ਗਉੜੀ ਮਹਲਾ ੫ ॥
ਰਾਮ ਰੰਗੁ ਕਦੇ ਉਤਰਿ ਨ ਜਾਇ ॥
ਗੁਰੁ ਪੂਰਾ ਜਿਸੁ ਦੇਇ ਬੁਝਾਇ ॥੧॥

ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥
ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥

ਸੰਤਹ ਸੰਗਿ ਬੈਸਿ ਗੁਨ ਗਾਇ ॥
ਤਾ ਕਾ ਰੰਗੁ ਨ ਉਤਰੈ ਜਾਇ ॥੨॥

ਬਿਨੁ ਹਰਿ ਸਿਮਰਨ ਸੁਖੁ ਨਹੀ ਪਾਇਆ ॥
ਆਨ ਰੰਗ ਫੀਕੇ ਸਭ ਮਾਇਆ ॥੩॥

ਗੁਰਿ ਰੰਗੇ ਸੇ ਭਏ ਨਿਹਾਲ ॥
ਕਹੁ ਨਾਨਕ ਗੁਰ ਭਏ ਹੈ ਦਇਆਲ ॥੪॥੭੨॥੧੪੧॥

Sahib Singh
ਰਾਮ ਰੰਗੁ = ਪਰਮਾਤਮਾ (ਦੇ ਪਿਆਰ) ਦਾ ਰੰਗ ।
ਦੇਇ ਬੁਝਾਇ = ਸਮਝਾ ਦੇਵੇ, ਸੂਝ ਪਾ ਦੇਵੇ ।੧ ।
ਰੰਗਿ = ਪ੍ਰੇਮ = ਰੰਗ ਵਿਚ ।
ਰਾਤਾ = ਰੰਗਿਆ ਹੋਇਆ ।
ਸਾਚਾ = ਸਦਾ ਕਾਇਮ ਰਹਿਣ ਵਾਲਾ, ਪੱਕੇ ਰੰਗ ਵਾਲਾ, ਜਿਸ ਉਤੇ ਕੋਈ ਹੋਰ ਰੰਗ ਆਪਣਾ ਅਸਰ ਨਾਹ ਕਰ ਸਕੇ ।
ਬਿਧਾਤਾ = ਸਿਰਜਣਹਾਰ ।੧।ਰਹਾਉ ।
ਸੰਤਹ ਸੰਗਿ = ਸੰਤਾਂ ਦੀ ਸੰਗਤਿ ਵਿਚ ।
ਬੈਸਿ = ਬੈਠ ਕੇ ।੨ ।
ਆਨ = {ਅਂਯ} ਹੋਰ ਹੋਰ ।
ਫੀਕੇ = ਫਿੱਕੇ, ਕੱਚੇ, ਬੇ-ਸੁਆਦੇ ।੩ ।
ਗੁਰਿ = ਗੁਰੂ ਨੇ ।
ਸੇ = ਉਹ ਬੰਦੇ {ਬਹੁ = ਵਚਨ} ।
ਨਿਹਾਲ = ਪ੍ਰਸੰਨ, ਖਿੜੇ ਹੋਏ ਜੀਵਨ ਵਾਲੇ ।੪ ।
    
Sahib Singh
ਜੇਹੜਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਸ ਉਤੇ (ਮਾਇਆ ਦਾ) ਕੋਈ ਹੋਰ ਰੰਗ ਆਪਣਾ ਅਸਰ ਨਹੀਂ ਪਾ ਸਕਦਾ, ਉਹ (ਮਾਨੋ) ਗੂੜ੍ਹੇ ਲਾਲ ਰੰਗ ਵਾਲਾ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ ।੧।ਰਹਾਉ ।
(ਹੇ ਭਾਈ!) ਪਰਮਾਤਮਾ ਦੇ ਪਿਆਰ ਦਾ ਰੰਗ (ਜੇ ਕਿਸੇ ਵਡਭਾਗੀ ਦੇ ਮਨ ਉਤੇ ਚੜ੍ਹ ਜਾਏ ਤਾਂ ਫਿਰ) ਕਦੇ (ਉਸ ਮਨ ਤੋਂ) ਉਤਰਦਾ ਨਹੀਂ, ਦੂਰ ਨਹੀਂ ਹੁੰਦਾ ।੧।(ਹੇ ਭਾਈ! ਜੇਹੜਾ ਮਨੁੱਖ) ਸੰਤ ਜਨਾਂ ਦੀ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦੇ ਮਨ ਨੂੰ ਪਰਮਾਤਮਾ ਦੇ ਪਿਆਰ ਦਾ ਰੰਗ ਚੜ੍ਹ ਜਾਂਦਾ ਹੈ, ਤੇ) ਉਸ ਦਾ ਉਹ ਰੰਗ ਕਦੇ ਨਹੀਂ ਉਤਰਦਾ, ਕਦੇ ਨਹੀਂ ਲਹਿਂਦਾ ।੨ ।
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਕਦੇ ਕਿਸੇ ਨੇ) ਆਤਮਕ ਆਨੰਦ ਨਹੀਂ ਲੱਭਾ ।
(ਹੇ ਭਾਈ!) ਮਾਇਆ (ਦੇ ਸੁਆਦਾਂ) ਦੇ ਹੋਰ ਹੋਰ ਰੰਗ ਸਭ ਉਤਰ ਜਾਂਦੇ ਹਨ (ਮਾਇਆ ਦੇ ਸੁਆਦਾਂ ਤੋਂ ਮਿਲਣ ਵਾਲੇ ਸੁਖ ਹੋਛੇ ਹੁੰਦੇ ਹਨ ।੩ ।
ਹੇ ਨਾਨਕ! ਆਖ—ਜਿਨ੍ਹਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗ ਦਿੱਤਾ ਹੈ, ਉਹ ਸਦਾ ਖਿੜੇ ਜੀਵਨ ਵਾਲੇ ਰਹਿੰਦੇ ਹਨ ।੪।੭੨।੧੪੧ ।

ਨੋਟ: ਪਾਠਕ ਚੇਤੇ ਰੱਖਣ ਕਿ ਇਥੇ ਪਿਛਲੇ ਸਿਲਸਿਲੇ ਅਨੁਸਾਰ ਵੱਡਾ ਅੰਕ ੧੪੨ ਚਾਹੀਦਾ ਸੀ ।
ਗਿਣਤੀ ਵਿਚ ਇੱਕ ਦੀ ਕਮੀ ਤੁਰੀ ਆ ਰਹੀ ਹੈ ।
Follow us on Twitter Facebook Tumblr Reddit Instagram Youtube