ ਸਲਾਮੁ ਕਰਤ ਕਤ ਸੋਭਾ ॥੨॥

ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥
ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥੩॥

ਕਹੁ ਨਾਨਕ ਹਮ ਲੂਣ ਹਰਾਮੀ ॥
ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥

Sahib Singh
ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ} ।
ਪੈਨੈ = ਪਹਿਨਦਾ ਹੈ ।
ਖਾਇ = ਖਾਂਦਾ ਹੈ ।
ਕਿਉ ਬਨੈ = ਕਿਵੇਂ ਫਬ ਸਕਦਾ ਹੈ ?
    ਨਹੀਂ ਫਬਦਾ ।
ਮਾਇ = ਹੇ ਮਾਂ !
    ।੧ ।
ਬਿਸਾਰਿ = ਭੁਲਾ ਕੇ ।
ਆਨ = {ਅਂਯ} ਹੋਰ ।
ਕੰਮਿ = ਕੰਮ ਵਿਚ ।
ਲਾਗਹਿ = ਲੱਗਦੇ ਹਨ ।੧।ਰਹਾਉ ।
ਤਿਆਗਿ = ਤਿਆਗਿ ਕੇ ।
ਦਾਸਿ = ਦਾਸੀ, ਮਾਇਆ ।
ਕਤ = ਕਿੱਥੇ ?
    ।੨ ।
ਖਾਵਹਿ = ਖਾਂਦੇ ਹਨ ।
ਜਿਨਿ = ਜਿਸ (ਪ੍ਰਭੂ) ਨੇ ।
ਤਿਸਹਿ = ਉਸ (ਪ੍ਰਭੂ) ਨੂੰ ।
ਸੁਆਨ = {ਬੁਹ = ਵਚਨ} ਕੁੱਤੇ ।੩ ।
ਲੂਣ ਹਰਾਮੀ = (ਖਾਧੇ) ਲੂਣ ਨੂੰ ਹਰਾਮ ਕਰਨ ਵਾਲੇ, ਨਾ-ਸ਼ੁਕਰੇ ।
ਪ੍ਰਭ = ਹੇ ਪ੍ਰਭੂ !
    ।੪ ।
    
Sahib Singh
(ਹੇ ਭਾਈ! ਜੇਹੜੇ ਮਨੁੱਖ) ਮਾਲਕ-ਪ੍ਰਭੂ (ਦੀ ਯਾਦ) ਭੁਲਾ ਕੇ ਹੋਰ ਹੋਰ ਕੰਮ ਵਿਚ ਰੁੱਝੇ ਰਹਿੰਦੇ ਹਨ, ਉਹ ਨਕਾਰੀ ਮਾਇਆ ਦੇ ਵੱਟੇ ਵਿਚ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਲੈਂਦੇ ਹਨ ।
(ਉਹ ਰਤਨ ਤਾਂ ਸੁੱਟ ਦੇਂਦੇ ਹਨ, ਪਰ ਕਉਡੀ ਨੂੰ ਸਾਂਭਦੇ ਹਨ) ।੧।ਰਹਾਉ ।
ਹੇ ਮਾਂ! ਜਿਸ ਪਰਮਾਤਮਾ ਦਾ ਦਿੱਤਾ ਹੋਇਆ (ਅੰਨ) ਮਨੁੱਖ ਖਾਂਦਾ ਹੈ (ਦਿੱਤਾ ਹੋਇਆ ਕੱਪੜਾ ਮਨੁੱਖ) ਪਹਿਨਦਾ ਹੈ ਉਸ ਦੀ ਯਾਦ ਵਲੋਂ ਆਲਸ ਕਰਨਾ ਕਿਸੇ ਤ੍ਰਹਾਂ ਭੀ ਫਬਦਾ ਨਹੀਂ ।੧ ।
(ਹੇ ਭਾਈ!) ਪਰਮਾਤਮਾ ਨੂੰ ਛੱਡ ਕੇ ਹੋਰ (ਪਦਾਰਥਾਂ ਦੇ) ਲੋਭ ਵਿਚ ਲੱਗਿਆਂ ਤੇ (ਪਰਮਾਤਮਾ ਦੀ) ਦਾਸੀ ਮਾਇਆ ਨੂੰ ਸਲਾਮ ਕੀਤਿਆਂ ਕਿਤੇ ਭੀ ਸੋਭਾ ਨਹੀਂ ਮਿਲ ਸਕਦੀ ।੧ ।
(ਹੇ ਭਾਈ!) ਕੁੱਤੇ (ਦੇ ਸੁਭਾਅ ਵਾਲੇ ਮਨੁੱਖ) ਸੁਆਦਲੇ ਭੋਜਨ ਖਾਂਦੇ ਹਨ, ਚੰਗੇ ਚੰਗੇ ਖਾਣੇ ਖਾਂਦੇ ਹਨ, ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ, ਪਰ ਜਿਸ ਪਰਮਾਤਮਾ ਨੇ (ਇਹ ਸਾਰੇ ਪਦਾਰਥ) ਦਿੱਤੇ ਹੋਏ ਹਨ ਉਸ ਨੂੰ ਜਾਣਦੇ-ਪਛਾਣਦੇ ਭੀ ਨਹੀਂ ।੩ ।
ਹੇ ਨਾਨਕ! ਆਖ—ਹੇ ਪ੍ਰਭੂ! ਅਸੀ ਜੀਵ ਨਾ-ਸ਼ੁਕਰੇ ਹਾਂ ।
ਹੇ ਜੀਵਾਂ ਦੇ ਦਿਲ ਜਾਣਨ ਵਾਲੇ ਪ੍ਰਭੂ! ਸਾਨੂੰ ਬਖ਼ਸ਼ ਲੈ ।੪।੭੬।੧੪੫ ।
Follow us on Twitter Facebook Tumblr Reddit Instagram Youtube