ਗਉੜੀ ਮਹਲਾ ੫ ॥
ਹਰਿ ਸਿਮਰਤ ਸਭਿ ਮਿਟਹਿ ਕਲੇਸ ॥
ਚਰਣ ਕਮਲ ਮਨ ਮਹਿ ਪਰਵੇਸ ॥੧॥

ਉਚਰਹੁ ਰਾਮ ਨਾਮੁ ਲਖ ਬਾਰੀ ॥
ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ ਰਹਾਉ ॥

ਸੂਖ ਸਹਜ ਰਸ ਮਹਾ ਅਨੰਦਾ ॥
ਜਪਿ ਜਪਿ ਜੀਵੇ ਪਰਮਾਨੰਦਾ ॥੨॥

ਕਾਮ ਕ੍ਰੋਧ ਲੋਭ ਮਦ ਖੋਏ ॥
ਸਾਧ ਕੈ ਸੰਗਿ ਕਿਲਬਿਖ ਸਭ ਧੋਏ ॥੩॥

ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
ਨਾਨਕ ਦੀਜੈ ਸਾਧ ਰਵਾਲਾ ॥੪॥੭੫॥੧੪੪॥

Sahib Singh
ਸਭਿ = ਸਾਰੇ ।
ਮਿਟਹਿ = ਮਿਟ ਜਾਂਦੇ ਹਨ ।
ਚਰਣ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ ।
ਪਰਵੇਸ = ਟਿਕਾਈ ਰੱਖ ।੧ ।
ਲਖ ਬਾਰੀ = ਲੱਖਾਂ ਵਾਰੀ ।
ਪ੍ਰਭ = ਪ੍ਰਭੂ ਦਾ ।
ਪਿਆਰੀ = ਹੇ ਪਿਆਰੀ ਜੀਭ !
    ।੧।ਰਹਾਉ ।
ਸਹਜ = ਆਤਮਕ ਅਡੋਲਤਾ ।
ਜਪਿ = ਜਪ ਕੇ ।
ਜੀਵੇ = ਆਤਮਕ ਜੀਵਨ ਪ੍ਰਾਪਤ ਕਰਦੇ ਹਨ ।
ਪਰਮਾਨੰਦਾ = ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ-ਪ੍ਰਭੂ ।੨ ।
ਮਦ = ਅਹੰੰਕਾਰ ।
ਖੋਏ = ਨਾਸ ਕਰ ਲਏ ।
ਸੰਗਿ = ਸੰਗਤਿ ਵਿਚ ।
ਕਿਲਬਿਖ = ਪਾਪ ।੩ ।
ਕਰਿ ਕਿਰਪਾ = ਕਿਰਪਾ ਕਰ ।
ਪ੍ਰਭ = ਹੇ ਪ੍ਰਭੂ !
ਰਵਾਲਾ = ਚਰਨ = ਧੂੜ ।੪ ।
    
Sahib Singh
ਹੇ ਪਿਆਰੀ ਜੀਭ! ਲੱਖਾਂ ਵਾਰੀ ਪਰਮਾਤਮਾ ਦਾ ਨਾਮ ਉਚਾਰਦੀ ਰਹੁ ਤੇ ਪਰਮਾਤਮਾ ਦਾ ਆਤਮਕ ਜੀਵਨ ਵਾਲਾ ਨਾਮ-ਰਸ ਪੀਂਦੀ ਰਹੁ ।੧।ਰਹਾਉ ।
(ਹੇ ਭਾਈ!) ਆਪਣੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ ਵਸਾਈ ਰੱਖ ।
ਪਰਮਾਤਮਾ ਦਾ ਨਾਮ ਸਿਮਰਿਆਂ ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ ।੧ ।
(ਹੇ ਭਾਈ! ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਹਨ, ਉਹ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੇ ਵੱਡੇ ਸੁਖ ਆਨੰਦ ਬਣੇ ਰਹਿੰਦੇ ਹਨ ।੨ ।
(ਹੇ ਭਾਈ! ਨਾਮ-ਰਸ ਪੀਣ ਵਾਲੇ ਮਨੁੱਖ ਆਪਣੇ ਅੰਦਰੋਂ) ਕਾਮ, ਕਰੋਧ, ਲੋਭ, ਅਹੰਕਾਰ (ਆਦਿਕ ਵਿਕਾਰ) ਨਾਸ ਕਰ ਲੈਂਦੇ ਹਨ ।
ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ (ਆਪਣੇ ਮਨ ਵਿਚੋਂ) ਸਾਰੇ ਪਾਪ ਧੋ ਲੈਂਦੇ ਹਨ ।੩ ।
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮਿਹਰ ਕਰ ਤੇ ਨਾਨਕ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ ।੪।੭੫।੧੪੪ ।
Follow us on Twitter Facebook Tumblr Reddit Instagram Youtube