ਗਉੜੀ ਮਹਲਾ ੫ ॥
ਤਾ ਕਾ ਦਰਸੁ ਪਾਈਐ ਵਡਭਾਗੀ ॥
ਜਾ ਕੀ ਰਾਮ ਨਾਮਿ ਲਿਵ ਲਾਗੀ ॥੧॥

ਜਾ ਕੈ ਹਰਿ ਵਸਿਆ ਮਨ ਮਾਹੀ ॥
ਤਾ ਕਉ ਦੁਖੁ ਸੁਪਨੈ ਭੀ ਨਾਹੀ ॥੧॥ ਰਹਾਉ ॥

ਸਰਬ ਨਿਧਾਨ ਰਾਖੇ ਜਨ ਮਾਹਿ ॥
ਤਾ ਕੈ ਸੰਗਿ ਕਿਲਵਿਖ ਦੁਖ ਜਾਹਿ ॥੨॥

ਜਨ ਕੀ ਮਹਿਮਾ ਕਥੀ ਨ ਜਾਇ ॥
ਪਾਰਬ੍ਰਹਮੁ ਜਨੁ ਰਹਿਆ ਸਮਾਇ ॥੩॥

ਕਰਿ ਕਿਰਪਾ ਪ੍ਰਭ ਬਿਨਉ ਸੁਨੀਜੈ ॥
ਦਾਸ ਕੀ ਧੂਰਿ ਨਾਨਕ ਕਉ ਦੀਜੈ ॥੪॥੬੭॥੧੩੬॥

Sahib Singh
ਰਾਮ ਨਾਮਿ = ਰਾਮ ਦੇ ਨਾਮ ਵਿਚ ।
ਲਿਵ = ਲਗਨ ।੧ ।
ਮਾਹੀ = ਮਾਹਿ, ਵਿਚ ।
ਤਾ ਕਉ = ਉਸ (ਮਨੁੱਖ) ਨੂੰ ।੧।ਰਹਾਉ ।
ਨਿਧਾਨ = ਖ਼ਜ਼ਾਨੇ ।
ਕਿਲਵਿਖ = ਪਾਪ ।੨ ।
ਮਹਿਮਾ = ਵਡਿਆਈ, ਆਤਮਕ ਉੱਚਤਾ ।
ਜਨੁ = ਸੇਵਕ ।੩ ।
ਪ੍ਰਭ = ਹੇ ਪ੍ਰਭੂ !
ਬਿਨਉ = ਬੇਨਤੀ ।
ਸੁਨੀਐ = ਸੁਣ ।
ਕਉ = ਨੂੰ ।੪ ।
    
Sahib Singh
(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਿਆ ਰਹਿੰਦਾ ਹੈ, ਉਸ ਮਨੁੱਖ ਨੂੰ ਕਦੇ ਸੁਪਨੇ ਵਿਚ ਭੀ (ਕੋਈ) ਦੁੱਖ ਪੋਹ ਨਹੀਂ ਸਕਦਾ ।੧।ਰਹਾਉ ।
(ਹੇ ਭਾਈ!) ਜਿਸ ਮਨੁੱਖ ਦੀ ਲਗਨ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ, ਉਸ ਦਾ ਦਰਸਨ ਵੱਡੇ ਭਾਗਾਂ ਨਾਲ ਮਿਲਦਾ ਹੈ ।੧ ।
(ਹੇ ਭਾਈ! ਨਾਮ ਦੀ ਲਗਨ ਵਾਲੇ) ਸੇਵਕ (ਦੇ ਹਿਰਦੇ) ਵਿਚ (ਪਰਮਾਤਮਾ) ਸਾਰੇ (ਆਤਮਕ ਗੁਣਾਂ ਦੇ) ਖ਼ਜ਼ਾਨੇ ਪਾ ਰੱਖਦਾ ਹੈ ।
ਅਜੇਹੇ ਸੇਵਕ ਦੀ ਸੰਗਤਿ ਵਿਚ ਰਿਹਾਂ ਪਾਪ ਤੇ ਦੁੱਖ ਦੂਰ ਹੋ ਜਾਂਦੇ ਹਨ ।੨ ।
(ਹੇ ਭਾਈ! ਇਹੋ ਜਿਹੇ) ਸੇਵਕ ਦੀ ਆਤਮਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ ।
ਉਹ ਸੇਵਕ ਉਸ ਪਾਰਬ੍ਰਹਮ ਦਾ ਰੂਪ ਬਣ ਜਾਂਦਾ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ ।੩ ।
(ਹੇ ਨਾਨਕ! ਆਖ—) ਹੇ ਪ੍ਰਭੂ! ਮੇਰੀ ਬੇਨਤੀ ਸੁਣ, ਮਿਹਰ ਕਰ ਤੇ ਮੈਨੂੰ ਨਾਨਕ ਨੂੰ ਆਪਣੇ ਅਜੇਹੇ ਸੇਵਕ ਦੇ ਚਰਨਾਂ ਦੀ ਧੂੜ ਦੇਹ ।੪।੬੭।੧੩੬ ।
Follow us on Twitter Facebook Tumblr Reddit Instagram Youtube