ਗਉੜੀ ਮਹਲਾ ੫ ॥
ਕਰੈ ਦੁਹਕਰਮ ਦਿਖਾਵੈ ਹੋਰੁ ॥
ਰਾਮ ਕੀ ਦਰਗਹ ਬਾਧਾ ਚੋਰੁ ॥੧॥

ਰਾਮੁ ਰਮੈ ਸੋਈ ਰਾਮਾਣਾ ॥
ਜਲਿ ਥਲਿ ਮਹੀਅਲਿ ਏਕੁ ਸਮਾਣਾ ॥੧॥ ਰਹਾਉ ॥

ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥
ਜਮ ਪੁਰਿ ਬਾਧਾ ਚੋਟਾ ਖਾਵੈ ॥੨॥

ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥
ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥੩॥

ਅੰਤਰਿ ਸਾਚਿ ਨਾਮਿ ਰਸਿ ਰਾਤਾ ॥
ਨਾਨਕ ਤਿਸੁ ਕਿਰਪਾਲੁ ਬਿਧਾਤਾ ॥੪॥੭੧॥੧੪੦॥

Sahib Singh
    ਦੁਹਕਰਮ {ਦੁÕਕਮL} ਮੰਦੇ ਕੰਮ ।
ਹੋਰ = (ਆਪਣੇ ਜੀਵਨ ਦਾ) ਹੋਰ ਪਾਸਾ ।੧ ।
ਰਮੈ = ਸਿਮਰਦਾ ਹੈ ।
ਰਾਮਾਣਾ = ਰਾਮ ਦਾ (ਸੇਵਕ) ।
ਜਲਿ = ਜਲ ਵਿਚ ।
ਥਲਿ = ਧਰਤੀ ਵਿਚ ।
ਮਹੀਅਲਿ = ਮਹੀ ਤਲਿ—ਧਰਤੀ ਦੇ ਤਲੇ ਉਤੇ, ਪੁਲਾੜ ਵਿਚ, ਅਕਾਸ਼ ਵਿਚ ।੧।ਰਹਾਉ ।
ਬਿਖੁ = ਜ਼ਹਰ ।
ਮੁਖਿ = ਮੂੰਹ ਨਾਲ ।
ਜਮਪੁਰਿ = ਜਮ ਦੀ ਪੁਰੀ ਵਿਚ ।
ਪੁਰਿ = ਪੁਰ ਵਿਚ, ਸ਼ਹਰ ਵਿਚ ।੨ ।
ਸੰਸਾਰਿ = ਸੰਸਾਰ ਵਿਚ ।
ਹੋਹਿ = ਹੋ ਜਾਂਦੇ ਹਨ ।੩ ।
ਸਾਚਿ ਨਾਮਿ = ਸਦਾ = ਥਿਰ ਰਹਿਣ ਵਾਲੇ ਪ੍ਰਭੂ-ਨਾਮ ਵਿਚ ।
ਰਸਿ = ਰਸ ਵਿਚ ।
ਬਿਧਾਤਾ = ਸਿਰਜਣਹਾਰ ਪ੍ਰਭੂ ।੪ ।
    
Sahib Singh
(ਹੇ ਭਾਈ!) ਉਹੀ ਮਨੁੱਖ ਰਾਮ ਦਾ (ਸੇਵਕ ਮੰਨਿਆ ਜਾਂਦਾ ਹੈ) ਜੇਹੜਾ ਰਾਮ ਨੂੰ ਸਿਮਰਦਾ ਹੈ ।
(ਉਸ ਮਨੁੱਖ ਨੂੰ ਨਿਸਚਾ ਹੋ ਜਾਂਦਾ ਹੈ ਕਿ) ਰਾਮ ਜਲ ਵਿਚ, ਧਰਤੀ ਵਿਚ, ਅਕਾਸ਼ ਵਿਚ, ਹਰ ਥਾਂ ਵਿਆਪਕ ਹੈ ।੧।ਰਹਾਉ ।
(ਪਰ ਜੇਹੜਾ ਸਿਮਰਨ-ਹੀਨ ਮਨੁੱਖ ਰਾਮ ਨੂੰ ਸਰਬ-ਵਿਆਪਕ ਨਹੀਂ ਪ੍ਰਤੀਤ ਕਰਦਾ, ਉਹ ਅੰਦਰ ਲੁਕ ਕੇ) ਮੰਦੇ ਕਰਮ ਕਮਾਂਦਾ ਹੈ (ਬਾਹਰ ਜਗਤ ਨੂੰ ਆਪਣੇ ਜੀਵਨ ਦਾ) ਹੋਰ ਪਾਸਾ ਵਿਖਾਂਦਾ ਹੈ (ਜਿਵੇਂ ਚੋਰ ਸੰਨ੍ਹ ਉਤੇਫੜਿਆ ਜਾਂਦਾ ਹੈ ਤੇ ਬੱਝ ਜਾਂਦਾ ਹੈ, ਤਿਵੇਂ) ਉਹ ਪਰਮਾਤਮਾ ਦੀ ਦਰਗਾਹ ਵਿਚ ਚੋਰ (ਵਾਂਗ) ਬੰਨਿ੍ਹਆ ਜਾਂਦਾ ਹੈ ।੧ ।
(ਸਿਮਰਨ-ਹੀਨ ਰਹਿ ਕੇ ਪਰਮਾਤਮਾ ਨੂੰ ਹਰ ਥਾਂ ਵੱਸਦਾ ਨਾਹ ਜਾਣਨ ਵਾਲਾ ਮਨੁੱਖ ਆਪਣੇ ਮੂੰਹ ਨਾਲ (ਲੋਕਾਂ ਨੂੰ) ਆਤਮਕ ਜੀਵਨ ਦੇਣ ਵਾਲਾ ਉਪਦੇਸ਼ ਸੁਣਾਂਦਾ ਹੈ (ਪਰ ਉਸ ਦੇ) ਅੰਦਰ (ਵਿਕਾਰਾਂ ਦੀ) ਜ਼ਹਰ ਹੈ (ਜਿਸ ਨੇ ਉਸ ਦੇ ਆਪਣੇ ਆਤਮਕ ਜੀਵਨ ਨੂੰ ਮਾਰ ਦਿੱਤਾ ਹੈ, ਅਜਿਹਾ ਮਨੁੱਖ) ਜਮ ਦੀ ਪੁਰੀ ਵਿਚ ਬੱਝਾ ਹੋਇਆ ਚੋਟਾਂ ਖਾਂਦਾ ਹੈ (ਆਤਮਕ ਮੌਤ ਦੇ ਵੱਸ ਵਿਚ ਪਿਆ ਅਨੇਕਾਂ ਵਿਕਾਰਾਂ ਦੀਆਂ ਸੱਟਾਂ ਸਹਾਰਦਾ ਰਹਿੰਦਾ ਹੈ) ।੨ ।
(ਸਿਮਰਨ-ਹੀਨ ਮਨੁੱਖ ਪਰਮਾਤਮਾ ਨੂੰ ਅੰਗ-ਸੰਗ ਨਾਹ ਜਾਣਦਾ ਹੋਇਆ) ਅਨੇਕਾਂ ਪਰਦਿਆਂ ਪਿਛੇ (ਲੋਕਾਂ ਤੋਂ ਲੁਕਾ ਕੇ) ਵਿਕਾਰ ਕਰਮ ਕਮਾਂਦਾ ਹੈ, ਪਰ (ਉਸ ਦੇ ਕੁਕਰਮ) ਜਗਤ ਦੇ ਅੰਦਰ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ ।੩ ।
ਹੇ ਨਾਨਕ! ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜਾ ਰਹਿੰਦਾ ਹੈ, ਸਿਰਜਣਹਾਰ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ।੪।੭੧।੧੪੦ ।
Follow us on Twitter Facebook Tumblr Reddit Instagram Youtube